ਪੌਲੀਟੈਕਨਿਕ ਕਾਲਜ ਤੇ ਖੇਡ ਸਟੇਡੀਅਮ ਤੋਂ ਵਾਂਝਾ ਹਲਕਾ ਮੁਕੇਰੀਆਂ

ਮੁਕੇਰੀਆਂ (ਸਮਾਜ ਵੀਕਲੀ):  ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਤ ਮੰਤਰੀ ਤੇ ਡਿਪਟੀ ਸਪੀਕਰ ਰਹੇ ਮਰਹੂਮ ਡਾਕਟਰ ਕੇਵਲ ਕ੍ਰਿਸ਼ਨ ਕਰਕੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ। ਪਹਿਲੀ ਵਾਰ 2002 ਵਿੱਚ ਡਾ. ਕੇਵਲ ਕ੍ਰਿਸ਼ਨ ਨੂੰ ਟੱਕਰ ਦੇ ਕੇ ਦੂਜੇ ਨੰਬਰ ’ਤੇ ਰਹੇ ਭਾਜਪਾ ਆਗੂ ਅਰੁਨੇਸ਼ ਸ਼ਾਕਰ ਨੇ ਇਹ ਸੀਟ 2007 ਦੀ ਚੋਣ ’ਚ ਰਜਨੀਸ਼ ਬੱਬੀ ਨੂੰ ਹਰਾ ਕੇ ਜਿੱਤੀ ਸੀ। ਸਾਲ 2012 ’ਚ ਬੱਬੀ ਨੂੰ ਕਾਂਗਰਸ ਦੀ ਟਿਕਟ ਨਾ ਮਿਲੀ ਤਾਂ ਉਨ੍ਹਾਂ ਆਜ਼ਾਦ ਚੋਣ ਲੜਦਿਆਂ ਸੀਟ ਜਿੱਤ ਲਈ। 2017 ਵਿਚ ਬੱਬੀ ਨੇ ਮੁੜ ਕਾਂਗਰਸ ਵੱਲੋਂ ਸੀਟ ਜਿੱਤੀ। 2019 ’ਚ ਬੱਬੀ ਦੀ ਮੌਤ ਹੋਣ ਮਗਰੋਂ ਜ਼ਿਮਨੀ ਚੋਣਾਂ ਹੋਈਆਂ।

ਜ਼ਿਮਨੀ ਚੋਣਾਂ ’ਚ ਬੱਬੀ ਦੀ ਪਤਨੀ ਇੰਦੂ ਬਾਲਾ ਨੇ 53,910 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਉਨ੍ਹਾਂ ਭਾਜਪਾ ਦੇ ਜੰਗੀ ਲਾਲ ਮਹਾਜਨ ਅਤੇ ‘ਆਪ’ ਦੇ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਨੂੰ ਹਰਾਇਆ। ਭਾਜਪਾ ਤੇ ਕਾਂਗਰਸੀ ਵਿਧਾਇਕਾਂ ਦੇ ਦਾਅਵਿਆਂ ਅਨੁਸਾਰ ਹਲਕੇ ਨੂੰ ਬੁਨਿਆਦੀ ਢਾਂਚੇ ਅਧੀਨ ਮਿਲਣ ਵਾਲਾ ਸਰਕਾਰੀ ਉੱਚ ਸਿੱਖਿਆ ਤੇ ਪੌਲੀਟੈਕਨਿਕ ਕਾਲਜ, ਖੇਡ ਸਟੇਡੀਅਮ ਅਤੇ ਕੂੜਾ ਡੰਪ ਹਾਲੇ ਵੀ ਨਸੀਬ ਨਹੀਂ ਹੋਇਆ। ਸ਼ਹਿਰ ’ਚ ਲੋਕਾਂ ਨੂੰ ਲੰਮੇ ਸਮੇਂ ਤੋਂ ਸੀਵਰੇਜ ਪ੍ਰਬੰਧਾਂ ਦੀ ਘਾਟ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਇਲਾਕੇ ’ਚ ਲੱਗੇ ਕਰੱਸ਼ਰਾਂ ਦੀ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਕਾਂਗਰਸੀ ਆਗੂ ਧਰਨੇ ਲਾਉਂਦੇ ਰਹੇ ਪਰ ਕਾਂਗਰਸ ਦੀ ਸਰਕਾਰ ਵੇਲੇ ਵੀ ਗੈਰਕਾਨੂੰਨੀ ਮਾਈਨਿੰਗ ਦੀ ਰਫ਼ਤਾਰ ਨਾ ਥੰਮੀ। ਇਸ ਦਾ ਸੇਕ ਸੱਤਾਧਾਰੀ ਵਿਧਾਇਕਾਂ ਨੂੰ 2019 ਦੀ ਜ਼ਿਮਨੀ ਚੋਣ ਮੌਕੇ ਵੀ ਝੱਲਣਾ ਪਿਆ।

ਹਲਕੇ ਵਿਚ ਚੋਣਾਂ ਤੋਂ ਪਹਿਲਾਂ ਟੁੱਟੀਆਂ ਤੇ ਖਸਤਾ ਹਾਲ ਸੜਕਾਂ ਦੀ ਮੁਰੰਮਤ ਦੇ ਉਦਘਾਟਨੀ ਪੱਥਰ ਰੱਖ ਕੇ ਸ਼ੁਰੂ ਕੀਤੇ ਕੰਮ ਬਰਸਾਤ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਵਿਕਾਸ ਕਾਰਜਾਂ ਵਜੋਂ ਪਿਛਲੇ 74 ਸਾਲਾਂ ’ਚ ਗਲੀਆਂ-ਨਾਲੀਆਂ ਦਾ ਕੰਮ ਵੀ ਨੇਪਰੇ ਨਹੀਂ ਚੜ੍ਹਿਆ। ਛੱਪੜਾਂ ਦੀ ਸਫ਼ਾਈ ਸਮੇਤ ਗਲੀਆਂ ’ਚ ਟਾਈਲਾਂ ਦੇ ਨਾਂ ’ਤੇ ਹੋਏ ਭ੍ਰਿਸ਼ਟਾਚਾਰ ਦੀ ਚਰਚਾ ਹਾਲੇ ਤੱਕ ਚੱਲਦੀ ਹੈ। ਸਾਲ 2017 ’ਚ 23,126 ਵੋਟਾਂ ਨਾਲ ਜਿੱਤਣ ਵਾਲੇ ਵਿਧਾਇਕ ਬੱਬੀ ਦੇ ਪਰਿਵਾਰ ਦਾ ਨਾਂ ਨਾਜਾਇਜ਼ ਖਣਨ ਅਤੇ ਦਫ਼ਤਰੀ ਭ੍ਰਿਸ਼ਟਾਚਾਰ ਵਿੱਚ ਸਾਹਮਣੇ ਆਉਣ ਕਾਰਨ 2019 ਦੀ ਜ਼ਿਮਨੀ ਚੋਣ ਬੱਬੀ ਦੀ ਪਤਨੀ ਬੀਬੀ ਇੰਦੂ ਬਾਲਾ ਮਹਿਜ਼ 3,440 ਵੋਟਾਂ ਦੇ ਫਰਕ ਨਾਲ ਹੀ ਜਿੱਤ ਸਕੀ। ਮੌਜੂਦਾ ਚੋਣਾਂ ਵਿੱਚ ਵੀ ਅਜਿਹੇ ਪ੍ਰਚਾਰ ਦਾ ਕਾਂਗਰਸ ਨੂੰ ਨੁਕਸਾਨ ਤੇ ਵਿਰੋਧੀਆਂ ਨੂੰ ਮਿਲ ਫਾਇਦਾ ਰਿਹਾ ਹੈ। ਮਰਹੂਮ ਕੇਵਲ ਕ੍ਰਿਸ਼ਨ ਮੌਕੇ ਲੱਗੀ ਖੰਡ ਮਿੱਲ ਤੋਂ ਬਾਅਦ ਕੋਈ ਹੋਰ ਸਨਅਤ ਨਾ ਲੱਗਣ ਕਾਰਨ ਨੌਜਵਾਨਾਂ ਬੇਰੁਜ਼ਗਾਰੀ ਦਾ ਸੰਤਾਪ ਝੱਲ ਰਹੇ ਹਨ ਅਤੇ ਖੰਡ ਮਿੱਲ ਵੱਲੋਂ ਹਰ ਸਾਲ ਗੰਨੇ ਦੀ ਅਦਾਇਗੀ ਲਈ ਕੀਤੀ ਜਾਂਦੀ ਖੱਜਲ-ਖੁਆਰੀ ਕਾਰਨ ਕਿਸਾਨਾਂ ਨੂੰ ਧਰਨੇ ਲਗਾਉਣੇ ਪੈਂਦੇ ਹਨ।

ਕਾਂਗਰਸੀ ਵਿਧਾਇਕਾ ਇੰਦੂ ਬਾਲਾ ਨੇ ਕਿਹਾ ਕਿ ਸ਼ਹਿਰ ਦੇ 15 ਵਾਰਡਾਂ ਵਿੱਚ ਗਲੀਆਂ-ਨਾਲੀਆਂ ਅਤੇ ਇੰਟਰਲੌਕਿੰਗ ਦੇ ਕੰਮ ਉੱਤੇ 5.51 ਕਰੋੜ ਅਤੇ ਸੜਕਾਂ ਦੀ ਉਸਾਰੀ ਉੱਤੇ 1.17 ਕਰੋੜ ਰੁਪਏ ਖਰਚੇ ਗਏ ਹਨ। ਸ਼ਹਿਰ ਦੀਆਂ ਐੱਲਈਡੀ ਸਟਰੀਟ ਲਾਈਟਾਂ ’ਤੇ 1.15 ਕਰੋੜ, ਟਰੈਫਿਕ ਲਾਈਟਾਂ ਤੇ ਸੀਸੀਟੀਵੀ ਕੈਮਰਿਆਂ ਉੱਤੇ 48 ਲੱਖ ਅਤੇ ਟਿਊਬਵੈੱਲ ਲਗਾਉਣ ’ਤੇ 2.44 ਕਰੋੜ ਰੁਪਏ ਖਰਚੇ ਗਏ ਹਨ। ਨਵਾਂ ਫਾਇਰ ਸਟੇਸ਼ਨ ਮਨਜ਼ੂਰ ਕਰਵਾਇਆ ਗਿਆ ਹੈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਖਰੀਦਣ ਲਈ 55 ਲੱਖ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿਕਾਸ ’ਤੇ 80 ਕਰੋੜ ਅਤੇ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਸਮੇਤ ਹੋਰ ਕੰਮਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।

ਅਕਾਲੀ-ਬਸਪਾ ਉਮੀਦਵਾਰ ਸਰਬਜੋਤ ਸਾਬੀ ਨੇ ਕਿਹਾ ਕਿ ਹਲਕੇ ਦਾ ਵਿਕਾਸ ਵਿਧਾਇਕ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਕਾਂਗਰਸੀ ਵਿਧਾਇਕਾ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਅਸਫ਼ਲ ਰਹੀ ਹੈ। ਅਕਾਲੀ ਸਰਕਾਰ ਸਮੇਂ ਉਨ੍ਹਾਂ ਦੇ ਯਤਨਾਂ ਸਦਕਾ ਮਨਜ਼ੂਰ ਹੋਇਆ ਸਰਕਾਰੀ ਕਾਲਜ ਕਾਂਗਰਸ ਆਪਣੀ ਸਰਕਾਰ ਵਿੱਚ ਵੀ ਨਾ ਬਣਵਾ ਸਕੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਨੇ ਕਿਹਾ ਕਿ ਹਲਕੇ ਦੇ ਬੁਨਿਆਦੀ ਮੁੱਦੇ ਉਵੇਂ ਹੀ ਹਨ। ਵਿਕਾਸ ਸਿਰਫ ਕਾਗਜ਼ਾਂ ਵਿੱਚ ਹੀ ਹੋਇਆ ਹੈ। ਕੰਢੀ ਤੇ ਬੇਟ ਦੇ ਕਿਸਾਨਾਂ ਦੀਆਂ ਸੋਕੇ ਤੇ ਪਾਣੀ ਦੀ ਮਾਰ ਕਾਰਨ ਤਬਾਹ ਹੁੰਦੀਆਂ ਫਸਲਾਂ ਦਾ ਹੱਲ ਕੋਈ ਸਰਕਾਰ ਨਾ ਕਰ ਸਕੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWhere is equality for T’gana, asks TRS during PM’s visit
Next articleBJP, TRS in war of words after KCR ‘cold-shoulders’ PM