ਦੋਸ਼ੀਆਂ ਕੋਲੋਂ 2 ਪਿਸਟਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਬਰਾਮਦ
(ਸਮਾਜ ਵੀਕਲੀ) ਜੈਤੋ ( ਦੇਵ ਮੁਹਾਫਿਜ਼ ) – ਐਤਵਾਰ ਡੀ ਐੱਸ ਪੀ ਦਫ਼ਤਰ ਜੈਤੋ ਵਿਖੇ ਐਸ.ਪੀ. ਡੀ. ਸ੍ਰੀ ਸੰਦੀਪ ਵਡੇਰਾ ਜੀ ਨੇ ਪ੍ਰੈੱਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਕਿ ਜੈਤੋ ਵਿਖੇ ਲੁੱਟ ਖੋਹਾਂ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਸ੍ਰੀ ਮਤੀ ਪ੍ਰਗਿਆ ਜੈਨ ਜੀ ਦੇ ਨਿਰਦੇਸ਼ਾਂ ਅਨੁਸਾਰ ਫ਼ਰੀਦਕੋਟ ਪੁਲੀਸ ਟੀਮ ਨੇ ਸਫਲਤਾ ਪੂਰਵਕ ਗ੍ਰਿਫਤਾਰ ਕਰ ਲਿਆ ਹੈ।ਗ੍ਰਿਫ਼ਤਾਰ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਦੇ ਖਿਲਾਫ਼ ਪਹਿਲਾਂ ਵੀ ਚੋਰੀ, ਨਸ਼ੇ ਦੀ ਤਸਕਰੀ, ਅਸਲਾ ਐਕਟ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮੋਗਾ, ਜਲੰਧਰ ਦਿਹਾਤੀ ਅਤੇ ਫਰੀਦਕੋਟ ਵਿਖੇ ਕੁੱਲ 04 ਮੁਕੱਦਮੇਂ ਦਰਜ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਵੱਲੋਂ 02 ਦੁਕਾਨਾਂ ਤੇ ਖੋਹ ਕਰਨ ਦੀ ਨਾਕਾਮ ਕੋਸ਼ਿਸ ਕੀਤੀ ਗਈ ਹੈ। ਦੋਸ਼ੀਆ ਪਾਸੋਂ 02 ਪਿਸਟਲ .32 ਬੋਰ ਸਮੇਤ 01 ਜਿੰਦਾ ਰੌਦ ਅਤੇ ਵਾਰਦਾਤ ਦੀ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ.ਡੀ. ਡੀਲਕਸ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁਕਤਸਰ ਰੋਡ ਜੈਤੋ ਵਿਖੇ ਕਰਿਆਨੇ ਦੀ ਦੁਕਾਨ ਤੇ ਤਿੰਨ ਦੋਸ਼ੀਆਂ ਵੱਲੋਂ ਪਿਸਟਲ ਦੀ ਨੋਕ ਤੇ ਚਾਰ ਹਜ਼ਾਰ ਰੁਪਏ ਨਕਦੀ ਖੋਹਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਜਿੰਨਾਂ ਵਿਚੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਦਾ ਤੀਜਾ ਸਾਥੀ ਵੀ ਜਲਦ ਹੀ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ। ਇਸ ਮੌਕੇ ਡੀ ਐਸ ਪੀ ਅਤੇ ਐਸ ਐਚ ਓ ਜੈਤੋ ਵੀ ਹਾਜ਼ਰ ਸਨ।



