1 ਮਾਰਚ ਨੂੰ ਬਰਸੀ ‘ਤੇ ਵਿਸ਼ੇਸ਼
(ਸਮਾਜ ਵੀਕਲੀ) ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ ਹੋਏ ਸਨ । ਉਹਨਾਂ ਦੇ ਜੀਵਨ ਦਾ ਇੱਕੋ- ਇੱਕ ਨਿਸ਼ਾਨਾ ਗੁਰਮਤਿ ਪ੍ਰਚਾਰ ਸੀ । ਉਹ ਦਲੇਰ ਤੇ ਧਾਰਮਿਕ ਜੀਵਨ ਵਾਲੇ ਗੁਰਸਿੱਖ ਸਨ । ਗੁਰਮਤਿ ਦੇ ਵਿਸ਼ਵ ਵਿਆਖਿਆਕਾਰ ਤੇ ਮਹਾਨ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 1 ਜਨਵਰੀ ਸੰਨ 1934 ਈਸਵੀ ਨੂੰ ਪਿਤਾ ਸ੍ਰ: ਕਰਤਾਰ ਸਿੰਘ ਦੇ ਘਰ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿਖੇ ਹੋਇਆ । ਉਹਨਾਂ ਨੇ ਮੁਢਲੀ ਵਿੱਦਿਆ ਖ਼ਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ, ਉਪਰੰਤ ਗੌਰਮਿੰਟ ਹਾਈ ਸਕੂਲ ਵਿੱਚ ਦਾਖਲ ਹੋ ਗਏ, ਪਰ 1947 ਵਿੱਚ ਦੇਸ਼ ਦੀ ਵੰਡ ਹੋਣ ਕਾਰਨ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ । ਦੇਸ਼ ਵੰਡ ਤੋਂ ਬਾਅਦ ਗਿਆਨੀ ਜੀ ਰਾਜਸਥਾਨ ਦੇ ਜ਼ਿਲ੍ਹਾ ਬਹਾਦਰਪੁਰ ਵਿੱਚ ਅਲਵਰ ਵਿਖੇ ਵੱਸ ਗਏ ।
1952 ਵਿੱਚ ਉਹਨਾਂ ਦੇ ਪਿਤਾ ਕਰਤਾਰ ਸਿੰਘ ਦਾ ਦਿਹਾਂਤ ਹੋ ਗਿਆ । ਉਹ ਬਹੁਤ ਉਦਾਸ ਹੋ ਗਏ । ਗਿਆਨੀ ਜੀ ਰੁਚੀਆਂ ਦੀ ਪ੍ਰਬਲਤਾ ਦੇ ਕਾਰਨ ਧਾਰਮਿਕ ਸੰਤ ਬਣ ਗਏ । ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ਤੇ ਵਿਚਰਦੇ ਰਹੇ । ਉਹਨਾਂ ਨਿਰਮਲੇ ਬਾਬਾ ਗਿਆਨੀ ਬਲਵੰਤ ਸਿੰਘ ਜੀ ਪਾਸੋਂ ਬ੍ਰਹਮ ਵਿੱਦਿਆ ਹਾਸਲ ਕੀਤੀ । ਬਾਬਾ ਜੀ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ । ਉਹਨਾਂ ਦੀ ਕਥਾ ਵਿੱਚ ਏਨਾਂ ਰਸ ਸੀ ਕਿ ਸੰਗਤ ਦੂਰ-ਦੂਰ ਤੋਂ ਕਥਾ ਸੁਣਨ ਲਈ ਆਉਂਦੀ ਸੀ । ਇਹਨਾਂ ਸਤਰਾਂ ਦੇ ਲੇਖਕ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਉਹਨਾਂ ਦੀ ਕਥਾ/ ਗੁਰਮਤਿ ਵਿਚਾਰਾਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ । ਜਦੋਂ ਮਸਕੀਨ ਜੀ ਕਥਾ ਕਰਦੇ ਸਨ ਤਾਂ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰਦੀ ਸੀ । ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਵੇਕਲਾ ਸੀ । ਉਹ ਸੰਗਤ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ ਸਨ। ਮਸਕੀਨ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਨਿੱਤਨੇਮ ਕਰਦੇ, ਉਪਰੰਤ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਫਿਰ ਕੁਝ ਸਮਾਂ ਕੀਰਤਨ ਸੁਣਦੇ । ਉਹਨਾਂ ਨੂੰ ਮਸਕੀਨ ‘ਲਕਬ’ ਬਾਬਾ ਬਲਵੰਤ ਸਿੰਘ ਜੀ ਨੇ ਦਿੱਤਾ । ਉਹਨਾਂ ਸੰਗਤਾਂ ਨੂੰ ਪ੍ਰੇਰ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ । ਗੁਰਦੁਆਰਾ ਸਾਹਿਬ ਵਿੱਚ ਰਹਿਣ ਸਮੇਂ ਭਜਨ ਤੇ ਸਤਿਸੰਗ ਦਾ ਅਨੰਦ ਮਾਨਣ ਲਈ ਉਹਨਾਂ ਕੋਲ ਸੰਤ ਮਹਾਂਪੁਰਸ਼ ਆ ਕੇ ਠਹਿਰਦੇ ਸਨ । ਉਹਨਾਂ ਕੋਲ ਜੋ ਮਾਇਆ ਆਉਂਦੀ ਉਹ ਗੁਰਦੁਆਰੇ ਦੀ ਇਮਾਰਤ ਦੇ ਖ਼ਰਚ ਪੂਰੇ ਕਰਕੇ ਸਾਧੂ-ਸੰਤਾਂ ਨੂੰ ਵੰਡ ਦਿੰਦੇ ।
1958 ਵਿੱਚ ਉਹਨਾਂ ਦਾ ਵਿਆਹ ਬੀਬੀ ਸੁੰਦਰ ਕੌਰ ਨਾਲ ਹੋਇਆ । ਉਹਨਾਂ ਗ੍ਰਹਿਸਤੀ ਜੀਵਨ ਦੇ ਨਾਲ- ਨਾਲ ਪ੍ਰਚਾਰ ਕਰਨ ਦਾ ਕੰਮ ਵੀ ਜਾਰੀ ਰੱਖਿਆ। 1960 ਵਿੱਚ ਉਹਨਾਂ ਆਪਣੇ ਗ੍ਰਹਿ ਵਿਖੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ । ਅਲਵਰ ਵਿਖੇ ਗੁਰੂ ਨਾਨਕ ਪਬਲਿਕ ਸਕੂਲ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗਿਆਨੀ ਜੀ ਦੀ ਦੇਖ-ਰੇਖ ਵਿੱਚ ਚੱਲ ਰਹੇ ਸਨ । ਇਹਨਾਂ ਸਕੂਲਾਂ ਵਿੱਚ ਪੜ੍ਹਦੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀਆਂ ਦਿੰਦੇ ਸਨ । ਇਹਨਾਂ ਸਕੂਲਾਂ ਦਾ ਖ਼ਰਚਾ ਵੀ ਜ਼ਿਆਦਾ ਤੌਰ ਤੇ ਗਿਆਨੀ ਜੀ ਕਰਦੇ ਸਨ । ਅਲਵਰ ਵਿਖੇ ਮਸਕੀਨ ਜੀ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ 1, 2 ਤੇ 3 ਮਾਰਚ ਨੂੰ ਕਰਵਾਇਆ ਜਾਂਦਾ ਸੀ । ਇਸ ਸਮਾਗਮ ਵਿੱਚ ਦੂਰ-ਦੂਰ ਤੋਂ ਪੰਥ ਪ੍ਰਸਿੱਧ ਕੀਰਤਨੀਏ, ਪ੍ਰਚਾਰਕ, ਕਥਾਵਾਚਕ, ਢਾਡੀ, ਕਵੀ ਸੌ ਤੋਂ ਵੀ ਵੱਧ ਸ਼ਾਮਲ ਹੁੰਦੇ । ਮਸਕੀਨ ਜੀ ਸਭ ਨੂੰ ਸਿਰੋਪੇ ਅਤੇ ਦੁਸ਼ਾਲੇ ਭੇਟ ਕਰਦੇ ਤੇ ਹਰ ਇੱਕ ਨੂੰ ਮਾਇਆ ਦਿੰਦੇ । ਸਭ ਦਾ ਸਨਮਾਨ ਕਰਦੇ। ਇਸ ਸਮਾਗਮ ਦਾ ਅਲੌਕਿਕ ਨਜ਼ਾਰਾ ਦੇਖਣਯੋਗ ਹੁੰਦਾ ਸੀ ।
ਮਸਕੀਨ ਜੀ ਗਿਆਨ ਦੇ ਭੰਡਾਰ ਸਨ । ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਅਰਬੀ, ਫ਼ਾਰਸੀ ਭਾਸ਼ਾਵਾਂ ਦਾ ਗੂੜ੍ਹਾ ਗਿਆਨ ਸੀ । ਮਸਕੀਨ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਇਤਿਹਾਸ ਤੇ ਸਿੱਖ ਧਰਮ ਨਾਲ ਸੰਬੰਧਿਤ ਪੁਰਾਤਨ ਤੇ ਵਰਤਮਾਨ ਗ੍ਰੰਥਾਂ ਦਾ ਡੂੰਘਾ ਗਿਆਨ ਸੀ । ਉਹ ਕਥਾ ਕਰਦੇ ਸਮੇਂ ਅਨੇਕਾਂ ਹੀ ਅਰਬੀ, ਫ਼ਾਰਸੀ ਦੇ ਸ਼ੇਅਰ ਪੇਸ਼ ਕਰਕੇ ਉਹਨਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ। ਉਹਨਾਂ ਨੇ ਦਸਮ ਗ੍ਰੰਥ, ਵੇਦਾਂ, ਉਪਨਿਸ਼ਦਾਂ ਅਤੇ ਸੰਸਕ੍ਰਿਤ ਸਾਹਿਤ ਦਾ ਮੁਤਾਲਿਆ ਕੀਤਾ ਹੋਇਆ ਸੀ । ਡਾ: ਅਲਾਮਾ ਇਕਬਾਲ, ਮਿਰਜ਼ਾ ਗਾਲਬ, ਮੀਰ ਤਕੀ ਮੀਰ ਵਰਗੇ ਉਸਤਾਦ ਸ਼ਾਇਰਾਂ ਦੇ ਕਲਾਮ ਉਹਨਾਂ ਨੂੰ ਜੁਬਾਨੀ ਯਾਦ ਸਨ। ਉਹ ਸਿੱਖ ਧਰਮ ਦੇ ਐਨਸਾਈਕਲੋਪੀਡੀਆ ਸਨ । ਉਹਨਾਂ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪੂਰੇ ਸੰਸਾਰ ਵਿੱਚ ਫੈਲਾਉਣ ਲਈ ਵਰਨਣਯੋਗ ਕੰਮ ਕੀਤਾ । ਮਸਕੀਨ ਜੀ ਨੇ 50 ਸਾਲ ਤੱਕ ਦੇਸ਼ਾਂ ਵਿਦੇਸ਼ਾਂ (ਕੁਵੈਤ, ਦੁਬਈ, ਥਾਈਲੈਂਂਡ, ਨਿਊਜ਼ੀਲੈਂਡ, ਸਿੰਘਾਪੁਰ, ਕਨੇਡਾ, ਅਮਰੀਕਾ, ਜਾਪਾਨ, ਬੈਲਜੀਅਮ, ਡੈਨਮਾਰਕ, ਸਵੀਡਨ, ਹਾਲੈਂਡ, ਨੈਰੋਬੀ, ਮਲੇਸ਼ੀਆ, ਆਸਟਰੇਲੀਆ, ਈਰਾਨ, ਪਾਕਿਸਤਾਨ, ਕਤਰ, ਕੀਨੀਆ, ਬਹਿਰੀਨ) ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ । ਉਹ ਆਪਣੀ ਗੱਲ ਨੂੰ ਬਹੁਤ ਹੀ ਸਰਲ ਤੇ ਸਾਦੇ ਸ਼ਬਦਾਂ ਵਿੱਚ ਅਤੇ ਵੱਖ-ਵੱਖ ਦ੍ਰਿਸ਼ਟਾਂਤ ਤੇ ਵਾਰ-ਵਾਰ ਗੱਲ ਕਰਕੇ ਦੱਸਣ ਦੀ ਉਹਨਾਂ ਨੇ ਨਵੇਕਲੀ ਸ਼ੈਲੀ ਵਿਕਸਿਤ ਕੀਤੀ ਹੋਈ ਸੀ । ਉਹ ਇੱਕ ਗੱਲ ਨੂੰ ਵਾਰ-ਵਾਰ ਕਰਦੇ ਤਾਂ ਜੋ ਸੰਗਤਾਂ ਨੂੰ ਉਹਨਾਂ ਦਾ ਦੱਸਿਆ ਨੁਕਤਾ ਸਮਝ ਆ ਸਕੇ । ਮਸਕੀਨ ਜੀ ਜੋ ਕਹਿੰਦੇ ਉਸ ਤੇ ਅਮਲ ਵੀ ਕਰਦੇ ਸਨ । ਇਹੀ ਕਾਰਨ ਹੈ ਕਿ ਉਹਨਾਂ ਦੀ ਕਥਾ ਵਿਆਖਿਆ ਦਾ ਅਸਰ ਸੰਗਤਾਂ ਵਿੱਚ ਰਚ-ਮਿਚ ਜਾਂਦਾ ਸੀ । ਉਹਨਾਂ ਦਾ ਲਿਬਾਸ ਬਹੁਤ ਸਾਦਾ ਸੀ । ਮਸਕੀਨ ਜੀ ਦੇਸ਼-ਵਿਦੇਸ਼ ਵਿੱਚ ਪ੍ਰਚਾਰ ਕਰਨ ਲਈ ਜਿੱਥੇ ਵੀ ਜਾਂਦੇ, ਰਿਹਾਇਸ਼ ਉਹ ਆਪਣੀ ਗੁਰਦੁਆਰਾ ਸਾਹਿਬ ਹੀ ਰੱਖਦੇ ਸਨ । ਪ੍ਰਸ਼ਾਦਾ ਵੀ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਛਕਦੇ ਸਨ । ਜਦਕਿ ਕਈ ਪ੍ਰੇਮੀ ਉਹਨਾਂ ਨੂੰ ਆਪਣੇ ਘਰ ਲਿਜਾਉਣ ਲਈ ਵੀ ਜ਼ੋਰ ਪਾਉਂਦੇ ਸਨ ।
ਗਿਆਨੀ ਸੰਤ ਸਿੰਘ ਜੀ ਮਸਕੀਨ ਵੱਲੋਂ ਭਾਰਤ ਵਿੱਚ ਹਰ ਸਾਲ ਫ਼ਰੀਦਾਬਾਦ, ਆਗਰਾ, ਕਾਨਪੁਰ, ਜੈਪੁਰ, ਕੋਲਕਾਤਾ, ਮਦਰਾਸ, ਮੁੰਬਈ, ਬੰਗਲੌਰ ਆਦਿ ਥਾਵਾਂ ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ । ਮਸਕੀਨ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਤੇ ਪਟਨਾ ਸਾਹਿਬ ਵਿਖੇ, ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਦੀਵਾਲੀ ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਸੱਚ-ਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਵੇਰੇ ਸ਼ਾਮ ਕਥਾ ਅਤੇ ਗੁਰਬਾਣੀ ਦੀ ਵਿਆਖਿਆ 40 ਸਾਲ ਤੋਂ ਕਰਦੇ ਰਹੇ ਸਨ । ਉਹਨਾਂ ਨੇ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਕਦੇ ਵੀ ਕੋਈ ਭੇਟਾ ਨਹੀਂ ਲਈ ਸੀ । ਮਸਕੀਨ ਜੀ ਜਿੱਥੇ ਚੰਗੇ ਬੁਲਾਰੇ ਸਨ, ਉੱਥੇ ਉਹ ਕਲਮ ਦੇ ਧਨੀ ਵੀ ਸਨ । ਉਹਨਾਂ ਨੇ ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ, ਬ੍ਰਹਮ-ਗਿਆਨ, ਤੀਜਾ ਨੇਤਰ, ਪੰਜ ਤਤ, ਧਰਮ ਤੇ ਮਨੁੱਖ, ਮਸਕੀਨ ਜੀ ਦੇ ਲੈਕਚਰ (ਮੇਰੇ ਲੈਕਚਰ), ਜੀਵਨ ਬਿਰਤਾਂਤ ਸਮੇਤ ਇੱਕ ਦਰਜਨ ਤੋਂ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ ।
ਮਸਕੀਨ ਜੀ ਦੇ ਲੈਕਚਰ ਕੈਸਿਟਾਂ ਅਤੇ ਸੀਡੀਜ ਰਾਹੀਂ ਵੀ ਮਾਰਕੀਟ ਵਿੱਚ ਉਪਲਬਧ ਹਨ । ਈ.ਟੀ.ਸੀ. ਪੰਜਾਬੀ ਚੈਨਲ ਤੋਂ ਰੋਜ਼ਾਨਾ ਸਵੇਰੇ 8:30 ਵਜੇ ਤੋਂ ਲੈ ਕੇ 9 ਵਜੇ ਤੱਕ ਉਹਨਾਂ ਦੀ ਕਥਾ ਲੜੀਵਾਰ ਆਉਂਦੀ ਰਹੀ, ਜਿਸ ਦਾ ਲੱਖਾਂ ਸੰਗਤਾਂ ਨੇ ਘਰ ਬੈਠ ਕੇ, ਸੁਣ ਕੇ ਜਨਮ ਸਫਲਾ ਕੀਤਾ ਹੈ । ਅੱਜ ਵੀ ਐਮ.ਐਚ.1 ਤੇ ਹੋਰ ਪੰਜਾਬੀ ਦੇ ਕਈ ਚੈਨਲ ਕੈਸਿਟਾਂ /ਸੀਡੀਆਂ ਦੁਆਰਾ ਕਥਾ ਨੂੰ ਸਵੇਰੇ-ਸ਼ਾਮ ਪ੍ਰਸਾਰਿਤ ਕਰ ਰਹੇ ਹਨ । ਜਿਸ ਨੂੰ ਕਥਾ ਪ੍ਰੇਮੀ ਬੜੀ ਸ਼ਰਧਾ ਤੇ ਪ੍ਰੇਮ ਨਾਲ ਸੁਣਦੇ ਹਨ ।
ਮਸਕੀਨ ਜੀ ਨੂੰ ਪੰਥ ਰਤਨ ਦੀ ਉਪਾਧੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਮਾਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ । 28 ਮਾਰਚ ਸੰਨ 2005 ਈ: ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਮਸਕੀਨ ਜੀ ਨੂੰ ਗੁਰਪੁਰੀ ਪਿਆਨਾ ਕਰਨ ਉਪਰੰਤ ‘ਗੁਰਮਤਿ ਵਿੱਦਿਆ ਮਾਰਤੰਡ’ ਦੀ ਉਪਾਧੀ ਨਾਲ ਨਿਵਾਜਿਆ ਗਿਆ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਨਮਾਨ-ਪੱਤਰ, ਤਸ਼ਤਰੀ, ਸਿਰੋਪਾਓ, ਸ੍ਰੀ ਸਾਹਿਬ ਨਾਲ ਮਸਕੀਨ ਜੀ ਦੀ ਧਰਮ ਪਤਨੀ ਬੀਬੀ ਸੁੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ । ਉਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਈ ਗੁਰਦਾਸ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ।
ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ 18 ਫ਼ਰਵਰੀ 2005 ਈਸਵੀ ਦਿਨ ਸ਼ੁੱਕਰਵਾਰ ਨੂੰ 71 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ‘ਚ ਜਾ ਬਿਰਾਜੇ । ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ 20ਵੀਂ ਬਰਸੀ ਦੀ ਯਾਦ ਵਿੱਚ ਸਾਲਾਨਾ ਮਹਾਨ ਗੁਰਮਤਿ ਸਮਾਗਮ 1 ਮਾਰਚ ਦਿਨ ਸ਼ਨੀਵਾਰ ਨੂੰ ਅਲਵਰ (ਰਾਜਸਥਾਨ) ਵਿਖੇ ਮਨਾਇਆ ਜਾ ਰਿਹਾ ਹੈ । ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਢਾਡੀ, ਕਵੀ, ਸੰਤ-ਮਹਾਂਪੁਰਸ਼ ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ । ਗੁਰੂ ਕਾ ਲੰਗਰ ਅਤੁੱਟ ਵਰਤੇਗਾ ।
ਕਰਨੈਲ ਸਿੰਘ ਐੱਮ.ਏ.
# 1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ 1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ ।
Email :-karnailsinghma@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj