HOME ਨਾਮਵਰ ਕਵਿੱਤਰੀ ,ਉੱਘੀ ਰੇਡੀਓ ਅਨਾਊਂਸਰ ਅਤੇ ਇਕ ਸਨਿਮਰ ਸ਼ਖਸੀਅਤ “ਛਿੰਦਰ ਕੌਰ ਸਿਰਸਾ”

ਨਾਮਵਰ ਕਵਿੱਤਰੀ ,ਉੱਘੀ ਰੇਡੀਓ ਅਨਾਊਂਸਰ ਅਤੇ ਇਕ ਸਨਿਮਰ ਸ਼ਖਸੀਅਤ “ਛਿੰਦਰ ਕੌਰ ਸਿਰਸਾ”

3
ਛਿੰਦਰ ਕੌਰ ਸਿਰਸਾ
    (ਸਮਾਜ ਵੀਕਲੀ)
ਅਮਰਜੀਤ ਸਿੰਘ ਜੀਤ

‘ਚਿੜੀਆਂ ਦੀ ਚੀਂ  ਚੀਂ ਜਾਂ  ਮੋਰਾਂ  ਦੀ  ਕੂਕ।

ਨਦੀਆਂ ਦੀ ਕਲ ਕਲ ਤੇ ਵਾਅਵਾਂ ਦੀ ਸ਼ੂਕ।
ਗੀਤ ,  ਗ਼ਜ਼ਲ  ਜਾਂ ਹੁੰਦੀ  ਉਹ ਕਵਿਤਾ ਹੈ,
ਸੀਨੇ   ਚੋਂ   ਉਠਦੀ  ਹੈ  ਜਿਹੜੀ  ਵੀ ਹੂਕ।
ਇਕ ਕਵੀ ਮਨ ਬੜਾ ਹੀ ਸੂਖਮ ਤੇ ਸੰਵੇਦਨਸ਼ੀਲ ਹੁੰਦਾ ਹੈ ।ਉਹ ਹਰ ਉਸ ਪਲ ਨੂੰ ਆਪਣੀ ਪਕੜ ਚ ਲੈਣ  ਦੀ ਕੋਸ਼ਿਸ਼  ਕਰਦਾ ਹੈ ਜੋ ਚੇਤ ਜਾਂ ਅਚੇਤ ਉਸ ਨੂੰ ਛੋਹ ਜਾਂਦਾ ਹੈ।ਕਵਿਤਾ ਦੀ ਗੱਲ ਕਰੀਏ ਤਾਂ ਮਾਂ ਦੀ ਲੋਰੀ ਤੋਂ ਸ਼ੁਰੂ ਹੋ ਕੇ ਜੀਵਨ ਦੇ ਆਖਰੀ ਛਿਣ ਤਾਈਂ ਮਨੁੱਖ ਦੇ ਅੰਗ ਸੰਗ ਰਹਿੰਦੀ ਹੈ।ਕਵੀ ਲੋਕ, ਪੰਛੀਆਂ ਦੀ ਚਹਿਕ,ਫੁੱਲਾਂ ਦੀ ਮਹਿਕ ,ਰੁਮਕਦੀਆਂ ਵਾਅਵਾਂ ਦੀ ਸ਼ਾਂ ਸ਼ਾਂ ਤੇ ਵਗਦੇ ਪਾਣੀਆਂ ਦੀ ਕਲ-ਕਲ ਨਾਲ਼ ਇਕ-ਮਿਕ ਹੋ ਕੇ  ਸੁਰੀਲੀਆਂ ਕਵਿਤਾਵਾਂ ਦੀ ਸਰਵੋਤਮ ਸਿਰਜਣਾ ਕਰਦਿਆਂ  ਆਪਣੇ ਵਲਵਲੇ ਹੀ ਨਹੀਂ ਬਲਕਿ ਪੂਰੀ ਕਾਇਨਾਤ ਦੀ ਕਥਾ ਸੁਰਬੱਧ ਕਰ ਜਾਂਦੇ ਨੇ।ਅਨੇਕਾਂ ਲੇਖਕ ,ਕਵੀ ਤੇ ਸ਼ਾਇਰ ਜਿਹਨਾਂ ਨੇ  ਲੋਕ ਮਨਾਂ ਦੇ ਹਾਣ -ਪ੍ਰਵਾਨ ਦੀਆਂ ਲਿਖਤਾਂ ਰਚੀਆਂ , ਲੋਕ -ਚੇਤਿਆਂ ਚ ਸਦਾ ਲਈ ਪਰਵਾਨ ਚੜ੍ਹ ਗਏ ।ਅਜੇਹੇ ਹੀ ਕਵੀਆਂ ਤੇ ਸ਼ਾਇਰਾਂ  ‘ਚੋਂ ਇਕ ਹੈ, ਸਾਹਿਤ ਦੇ ਖੇਤਰ ਦੀ ਨਾਮਵਰ ਹਸਤਾਖ਼ਰ,ਇਕ ਸੁਰੀਲੀ ਕਲਮ ਤੇ ਉੱਘੀ ਰੇਡੀਓ ਅਨਾਊਂਸਰ  “ਛਿੰਦਰ ਕੌਰ ਸਿਰਸਾ” (ਸ਼ਿੰਦਰ )।।
     ਛਿੰਦਰ  ਕੌਰ ਸਿਰਸਾ ਦਾ ਜਨਮ ਪਿਤਾ ਸਰਦਾਰ ਬਲਦੇਵ ਸਿੰਘ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿੰਡ ਮਮੇਰਾਂ ਕਲਾਂ ਵਿਖੇ 26 ਅਗਸਤ 1975 ਨੂੰ, ਲਹਿੰਦੇ ਪੰਜਾਬ ਚੋਂ ਹਿਜ਼ਰਤ ਕਰਕੇ ਆਏ ਸੰਯੁਕਤ ਪਰਿਵਾਰ ਵਿਚ ਹੋਇਆ। ਉਹ ਦੱਸਦੀ ਹੈ ਕਿ ਬਚਪਨ ਤੋਂ ਹੀ ਉਹ ਆਪਣੀ ਦਾਦੀ ਮਾਂ ਦੇ ਬਹੁਤ  ਨੇੜੇ ਰਹੀ ਹੈ। ਇਸ ਕਰਕੇ ਉਸਦਾ ਮੰਨਣਾ ਹੈ ਕਿ ਸ਼ਬਦਾਂ ਦੀ ਗੁੜ੍ਹਤੀ ਵੀ ਉਸ ਨੂੰ ਆਪਣੀ ਦਾਦੀ ਕੋਲੋਂ ਹੀ ਮਿਲੀ ਹੈ।। ਉਸਦੀ ਦਾਦੀ ਦੇ ਮਨ ਵਿੱਚ ਆਪਣੇ ਪਿਛਲੇ ਪਿੰਡ ਗੁੱਜਰਾਂਵਾਲਾ  ਪ੍ਰਤੀ ਹੇਰਵਾ ਤੇ ਉਦਰੇਵਾਂ ਬਣਿਆ ਰਿਹਾ। ਘਰ ਵਿੱਚ ਨਿੱਤ ਹੀ ਪਿਛਲੇ ਪਿੰਡ ਦੀਆਂ ਗੱਲਾਂ ਚਲਦੀਆਂ, ਇਕ ਪੀੜ ਤੇ ਕਸਕ ਦਾ ਮਾਹੌਲ ਬਣ ਜਾਂਦਾ ਰਿਹਾ।।ਉਸਦੀ ਦਾਦੀ ਆਪਣੇ ਪਿੰਡ ਗੁੱਜਰਾਂਵਾਲਾ ਲਈ ਤਰਸਦੀ ਹੀ ਇਸ ਜਹਾਨੋਂ ਕੂਚ ਕਰ ਗਈ।ਕਿਸੇ ਹਿਜ਼ਰਤ ਕਰਨ ਵਾਲੇ ਪਰਿਵਾਰ ਨੂੰ ਮੁੜ ਵਸੇਵੇ ਲਈ  ਜੋ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ  ਛਿੰਦਰ ਦੇ ਪਰਿਵਾਰ ਹਿੱਸੇ ਵੀ ਉਹ ਆਈਆਂ ਸਨ ,ਇਸ ਮਾਹੌਲ ਨੇ ਛਿੰਦਰ ਦੇ ਬਾਲ ਮਨ ਤੇ ਗਹਿਰਾ ਅਸਰ ਕੀਤਾ,ਇਹਨਾਂ ਪੀੜਾਂ ਚੋਂ ਜਨਮ ਹੋਇਆ ਹੈ ਛਿੰਦਰ ਵਿਚਲੀ ਕਵਿੱਤਰੀ ਦਾ।ਉਹ ਦੱਸਦੀ ਹੈ ਕਿ  ਬਚਪਨ ਵਿੱਚ  ਉਹ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਪੜ੍ਹਨ ਲੱਗ ਪਈ ਸੀ, ਜਿਹਨਾਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਪਹਿਲੀ ਕਵਿਤਾ ਅੱਲ੍ਹੜ ਉਮਰੇ ਦਸਵੀਂ ਜਮਾਤ ਚ ਪੜ੍ਹਦਿਆਂ ਲਿਖੀ ਸੀ ਤੇ ਫਿਰ ਉਸਨੇ ਕਾਲਜ ਵਿੱਚ ਪਹੁੰਚਦਿਆਂ ਐਮ ਏ ਕਰਨ ਤੱਕ ਅਨੇਕਾਂ ਕਵਿਤਾਵਾਂ ਦੀ ਸਿਰਜਣਾ ਕੀਤੀ।
ਉਹ ਕਹਿੰਦੀ ਹੈ “ਕਵਿਤਾ ਮੈਨੂੰ ਆਉਂਦੇ ਜਾਂਦੇ ਸਾਹਾਂ ਵਾਗ ਜਾਪਦੀ ਹੈ, ਕਾਵਿ-ਕਿਰਤ ਨਾਲ ਜੁੜ ਇੰਝ ਲੱਗਦਾ ਹੈ ਜਿਵੇਂ ਸਾਰੇ ਦੁੱਖ -ਦਰਦ ਕਲਮ ਦੇ ਹਵਾਲੇ ਕਰਦਿਆਂ ਮੇਰੀ ਜ਼ੁਬਾਨ ਦੇ ਰੋਜ਼ੇ ਖੁੱਲ ਗਏ ਹੋਣ” ,ਇਕ ਵਕਤ ਉਹ ਵੀ ਹੁੰਦਾ ਹੈ ਕਵਿਤਾ ਜਦੋਂ ਅੰਦਰਲੀ ਟੁੱਟ-ਭੱਜ ਵਰਗੀ ਹੁੰਦੀ ਹੈ, ਪਰ ਹੌਲੀ ਹੌਲੀ ਬੁੱਲ੍ਹੇ ਵਾਂਗ ਜਦੋਂ ਇਸ਼ਕ ਦੇ ਅਰਥ ਸਮਝ ਆਉਂਦੇ ਹਨ ਤਾਂ ਇਸ਼ਕ ਦੇ ਹਰਫ਼ ਵੀ ਸਹਿਜ ਜਾਪਦੇ ਹਨ “
ਥਲ ਕੰਡਿਆਲ਼ੇ
ਵਹਿਣ ਪਿਆਸੇ
ਨਾ ਪਿੰਡਾ ਆਪਣਾ ਲੂਹ।
ਫ਼ਕੀਰਾਂ ਵਾਂਗ
ਨੀ ਫਿਰਦੀਏ ਜਿੰਦੇ
ਤੇਰੀ ਮਿਲੇ ਕਤੇਬੋਂ ਸੂਹ।
ਅਜ਼ਾਨੀ ਅਰਦਾਸੀਂ
ਦੱਸ ਉਸਨੂੰ
ਮੱਸਿਆ ਤਪੱਸਿਆ ਤੂੰ ਹੀ।                                            ਉਹ ਜ਼ਿਆਦਾਤਰ ਖੁੱਲ੍ਹੀ ਕਵਿਤਾ ਲਿਖਦੀ ਹੈ। ਉਸਦੀ ਲੇਖਣੀ ਮੈਂ ਤੋਂ ਪਰੇ ਤੱਕ ਦੀ ਗੱਲ ਕਰਦੀ ਹੈ। ਜਿਵੇਂ ਕਿ ਅਕਸਰ ਹੁੰਦਾ ਹੈ ਜੇ ਇਸ਼ਕ ਮਜਾਜੀ  ਪਹਿਲੀਆਂ ਲਿਖਤਾਂ ਦਾ ਸ਼ਿੰਗਾਰ ਬਣਦਾ ਹੈ ਤਾਂ ਇਸ਼ਕ ਹਕੀਕੀ ਪ੍ਰੋੜ੍ਹ ਲੇਖਣੀ ਦਾ ਮਿਆਰ ਹੁੰਦਾ ਹੈ। ਸ਼ਿੰਦਰ ਦੀਆਂ ਲਿਖਤਾਂ ਜਿੱਥੇ ਪਿਆਰ ਮੁਹੱਬਤ ਚ ਗੜੁੱਚ ਹੁੰਦੀਆਂ ਹਨ ਉੱਥੇ ਉਹਨਾਂ ਵਿੱਚ ਮਾਂ ਬੋਲੀ ਪੰਜਾਬੀ ਲਈ ਹੇਜ,ਪਰਵਾਸ ਦੀਆਂ ਤਲਖ ਹਕੀਕਤਾਂ ਅਤੇ ਮਨੁੱਖੀ ਰਿਸ਼ਤਿਆਂ ਵਿਚ ਵਧਦੀ ਜਾ ਰਹੀ ਟੁੱਟ-ਭੱਜ ਪ੍ਰਤੀ ਇਕ ਚਿੰਤਾ ਵੀ ਹੁੰਦੀ ਹੈ । ਇਨਸਾਨੀ ਕਦਰਾਂ ਕੀਮਤਾਂ ਦੀ ਗੱਲ ਕਰਦਿਆਂ ਉਹ ਆਪਣੀਆਂ ਲਿਖਤਾਂ ਰਾਹੀਂ  ਸੋਹਣਾ ਤੇ ਨਰੋਇਆ ਸਮਾਜ ਸਿਰਜਣ ਲਈ  ਚਿੰਤਨ ਕਰਦੀ ਹੈ।ਉਸਦੀ ਰਚਨਾ ਕਿਧਰੇ ਵੀ ਕਿਸੇ ਤਰ੍ਹਾਂ ਦੇ ਵਾਦ ਪ੍ਰਤੀ ਉਲਾਰ ਨਹੀਂ ਜਾਪਦੀ ਪਰ ਕਿਤੇ ਕਿਤੇ ਥੋੜੀ ਬਹੁਤੀ ਨਾਬਰੀ ਦੀ ਝਲਕ ਜਰੂਰ ਪੈਂਦੀ ਹੈ ,ਇਹ ਹੋਣੀ ਵੀ ਚਾਹੀਦੀ ਹੈ ਕਿਉਂ ਕਿ ਲੇਖਕ ਲੋਕ ਜ਼ਿਹਨੀ ਤੌਰ ਤੇ ਚੇਤਨ ਹੁੰਦੇ ਨੇ ਉਹ ਹਰ ਉਸ ਗਲਤ ਪ੍ਰਥਾ ਪ੍ਰਤੀ ਆਪਣਾ ਵਿਰੋਧ ਤਾਂ ਦਰਜ ਕਰਾ ਹੀ ਦਿੰਦੇ ਹਨ ਜਿਸ ਨੂੰ ਉਹ ਸਵੀਕਾਰ ਨਾ ਕਰ ਸਕਦੇ ਹੋਣ।ਇਹੀ ਤਰਜ ਤੇ ਤਰਕ ਛਿੰਦਰ ਦੀਆਂ  ਰਚਨਾਵਾਂ ਨੂੰ ਹੋਰ ਵੀ ਮੁੱਲਵਾਨ ਬਣਾ ਦਿੰਦਾ ਹੈ।
ਹੁਣ ਤੱਕ ਉਹ ਛੇ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ।ਜਿਹਨਾਂ ਵਿੱਚ ‘ਖਿਆਲ ਉਡਾਰੀ’ , ‘ਇਹ ਸਦੀ ਵੀ ਤੇਰੇ ਨਾਉਂ’ , ‘ਭਰ ਜੋਬਨ ਬੰਦਗੀ’ , ‘ਯਾਰੜਿਆ ‘ ਚਾਰ ਪੰਜਾਬੀ ਕਾਵਿ-ਸੰਗ੍ਰਹਿ  , ‘ਤੁਮ ਤੋ ਪੁਰਸ਼ ਹੋ ਨਾ’  ਇਕ ਹਿੰਦੀ ਕਾਵਿ-ਸੰਗ੍ਰਹਿ ਅਤੇ ਆਪਣੇ ਪਹਿਲੇ ਸਾਹਿਤਕ ਟੂਰ ਉਪਰੰਤ ਲਿਖਿਆ ਇਕ ਸਫ਼ਰਨਾਮਾ ‘ ਕੈਨੇਡਾ ਦੇ ਸੁਪਨਮਈ ਦਿਨ ‘ ਆਦਿ ਸ਼ਾਮਲ ਹਨ।
  ਬਤੌਰ ਇਕ ਰੇਡੀਓ ਅਨਾਊਂਸਰ ਉਹ ਸਿਰਸਾ ਰੇਡੀਓ ਸਟੇਸ਼ਨ ਤੋਂ ਅਨੇਕਾਂ ਕਵੀਆਂ ,ਲੇਖਕਾਂ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂ-ਬ-ਰੂ  ਕਰ ਚੁੱਕੀ ਹੈ। ਜਿੱਥੇ ਉਹ ਦੂਜੇ ਲੇਖਕਾਂ ਨੂੰ ਪਾਠਕਾਂ ਤੇ ਸਰੋਤਿਆਂ ਦੇ ਰੂਬਰੂ ਕਰਦੀ ਹੈ ਉੱਥੇ ਉਹ ਖੁਦ  ਵੀ ਸਮੇਂ ਸਮੇਂ ਦੇਸ਼ -ਵਿਦੇਸ਼ ਦੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਆਪਣੀ ਹਾਜ਼ਰੀ ਦਰਜ ਕਰਾ ਕੇ ਸਾਹਿਤ ਪ੍ਰੇਮੀਆਂ ਤੇ ਸਰੋਤਿਆਂ ਨਾਲ ਨਿਰੰਤਰ ਸਾਂਝ ਬਣਾਈ ਰੱਖਦੀ ਹੈ। ਸਾਹਿਤਕ ਮੈਗਜ਼ੀਨਾਂ ਤੇ ਉੱਚ ਮਿਆਰੀ ਅਖਬਾਰਾਂ ਦੇ ਅਦਬੀ ਅੰਕਾਂ ਵਿੱਚ ਅਕਸਰ  ਉਸਦੀਆਂ ਰਚਨਾਵਾਂ ਸ਼ਾਇਆ ਹੁੰਦੀਆਂ ਰਹਿੰਦੀਆਂ ਹਨ। ਉਸਦੀਆਂ ਕਾਵਿ-ਕਿਰਤਾਂ ਤੇ ਸਮਾਜਿਕ ਗਤੀਵਿਧੀਆਂ ਬਦਲੇ ਅਨੇਕਾਂ ਸਾਹਿਤਕ ਤੇ ਸਮਾਜ ਸੇਵੀ ਸੰਸਥਾਵਾਂ ਨੇ ਉਸ ਨੂੰ ਰੱਜਵਾਂ ਮਾਣ ਸਨਮਾਨ ਦਿੱਤਾ ਹੈ ,ਫਿਰ ਵੀ ਉਹ ਕਹਿੰਦੀ ਹੈ ਕਿ “ਲੋਕਾਂ ਵੱਲੋਂ  ਮੇਰੀਆਂ ਕਾਵਿ-ਕਿਰਤਾਂ ਨੂੰ ਜੋ ਭਰਵਾਂ ਹੁੰਗਾਰਾ ਮਿਲਦਾ ਹੈ, ਮੇਰੇ ਲਈ ਉਹ ਸਭ ਤੋਂ ਸਰਵੋਤਮ ਸਨਮਾਨ ਹੈ,ਜਿਹੜਾ ਮੇਰੀ ਰੂਹ ਨੂੰ ਵੀ ਸਕੂਨ ਦਿੰਦਾ ਹੈ”
        ਜੇ ਛਿੰਦਰ ਦੇ ਨਿੱਜ ਤੇ ਝਾਤੀ ਮਾਰੀਏ ਤਾਂ ਜਿੱਥੇ ਉਹ ਇਕ ਨਾਮਵਰ ਕਵਿੱਤਰੀ ,ਵਾਰਤਾਕਾਰ ਅਤੇ ਉੱਘੀ ਰੇਡੀਓ ਅਨਾਊਂਸਰ ਹੈ ਉੱਥੇ ਉਹ ਇਕ ਵਧੀਆ ਮਿਲਣਸਾਰ, ਮਿੱਠਬੋਲੜੀ ਤੇ ਨਿਹਾਇਤ ਹੀ ਸਨਿਮਰ ਸ਼ਖਸੀਅਤ ਹੈ। ਪੇਕਿਆਂ ਤੋਂ ਜੇ ਉਸਦੀ ਦਾਦੀ ਵੱਲੋਂ ਉਸ ਨੂੰ ਸ਼ਬਦਾਂ ਦੀ ਗੁੜਤੀ ਮਿਲੀ ਹੈ, ਤਾਂ ਉਸ ਨੂੰ ਉੱਚੀ ਤੇ ਲੰਬੀ ਸਾਹਿਤਕ ਪਰਵਾਜ਼ ਲਈ ਮਜਬੂਤ ਖੰਭ ਬਖਸ਼ੇ ਨੇ ਉਸਦੇ ਜੀਵਨ ਸਾਥੀ ‘ਮਾਸਟਰ ਕੁਲਵੰਤ ਸਿੰਘ ਹੁਰਾਂ ਨੇ’। ਅੱਜ ਕੱਲ੍ਹ ਉਹ ਆਪਣੇ ਛੋਟੇ ਜਿਹੇ ਖੁਸ਼ਹਾਲ ਪਰਿਵਾਰ ਵਿਚ ਬੇਟੇ ਮਨਮੀਤ ਸਿੰਘ ਕੈਨੇਡਾ, ਹਰਮੀਤ ਸਿੰਘ ਕੈਨੇਡਾ ਅਤੇ ਆਪਣੇ ਜੀਵਨ ਸਾਥੀ ਸਮੇਤ ਹਰਿਆਣਾ ਦੇ ਸ਼ਹਿਰ ਸਿਰਸਾ ਵਿਖੇ ਇਕ ਸੋਹਣੀ ਜ਼ਿੰਦਗੀ ਮਾਣ ਰਹੀ ਹੈ।
ਪੇਸ਼ ਹਨ ਉਸਦੀਆਂ ਕੁਝ  ਰਚਨਾਵਾਂ:
1)
ਮੈਂ ਕਦੋਂ ਚਾਹਿਆ ਸੀ ਕਿ
ਮੈਨੂੰ ਮੁਹੱਬਤ ਕਰ
ਤੇ ਮੇਰੀਆਂ ਵੱਖੀਆਂ ’ਚੋਂ
ਨਿਕਲਦੇ ਹਾਸੇ ਫੂਕ ਧਰ
ਚੱਲ ਜੋ ਹੋਣਾ ਸੀ
ਸੋ ਹੋ ਗਿਆ
ਹੁਣ ਇਕ ਕੰਮ ਕਰ
ਅਗਲੇ ਜਨਮ
ਮੈਨੂੰ ਔਰਤ ਹੋ ਕੇ ਮਿਲਣ ਦਾ।
2)
ਤੂੰ ਫ਼ਿਕਰ ਨਾ ਕਰ
ਮਾਂ ਬੋਲੀ ਦਾ
ਬਸ ਪਿਆਰ ਕਰ
ਸਤਿਕਾਰ ਦੇਅ ਇਹਨੂੰ
ਸੁਕਰਾਤੋਂ ਸਿਆਣਿਆਂ !
ਤੈਨੂੰ ਤੇ ਪਤਾ ਏ
ਕਿ ਪਿਆਰ ਤੇ ਜੰਗ
ਮਾਤ ਭਾਸ਼ਾ ‘ਚ ਹੀ
ਸੁਖਾਲੇ ਹੁੰਦੇ ਨੇ
ਜੰਗ ਆਪਾਂ ਕਰਨੀ ਨਹੀਂ
ਪਿਆਰ ਕਰਨਾ ਆਪਾਂ ਭੁੱਲਣਾ ਨਹੀਂ
ਹਾਂ ਸੱਚ
ਮਾਂ ਬੋਲੀ ਜੇ ਭੁੱਲ ਗਈ
ਮੈਂ ਤੈਨੂੰ ਪਿਆਰ ਕਿਵੇਂ ਕਰਾਂਗੀ।
3)
ਜਿਸ ਦਿਨ ਦੇ ਪਰਿੰਦੇ ਉੱਡੇ
ਨੀ ਮੈਂ ਢਾਕਾਂ ਨਾਲ ਬੰਨ੍ਹ ਲਈਆਂ ਟਾਹਣੀਆਂ…
……….
ਢਲਦੀ ਉਮਰ ਵਿੱਚ
ਚੜ੍ਹਦੀ ਜਵਾਨੀ ਦੇ ਪਰਛਾਵੇਂ ਨਹੀਂ ਭੁੱਲਦੇ
ਜਵਾਨ ਹੋਏ ਪੁੱਤਰਾਂ ‘ਚੋਂ
ਆਪਣਾ ਅਕਸ ਨਜ਼ਰ ਆਉਂਦਾ ਹੈ….
 ਅੰਤ ਵਿਚ ਮੈਂ ਕਾਮਨਾ ਕਰਦਾ ਹਾਂ ਕਿ ਛਿੰਦਰ ਕੌਰ ਸਿਰਸਾ ਆਪਣੇ ਸਾਹਿਤਕ ਸਫਰ ਨੂੰ ਮੁਸਲਸਲ ਜਾਰੀ ਰੱਖਦਿਆਂ  ਆਪਣੇ ਯਥਾਯੋਗ ਯੋਗਦਾਨ ਰਾਹੀਂ  ਸਾਹਿਤ ਦੇ ਖੇਤਰ  ਨੂੰ ਹੋਰ ਵੀ ਅਮੀਰ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੀ  ਰਹੇਗੀ।
ਆਮੀਨ!
ਅਮਰਜੀਤ ਸਿੰਘ ਜੀਤ
9417287122
Previous articlePropaganda against Valmiki Ji
Next articleਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰਿਯਮ ਨਵਾਜ਼: ਇੱਕ ਇਤਿਹਾਸਕ ਯਾਤਰਾ