“ਤੂੰਬੀ ਦਾ ਜਨਮ ਦਾਤਾ ਫ਼ਕੀਰ ਗਾਇਕ ਯਮਲਾ ਜੱਟ”

(ਸਮਾਜ ਵੀਕਲੀ)

ਕੋਈ ਵਕਤ ਸੀ ਜਦੋਂ ਪੰਜਾਬ ਦੇ ਕਿਸੇ ਵੀ ਘਰ ਖੁਸ਼ੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਸਵੇਰੇ ਛੱਤ ਤੇ ਰੱਖੇ ਸਪੀਕਰ ਤੋਂ ਯਮਲੇ ਜੱਟ ਦੇ ਧਾਰਮਿਕ ਗੀਤ ” ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਨੀਝਾਂ ਲਾ ਲਾ ਵੇਹਦੀ ਦੁਨੀਆਂ ਸਾਰੀ ਏ’ ਅਤੇ “ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ “ਦੇ ਨਾਲ ਹੁੰਦੀ ਸੀ। ਤੂੰਬੀ ਅਤੇ ਸੁਰੀਲੀ ਆਵਾਜ਼ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਇਸ ਮਹਾਨ ਗਾਇਕ ਦਾ ਜਨਮ 28 ਮਾਰਚ 1910 ਨੂੰ ਮਾਤਾ ਹਰਨਾਮ ਕੌਰ ਤੇ ਪਿਤਾ ਖਹਿਰਾ ਰਾਮ ਦੇ ਘਰ ਚੱਕ ਨੰਬਰ 384 ਟੋਭਾ ਟੇਕ ਸਿੰਘ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਸੀ ।1947 ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਹਨਾਂ ਦਾ ਪੂਰਾ ਪਰਿਵਾਰ ਜਵਾਹਰ ਨਗਰ ਲੁਧਿਆਣਾ ਵਿੱਚ ਆ ਕੇ ਵੱਸ ਗਿਆ ਸੀ।

ਲਾਲ ਚੰਦ ਯਮਲਾ ਜੱਟ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਨੇ ਸੰਗੀਤ ਦਾ ਹਰ ਵੱਲ ਸਿਖਣ ਲਈ ਪੰਡਿਤ ਦਿਆਲ ਤੇ ਚੌਧਰੀ ਮਜਿਦ ਨੂੰ ਆਪਣਾ ਉਸਤਾਦ ਧਾਰਿਆ । ਲਾਲ ਚੰਦ ਯਮਲਾ ਜੱਟ ਦੇ ਗਾਣਿਆਂ ਦੀ ਪਹਿਲੀ ਰਿਕਾਰਡਿੰਗ 1952 ਨੂੰ ਐੱਚ.ਐੱਮ.ਵੀ ਕੰਪਨੀ ਨੇ ਕੀਤੀ ਸੀ । ਉਹਨਾਂ ਦੇ ਇਹ ਗਾਣੇ ਬਹੁਤ ਹੀ ਮਕਬੂਲ ਹੋਏ ਸਨ। ਲਾਲ ਚੰਦ ਯਮਲਾ ਜੱਟ ਆਪਣੀ ਤੁਰਲੇ ਵਾਲੀ ਪੱਗ ਅਤੇ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆਂ ਵਿੱਚ ਮਸ਼ਹੂਰ ਸੀ। ਇੱਕ ਤਾਰ ਉੱਤੇ ਪੋਟੇ ਲਗਾ ਕੇ ਸੱਤ ਸੁਰਾਂ ਜਗਾਣ ਦਾ ਨਵਾਂ-ਨਿਵੇਲਾ ਤਜਰਬਾ ਹਾਸਿਲ ਕਰਨਾ ਉਸਦੇ ਹੀ ਹਿੱਸੇ ਆਇਆ ਸੀ । ਜਦ ਉਹ ਤੂੰਬੀ ਟੁਣਕਾਉਂਦਾ ਸੀ ਸਰੋਤੇ ਮੰਤਰ-ਮੁਗਧ ਹੋ ਬਹਿੰਦੇ ਸਨ। ਉਸਦੀ ਆਵਾਜ਼ ਵਿੱਚ ਇੱਕ ਕਿਸਮ ਦਾ ਜਾਦੂ ਹੀ ਸੀ, ਜਦ ਉਹ ਸ਼ਬਦਾਂ ਨੂੰ ਸੁਰਾਂ ਪ੍ਰਦਾਨ ਕਰਦਾ ਸੀ ਤਾਂ ਸੰਗੀਤ ਦਾ ਇੱਕ ਅਲੌਕਿਕ ਨਜ਼ਾਰਾ ਬੱਝਾ ਹੋਇਆ ਸਾਹਮਣੇ ਆ ਖਲੋਂਦਾ ਸੀ ।

ਸਟੇਜ ਦੇ ਉੱਪਰ ਖਲੋਤਾ ਯਮਲਾ ਜੱਟ ਜਦ ਆਪਣੇ ਸਾਹਮਣੇ ਹਜ਼ਾਰਾਂ ਲੋਕਾਂ ਦੇ ਹਜੂਮ ਨੂੰ ਦੇਖਦਾ ਸੀ ਤਾਂ ਉਸਦੀ ਰੂਹ ਨਸ਼ਿਆ ਜਾਂਦੀ, ਜਦ ਉਹ ਗਾਉਂਦਾ-ਗਾਉਂਦਾ ਲੋਕਾਂ ਨਾਲ ਗੱਲਾਂ ਕਰਦਾ ਤਾਂ ਇੱਕ ਪਲ ਇਉਂ ਲੱਗਣ ਲੱਗ ਪੈਂਦਾ, ਜਿਵੇਂ ਕੋਈ ਫ਼ਕੀਰ ਗੁਮੰਤਰੀ ਵਿਖਿਆਨ ਕਰ ਰਿਹਾ ਹੋਵੇ। ਯਮਲਾ ਜੱਟ ਦੇ ਉਸ ਵੇਲੇ ਦੇ ਮਕਬੂਲ ਹੋਏ ਗਾਣੇ ਹੁਣ ਵੀ ਲੋਕਾਂ ਲਈ ਸਦਾਬਹਾਰ ਹਨ

‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਏ’,
‘ਜੰਗਲ ਦੇ ਵਿੱਚ ਖੂਹਾ ਲੁਆ ਦੇ, ਉੱਤੇ ਪੁਦਾ ਦੇ ਡੋਲ, ਸਖੀਆਂ ਨਾਮ ਸਾਂਈਂ ਦਾ ਬੋਲ’,
‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ,ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ’,
‘ਖੇਡਣ ਦੇ ਦਿਨ ਚਾਰ ਜਵਾਨੀ ਫੇਰ ਨ੍ਹੀਂ ਆਉਣੀ’,
‘ਯਮਲਿਆ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ’,
‘ਇੱਕਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ’,
‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’

ਯਮਲੇ ਜੱਟ ਨੂੰ ਤੂੰਬੀ ਦਾ ਜਨਮਦਾਤਾ ਆਖਿਆ ਜਾਂਦਾ ਹੈ ਉਹ ਇੱਕ ਤਾਰ ਉੱਤੇ ਸੱਤ ਸੁਰਾਂ ਜਗਾਣ ਦੀ ਕਲਾਂ ਜਾਣਦਾ ਸੀ। ਉਸ ਵੇਲੇ ਵੱਡੇ-ਵੱਡੇ ਸਾਜ਼ ਨਹੀਂ ਹੁੰਦੇ ਸਨ ਯਮਲੇ ਜੱਟ ਵਲੋਂ ਸਿਰਫ਼ ਘੜਾ, ਢੋਲਕੀ, ਹਰਮੋਨੀਅਮ ਅਤੇ ਤੂੰਬੀ ਨਾਲ ਸਾਫ਼-ਸੁਥਰੇ ਅਤੇ ਸਮਾਜਿਕ ਸਿੱਖਿਆ ਵਾਲੇ ਗੀਤ ਗਾਏ ਜਾਂਦੇ ਸਨ, ਪਰ ਅੱਜ ਕੱਲ੍ਹ ਕੁਝ ਲੋਕ ਇਸ ਤੂੰਬੀ ਉੱਤੇ ਲੱਚਰ ਕਿਸਮ ਦੇ ਗੀਤ ਗਾ ਕੇ ਇਸ ਸਾਜ਼ ਦਾ ਗਲਤ ਇਸਤੇਮਾਲ ਕਰ ਰਹੇ ਹਨ । ਲਾਲ ਚੰਦ ਯਮਲਾ ਜੱਟ ਜੀ ਨੇ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਨਾਲ ਕੁਝ ਦੋਗਾਣੇ ਵੀ ਰਿਕਾਰਡ ਕਰਵਾਏ, ਜੋ ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਸਨ- – ਜਗਤੇ ਨੂੰ ਛੱਡ ਕੇ ਤੂੰ ਭਗਤੇ ਕਰ ਲੈ – ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ । ਲਾਲ ਚੰਦ ਯਮਲਾ ਜੱਟ ਜੀ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਏ ਜਿਵੇਂ ਕਿ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਗੋਲ਼ਡ ਮੈਡਲ 1956 ਵਿੱਚ ਮਿਲਿਆ ਅਤੇ

1989 ਵਿੱਚ ਨੈਸ਼ਨਲ ਅਕੈਡਮੀ ਡਾਂਸ ਤੇ ਡਰਾਮਾ ਦੁਆਰਾ ਲਾਈਫ ਟਾਈਮ ਅਚੀਵਮੈਂਟ। ਉਹ ਆਪਣੀ ਕਲਾ ਦੇ ਜੌਹਰ ਵਿਖਾਉਣ ਕੈਨੇਡਾ, ਇੰਗਲੈਂਡ ਆਦਿ ਕਈ ਦੇਸ਼ਾਂ ਵਿੱਚ ਵੀ ਗਏ। ਅਗਰ ਉਨ੍ਹਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਲਾਲ ਚੰਦ ਯਮਲਾ ਜੱਟ ਦੇ ਪੰਜ ਪੁੱਤਰ ਹੋਏ ਕਰਤਾਰ ਚੰਦ, ਜਸਵਿੰਦਰ ਯਮਲਾ (ਹੁਣ ਮਰਹੂਮ), ਸਵਰਗੀ ਜਸਦੇਵ ਯਮਲਾ (ਹੁਣ ਮਰਹੂਮ) , ਜਗਦੀਸ਼ ਯਮਲਾ (ਹੁਣ ਮਰਹੂਮ) ਤੇ ਜਗਵਿੰਦਰ ਕੁਮਾਰ । ਸੰਤੋਸ਼ ਰਾਣੀ ਤੇ ਸਰੂਪ ਰਾਣੀ ਦੋ ਧੀਆਂ। ਆਪਣੇ ਪਿਤਾ ਦੀ ਸੰਗੀਤ ਪ੍ਰੰਪਰਾ ਨੂੰ ਜਸਦੇਵ ਯਮਲਾ ਤੇ ਅਤੇ ਸੁਪਤਨੀ ਸਰਬਜੀਤ ਕੌਰ ਅਤੇ ਕਰਤਾਰ ਚੰਦ ਦਾ ਸਪੁੱਤਰ ਸੁਰੇਸ਼ ਯਮਲਾ ਅੱਗੇ ਤੋਰ ਰਹੇ ਹਨ। ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ ਆਦਿ ਯਮਲਾ ਜੀ ਦੇ ਅਨੇਕਾਂ ਹੀ ਸ਼ਾਗਿਰਦ ਹੋਏ ਹਨ। ਇੱਕ ਰਾਤ ਲਾਲ ਚੰਦ ਯਮਲਾ ਜੱਟ ਆਪਣੇ ਘਰ ਵਿਖੇ ਫ਼ਰਸ਼ ‘ਤੇ ਪੈਰ ਤਿਲ੍ਹਕ ਜਾਣ ਕਾਰਨ ਡਿੱਗ ਪਏ, ਉਨ੍ਹਾਂ ਦੇ ਚੂਲੇ ਉੱਪਰ ਸਖ਼ਤ ਸੱਟ ਲੱਗ ਗਈ, ਸਿੱਟੇ ਵਜੋਂ ਉਹਨਾਂ ਦੀ ਸਿਹਤ ਦਿਨੋਂ-ਦਿਨ ਮਾੜੀ ਹੁੰਦੀ ਗਈ ।

ਉਸ ਸਮੇਂ ਪੰਜਾਬ ਦੇ ਗਵਰਨਰ ਸ੍ਰੀ ਸੁਰਿੰਦਰ ਨਾਥ ਨੇ ਉਹਨਾਂ ਦੇ ਘਰ ਜਾ ਕੇ ਹਾਲ-ਚਾਲ ਵੀ ਪੁੱਛਿਆ ਤੇ ਗਿਆਰਾਂ ਹਜ਼ਾਰ ਰੁਪੈ ਦੀ ਆਰਥਿਕ ਸਹਾਇਤਾ ਵੀ ਭੇਂਟ ਕੀਤੀ । ਯਮਲਾ ਜੱਟ ਸਾਰੀ ਉਮਰ ਆਪਣੇ ਘਰ ਫ਼ੋਨ ਨਾ ਲੁਆ ਸਕਿਆ ਤੇ ਖ਼ਰੀਦੀ ਹੋਈ ਕਾਰ ਮੁੜ ਵੇਚ ਦਿੱਤੀ । ਉਹ ਆਪਣੇ ਬੱਚਿਆਂ ਨੂੰ ਵੀ ਉੱਚ-ਵਿੱਦਿਆ ਨਾ ਦਿਵਾ ਸਕਿਆ, ਮੁੱਖ ਤੌਰ ‘ਤੇ ਸੰਗੀਤ ਨੂੰ ਹੀ ਸਮਰਪਿਤ ਸੀ । 20 ਦਸੰਬਰ 1991 ਦੀ ਰਾਤ ਲਾਲ ਚੰਦ ਯਮਲਾ ਜੱਟ ਨੇ ਮੋਹਨ ਦੇਵੀ ਓਸਵਾਲ ਹਸਪਤਾਲ ਲੁਧਿਆਣਾ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ । ਯਮਲਾ ਜੱਟ ਦੀ ਮੌਤ ਨਾਲ ਪੰਜਾਬ ਵਿੱਚ ਸਾਫ਼-ਸੁਥਰੀ, ਰਵਾਇਤੀ ਤੇ ਲੋਕ ਸਭਿਆਚਾਰਕ ਗਾਇਨ ਕਲਾ ਨੂੰ ਅਮੁੱਕ ਘਾਟਾ ਪਿਆ ਹੈ। ਪੰਜਾਬ ਵਿੱਚ ਅੱਜ ਵੀ ਉਨ੍ਹਾਂ ਦੇ ਗਾਣਿਆਂ ਨੂੰ ਪਸੰਦ ਕੀਤਾ ਜਾਂਦਾ ਹੈ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਗ਼ੀ ਔਰਤਾਂ
Next articleਮਿੱਠੜਾ ਕਾਲਜ ਦਾ ਬੀ ਸੀ ਏ ਭਾਗ ਦੂਜਾ ਦਾ ਨਤੀਜਾ 100 ਫੀਸਦੀ ਰਿਹਾ