ਬੰਗਾ (ਸਮਾਜ ਵੀਕਲੀ): ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਧਾਨ ਸਭਾ ਹਲਕਾ ਬੰਗਾ (ਰਾਖਵਾਂ) ਵਿੱਚ ਪੈਂਦਾ ਹੈ। ਸਮੇਂ ਦੀਆਂ ਸਰਕਾਰਾਂ ਨੇ ਹਲਕੇ ਦੇ ਲੋਕਾਂ ਦੀਆਂ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਸਬ ਡਵੀਜ਼ਨ ਦਾ ਦਰਜਾ ਮਿਲਣ ਮਗਰੋਂ ਵੀ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ। ਹਲਕਾ ਬੰਗਾ ਦੇ ਵੋਟਰਾਂ ਨੇ ਹਰ ਪਾਰਟੀ ਨੂੰ ਵਿਧਾਇਕ ਬਣਾਉਣ ਦਾ ਮੌਕਾ ਦਿੱਤਾ ਪਰ ਇਹ ਮੌਕਾ ਜਾਂ ਤਾਂ ਵਿਰੋਧੀ ਧਿਰ ਦੇ ਹਿੱਸੇ ਆਇਆ ਜਾਂ ਫਿਰ ਜਿੱਤਣ ਮਗਰੋਂ ਵਿਧਾਇਕ ਆਪਣੀ ਪਾਰਟੀ ਛੱਡ ਗਏ। ਇਸ ਵਰਤਾਰੇ ਨੇ ਹਲਕੇ ਦੇ ਵਿਕਾਸ ਦੀ ਗੱਡੀ ਰੋਕੀ ਰੱਖੀ।
ਇਲਾਕੇ ਵਿੱਚ ਹੋਏ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਬੰਗਾ ਵਿੱਚ ਨਵਾਂ ਸ਼ਹਿਰ-ਫਗਵਾੜਾ ਮੁੱਖ ਮਾਰਗ ’ਤੇ ਪੁਲ ਬਣਨ ਨਾਲ ਸ਼ਹਿਰ ਦੇ ਕਾਰੋਬਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦੂਜੇ ਪਾਸੇ ਇਸ ਪੁਲ ਹੇਠ ਬਣਾਏ ਪਾਰਕਿੰਗ ਬਲਾਕਾਂ ਵਿੱਚ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ। ਉਲਟਾ ਇਸ ਪੁਲ ਦੇ ਪਿੱਲਰਾਂ ’ਤੇ ਸਿਆਸੀ ਆਗੂਆਂ ਨੇ ਪੋਸਟਰ ਅਤੇ ਹੋਰਡਿੰਗ ਲਗਾ ਕੇ ਸ਼ਹਿਰ ਵਿੱਚ ਪੋਸਟਰ ਪ੍ਰਦੂਸ਼ਣ ਫੈਲਾਉਣ ’ਚ ਕੋਈ ਕਸਰ ਨਹੀਂ ਛੱਡੀ।
ਬੰਗਾ ਦੇ ਪੁਰਾਣੇ ਬੱਸ ਅੱਡੇ ਦੀ ਹਾਲਤ ਖਸਤਾ ਹੈ ਅਤੇ ਇੱਥੇ ਨਵੇਂ ਬੱਸ ਅੱਡੇ ਦੀ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਦਫ਼ਤਰ ਅਤੇ ਸਬਜ਼ੀ ਮੰਡੀ ਨੂੰ ਜਾਣ ਵਾਲੀਆਂ ਸੜਕਾਂ ’ਤੇ ਪਏ ਟੋਏ ਵੀ ਬੰਗਾ ਦੇ ਵਿਕਾਸ ’ਤੇ ਵਿਅੰਗ ਕਰਦੇ ਹਨ। ਸ਼ਹਿਰ ਦੇ ਦੋਵੇਂ ਸਰਕਾਰੀ ਸੈਕੰਡਰੀ ਸਕੂਲਾਂ ਕੋਲ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਸ਼ਹਿਰ ਦੇ ਗਾਂਧੀ ਨਗਰ ਵਿੱਚ ਰੈਸਟ ਹਾਊਸ ਦਾ ਨੀਂਹ ਪੱਥਰ ਕਈ ਸਾਲਾਂ ਤੋਂ ਇਸ ਦੀ ਹੋਂਦ ਨੂੰ ਤਰਸ ਰਿਹਾ ਹੈ। ਸ਼ਹਿਰ ’ਚ ਅਕਾਲੀ-ਭਾਜਪਾ ਸਰਕਾਰ ਵੇਲੇ ਬਣੇ ਮਿੰਨੀ ਸਟੇਡੀਅਮ ਦੇ ਢਹਿ-ਢੇਰੀ ਹੋਣ ਦੀ ਪੜਤਾਲ ਵੀ ਚੱਲ ਰਹੀ ਹੈ। ਇਵੇਂ ਇਸ ਹਲਕੇ ਦੇ ਪਿੰਡਾਂ ਵਿੱਚ ਵੀ ਲੋਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਐਲਾਨੀਆਂ ਗਈਆਂ ਸੁੱਖ ਸਹੂਲਤਾਂ ਨੂੰ ਉਡੀਕ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਬਣਨ ’ਤੇ ਉਹ ਸਾਰੀਆਂ ਕਸਰਾਂ ਪੂਰੀਆਂ ਕਰ ਦੇਣਗੇ। ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਮਾਹਲ ਨੇ ਕਿਹਾ ਕਿ ਹੁਣ ਤੱਕ ਦੀਆਂ ਸੱਤਾਧਾਰੀ ਧਿਰਾਂ ਨੇ ਬੰਗਾ ਵਾਸੀਆਂ ਨੂੰ ਲਾਰੇ ਲਾਉਣ ’ਚ ਕੋਈ ਕਸਰ ਨਹੀਂ ਛੱਡੀ ਗਈ। ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਬਹੁਪੱਖੀ ਵਿਕਾਸ ਲਈ ਇਲਾਕੇ ਨੂੰ ਦਿੱਤੀਆਂ ਜਾ ਰਹੀਆਂ ਕਰੋੜਾਂ ਦੀਆਂ ਗਰਾਟਾਂ ਨਾਲ ਹਲਕੇ ਦੀ ਨੁਹਾਰ ਬਦਲੀ ਜਾਵੇਗੀ।
ਕਾਂਗਰਸ ਦੇ ਵਿਕਾਸ ਕਰਾਉਣ ਦੇ ਦਾਅਵਿਆਂ ਨੂੰ ਨਕਾਰਦਿਆਂ ਇੱਥੋਂ ਦੇ ਭਾਜਪਾ ਆਗੂ ਚੌਧਰੀ ਮੋਹਨ ਲਾਲ ਬਹਿਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰ ਵਿਧਾਇਕ ਹੁੰਦਿਆਂ ਬੰਗਾ ਦਾ ਕਰਵਾਇਆ ਵਿਕਾਸ ਮੀਲ ਪੱਥਰ ਸਾਬਤ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly