ਨਰਸਾਂ ਨੇ ਚੰਡੀਗੜ੍ਹ-ਖਰੜ ਮਾਰਗ ’ਤੇ ਆਵਾਜਾਈ ਰੋਕੀ

ਖਰੜ (ਸਮਾਜ ਵੀਕਲੀ):  ਜੁਆਇੰਟ ਐਕਸ਼ਨ ਨਰਸਿਜ਼ ਕਮੇਟੀ ਪੰਜਾਬ ਅਤੇ ਯੂਟੀ ਚੰਡੀਗੜ੍ਹ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਪਿੰਡ ਦੇਸੂ ਮਾਜਰਾ ਵਿੱਚ ਧਰਨਾ ਦੇ ਕੇ ਖਰੜ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਨਰਸਾਂ ਨੇ ਪਹਿਲਾਂ ਰੈਲੀ ਕੱਢੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਬਾਅਦ ਦੁਪਹਿਰ 2 ਵਜੇ ਪਿੰਡ ਦੇਸੂਮਾਜਰਾ ਕੋਲ ਸੜਕ ’ਤੇ ਧਰਨਾ ਲਗਾ ਦਿੱਤਾ, ਜਿਸ ਕਾਰਨ ਆਵਾਜਾਈ ਮੁਕੰਮਲ ਠੱਪ ਹੋ ਗਈ। ਯੂਨੀਅਨ ਦੇ ਕਨਵੀਨਰ ਰਾਜ ਬੇਦੀ ਆਨੰਦ, ਸ਼ਮਿੰਦਰ ਕੌਰ ਘੁੰਮਣ, ਮਨਜੀਤ ਕੌਰ ਧਾਲੀਵਾਲ ਅਤੇ ਪਰਮਜੀਤ ਕੌਰ ਸੰਧੂ ਨੇ ਕਿਹਾ ਕਿ ਸਾਰੇ ਪਾਸੇ ਨਰਸਾਂ ਦਾ ਗਰੇਡ 4600 ਹੈ, ਜਦੋਂ ਕਿ ਪੰਜਾਬ ਸਰਕਾਰ ਨੇ ਇਹ 2800 ’ਤੇ ਲਿਆ ਦਿੱਤਾ ਹੈ।

ਨਵੀਂ ਭਰਤੀ ਲਈ ਕੇਂਦਰ ਦੇ ਗਰੇਡ ਅਨੁਸਾਰ ਤਨਖ਼ਾਹ 44,900 ਬਣਦੀ ਹੈ, ਜੋ 29200 ’ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਨਰਸਾਂ ਲਈ ਪੇਅ-ਕਮਿਸ਼ਨ ਨੇ ਵੀ ਹਾਈ-ਹਾਇਰ ਗਰੇਡ ਦੀ ਸਿਫਾਰਿਸ਼ ਕੀਤੀ ਹੈ ਪਰ ਸਰਕਾਰ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਨਰਸਾਂ ਨੂੰ ਕਈ ਰਾਜਾਂ ਸਮੇਤ ਚੰਡੀਗੜ੍ਹ ਅੰਦਰ ਨਰਸਿੰਗ ਅਫ਼ਸਰ ਦਾ ਨਾਂ ਦਿੱਤਾ ਜਾ ਚੁੱਕਿਆ ਹੈ ਪਰ ਪੰਜਾਬ ਸਰਕਾਰ ਨੇ ਇਸ ਸਬੰਧੀ ਹੁਣ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੀਆਂ। ਦੂਜੇ ਪਾਸੇ ਖਰੜ ਵਿੱਚ ਹਰ ਰੋਜ਼ ਲੱਗ ਰਹੇ ਧਰਨਿਆਂ ਕਾਰਨ ਇਥੋਂ ਦਾ ਵਪਾਰ ਅਤੇ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਰਿਹਾ ਹੈ।

ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰ ਰੋਜ਼ ਖਰੜ ਵਿੱਚ ਲੱਗ ਰਹੇ ਧਰਨਿਆਂ ਦਾ ਕੋਈ ਨਾ ਕੋਈ ਪੱਕਾ ਹੱਲ ਕੱਢਿਆ ਜਾਵੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗੀ ਸਰਕਾਰ ਦੀ ਅਸਲ ਰਿਪੋਰਟ: ਅਖਿਲੇਸ਼
Next articleਬੰਗਾ ਦੇ ਲੋਕਾਂ ਨੂੰ ਸਹੂਲਤਾਂ ਦੀ ਉਡੀਕ