ਮੈਕਸੀਕੋ ਸਿਟੀ (ਸਮਾਜ ਵੀਕਲੀ): ਮੈਕਸੀਕੋ ਦਾ ਦੌਰਾ ਕਰ ਰਹੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ ਤੇ ਮੈਕਸੀਕੋ ਵਿਚਾਲੇ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਆਰਥਿਕ ਸਹਿਯੋਗ ’ਤੇ ਜ਼ੋਰ ਦਿੱਤਾ ਹੈ। ਜੈਸ਼ੰਕਰ ਨੇ ਅੱਜ ਮੈਕਸੀਕੋ ਦੇ ਕਾਰੋਬਾਰੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਈਟੀ ਤੇ ਫਾਰਮਾ ਖੇਤਰ ਵਿਚ ਮੁਸ਼ਕਲਾਂ ਨੂੰ ਮਿਲ ਕੇ ਦੂਰ ਕੀਤਾ ਜਾ ਸਕਦਾ ਹੈ। ਭਾਰਤੀ ਵਿਦੇਸ਼ ਮੰਤਰੀ ਨੇ ਅੱਜ ਮੈਕਸੀਕੋ ਦੇ ਕਾਰੋਬਾਰੀ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਉਨ੍ਹਾਂ ਮੈਕਸੀਕੋ ਵਿਚ ਚੱਲ ਰਹੀਆਂ ਭਾਰਤੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਭਾਰਤੀ ਕੰਪਨੀਆਂ ਨੂੰ ਬਰਾਮਦ ਵਧਾਉਣ ਲਈ ਉਤਸ਼ਾਹਿਤ ਕੀਤਾ। ਲਾਤੀਨੀ ਅਮਰੀਕਾ ਵਿਚ ਮੈਕਸੀਕੋ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। 2021-22 ਲਈ ਦੋਵੇਂ ਮੁਲਕ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਵੀ ਮੈਂਬਰ ਹਨ। ਜੈਸ਼ੰਕਰ ਨੇ ਇੱਥੇ ‘ਪਿਰਾਮਿਡਸ ਆਫ ਦਿ ਸੰਨ’ ਤੇ ਹੋਰ ਪ੍ਰਾਚੀਨ ਇਤਿਹਾਸਕ ਥਾਵਾਂ ਦਾ ਵੀ ਦੌਰਾ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly