ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਇਰਾਨ ਨਾਲ ਜੰਗੀ ਹਾਲਾਤਾਂ ਕਾਰਨ ਡੀਜਲ ਅਤੇ ਪਟ੍ਰੋਲ ਦੀਆਂ ਕੀਮਤਾਂ ਚੜ੍ਹਣ ਨਾਲ ਦੇਸ਼ ਭਰ ਵਿਚ ਪੈਟਰੋਲ ਪੰਪਾਂ ‘ਤੇ ਚੋਰੀਆਂ ਦੇ ਮਾਮਲੇ ਤੇਜ਼ੀ ਨਾਲ ਵਧ ਗਏ ਹਨ। ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਨ੍ਹਾਂ ਘਟਨਾਵਾਂ ਵਿਚ ਲਗਭਗ 62 ਫੀਸਦੀ ਵਾਧਾ ਹੋਇਆ ਹੈ, ਜਿਸ ਨਾਲ ਪੰਪ ਮਾਲਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦੱਖਣੀ ਇੰਗਲੈਂਡ ਦੇ ਇਕ ਪੰਪ ਮਾਲਕ ਨੇ ਦੱਸਿਆ ਕਿ ਉਸਦੇ ਪੰਜ ਪੰਪਾਂ ‘ਤੇ ਹਫ਼ਤੇ ਵਿਚ ਕਰੀਬ ਪੰਜ ਵਾਰ ਗੱਡੀਆਂ ਤੇਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਚੱਲ ਜਾਂਦੀਆਂ ਹਨ। ਉਸਦੇ ਮੁਤਾਬਕ ਇਸ ਕਾਰਨ ਉਸਨੂੰ ਹਰ ਹਫ਼ਤੇ ਲਗਭਗ ਦੋ ਹਜ਼ਾਰ ਪੌਂਡ ਦਾ ਨੁਕਸਾਨ ਹੋ ਰਿਹਾ ਹੈ, ਜਦਕਿ ਪਹਿਲਾਂ ਇਹ ਗਿਣਤੀ ਕਾਫ਼ੀ ਘੱਟ ਸੀ। ਕੈਮਰਿਆਂ ਵਿਚ ਕੈਦ ਹੋਈਆਂ ਘਟਨਾਵਾਂ ਵਿਚ ਵੇਖਿਆ ਗਿਆ ਕਿ ਲੋਕ ਦਿਨ-ਰਾਤ ਕਿਸੇ ਵੀ ਵੇਲੇ ਪੈਟਰੋਲ ਜਾਂ ਡੀਜ਼ਲ ਭਰਵਾ ਕੇ ਭੱਜ ਜਾਂਦੇ ਹਨ। ਕਈ ਵਾਰ ਮੋਟਰਸਾਈਕਲ ‘ਤੇ ਆਏ ਲੋਕ ਥੋੜ੍ਹਾ ਤੇਲ ਭਰਵਾ ਕੇ ਨਿਕਲ ਜਾਂਦੇ ਹਨ, ਜਦਕਿ ਕੁਝ ਵੱਡੀਆਂ ਗੱਡੀਆਂ ਵਾਲੇ ਸੌ ਪੌਂਡ ਤੋਂ ਵੱਧ ਦਾ ਤੇਲ ਲੈ ਕੇ ਵੀ ਭੁਗਤਾਨ ਨਹੀਂ ਕਰਦੇ। ਮਾਲਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਮਜ਼ਬੂਰੀ ਕਾਰਨ ਵੀ ਐਸਾ ਕਰਦੇ ਹਨ, ਪਰ ਜ਼ਿਆਦਾਤਰ ਮਾਮਲੇ ਯੋਜਨਾ ਬੱਧ ਚੋਰੀ ਦੇ ਹੁੰਦੇ ਹਨ। ਉਨ੍ਹਾਂ ਮੁਤਾਬਕ ਹੁਣ ਲੋਕਾਂ ਵਿਚ ਇਹ ਸੋਚ ਵੀ ਬਣਦੀ ਜਾ ਰਹੀ ਹੈ ਕਿ ਚੋਰੀ ਕਰਨਾ ਕੋਈ ਵੱਡੀ ਗੱਲ ਨਹੀਂ। ਅੰਕੜਿਆਂ ਅਨੁਸਾਰ ਹੁਣ ਇਕ ਪੰਪ ‘ਤੇ ਹਫ਼ਤੇ ਵਿਚ ਔਸਤ ਤਿੰਨ ਤੋਂ ਵੱਧ ਵਾਰ ਐਸੀਆਂ ਘਟਨਾਵਾਂ ਹੋ ਰਹੀਆਂ ਹਨ, ਜਦਕਿ ਪਹਿਲਾਂ ਇਹ ਦੋ ਦੇ ਕਰੀਬ ਹੁੰਦੀਆਂ ਸਨ। ਇੱਕ ਵਾਰ ਦੀ ਚੋਰੀ ਦੀ ਰਕਮ ਵੀ ਵਧ ਕੇ ਲਗਭਗ 67 ਪੌਂਡ ਤੱਕ ਪਹੁੰਚ ਗਈ ਹੈ। ਤੇਲ ਦੀਆਂ ਕੀਮਤਾਂ ਵੀ ਕਾਫ਼ੀ ਵਧ ਗਈਆਂ ਹਨ। ਆਮ ਪਰਿਵਾਰ ਦੀ ਗੱਡੀ ਦਾ ਟੈਂਕ ਭਰਵਾਉਣ ਦਾ ਖਰਚਾ ਕਰੀਬ 14 ਪੌਂਡ ਵਧ ਗਿਆ ਹੈ, ਜਦਕਿ ਡੀਜ਼ਲ ਲਈ ਇਹ ਵਾਧਾ ਲਗਭਗ 27 ਪੌਂਡ ਹੈ। ਇਸ ਨਾਲ ਲੋਕਾਂ ‘ਤੇ ਆਰਥਿਕ ਬੋਝ ਵਧਿਆ ਹੈ। ਪੰਪ ਮਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਚੋਰੀਆਂ ਨਹੀਂ ਰੁਕੀਆਂ ਤਾਂ ਉਨ੍ਹਾਂ ਨੂੰ ਨੁਕਸਾਨ ਪੂਰਾ ਕਰਨ ਲਈ ਕੀਮਤਾਂ ਹੋਰ ਵਧਾਉਣੀਆਂ ਪੈ ਸਕਦੀਆਂ ਹਨ। ਛੋਟੇ ਪੰਪ ਮਾਲਕਾਂ ਲਈ ਇਹ ਨੁਕਸਾਨ ਸਹਿਣਾ ਔਖਾ ਹੋ ਰਿਹਾ ਹੈ। ਇਸਦੇ ਨਾਲ ਹੀ ਕਰਮਚਾਰੀਆਂ ਨਾਲ ਬਦਸਲੂਕੀ ਦੇ ਮਾਮਲੇ ਵੀ ਵਧ ਰਹੇ ਹਨ। ਲੋਕ ਉਨ੍ਹਾਂ ਨੂੰ ਦੋਸ਼ ਦੇ ਰਹੇ ਹਨ, ਗਾਲਾਂ ਕੱਢ ਰਹੇ ਹਨ ਅਤੇ ਧਮਕੀਆਂ ਵੀ ਦੇ ਰਹੇ ਹਨ, ਜਦਕਿ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੱਡਾ ਲਾਭ ਨਹੀਂ ਹੁੰਦਾ ਅਤੇ ਕੀਮਤ ਦਾ ਵੱਡਾ ਹਿੱਸਾ ਟੈਕਸ ਹੁੰਦਾ ਹੈ। ਪੁਲਿਸ ਅਤੇ ਸਰਕਾਰ ਨੇ ਕਿਹਾ ਹੈ ਕਿ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਐਸੀਆਂ ਘਟਨਾਵਾਂ ਦੀ ਸੂਚਨਾ ਤੁਰੰਤ ਦਿੱਤੀ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



