HOME ਡਿਜੀਟਲ ਯੁੱਗ ਵਿੱਚ ਕਿਤਾਬਾਂ ਦਾ ਮਹੱਤਵ

ਡਿਜੀਟਲ ਯੁੱਗ ਵਿੱਚ ਕਿਤਾਬਾਂ ਦਾ ਮਹੱਤਵ

1
ਪਲਕਪ੍ਰੀਤ ਕੌਰ ਬੇਦੀ

  (ਸਮਾਜ ਵੀਕਲੀ)   ਕਿਤਾਬਾਂ ਪੜ੍ਹਨਾ ਸਿਰਫ਼ ਇੱਕ ਸ਼ੌਂਕ ਨਹੀਂ, ਸਗੋਂ ਇਹ ਗਿਆਨ ਦੇ ਦਰਵਾਜ਼ੇ ਖੋਲ੍ਹਣ, ਸੋਚ ਨੂੰ ਨਵੀਂ ਉਡਾਨ ਅਤੇ ਜੀਵਨ ਦੀ ਸਮਝ ਨੂੰ ਡੂੰਘਾ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਕਿਤਾਬਾਂ ਮਨੁੱਖ ਦੀਆਂ ਸੱਚੀਆਂ ਸਾਥੀ ਹੁੰਦੀਆਂ ਹਨ, ਜੋ ਚੁੱਪਚਾਪ ਸਾਨੂੰ ਨਵੇਂ ਵਿਚਾਰਾਂ, ਅਨੁਭਵਾਂ ਅਤੇ ਸੱਚਾਈਆਂ ਨਾਲ ਰੂਬਰੂ ਕਰਵਾਉਂਦੀਆਂ ਰਹਿੰਦੀਆਂ ਹਨ। ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਮਨੁੱਖ ਦਾ ਵੱਡਾ ਹਿੱਸਾ ਸਮਾਰਟਫੋਨ ਅਤੇ ਇੰਟਰਨੈੱਟ ਦੀ ਦੁਨੀਆ ਵਿੱਚ ਗੁਆਚਾ ਰਹਿੰਦਾ ਹੈ, ਉੱਥੇ ਕਿਤਾਬਾਂ ਪੜ੍ਹਨ ਦੀ ਆਦਤ ਹੋਲੀ-ਹੋਲੀ ਘੱਟਦੀ ਜਾ ਰਹੀ ਹੈ। ਪਰ ਅਸਲ ਵਿੱਚ ਕਿਤਾਬਾਂ ਹੀ ਉਹ ਸਾਧਨ ਹਨ ਜੋ ਸਾਨੂੰ ਸੱਚਾ ਅਤੇ ਡੂੰਘਾ ਗਿਆਨ ਪ੍ਰਦਾਨ ਕਰਦੀਆਂ ਹਨ। ਇਹ ਵਿਗਿਆਨ, ਇਤਿਹਾਸ, ਸੱਭਿਆਚਾਰ ਅਤੇ ਹੋਰ ਕਈ ਖੇਤਰਾਂ ਦੀ ਵਿਸ਼ਵਾਸਯੋਗ ਜਾਣਕਾਰੀ ਦੇ ਕੇ ਸਾਡੇ ਵਿਚਾਰਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਪੜ੍ਹਨ ਦੀ ਆਦਤ ਮਨੁੱਖ ਦੇ ਅੰਦਰ ਨਵੀਂ ਸੋਚ ਨੂੰ ਜਨਮ ਦਿੰਦੀ ਹੈ। ਇਹ ਸਮੱਸਿਆਵਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਉਨ੍ਹਾਂ ਦੇ ਹੱਲ ਲੱਭਣ ਦੀ ਯੋਗਤਾ ਦਿੰਦੀਆਂ ਹਨ। ਕਿਤਾਬਾਂ ਸਾਡੇ ਵਿਚਾਰਾਂ ਨੂੰ ਨਿਖਾਰਦੀਆਂ ਹਨ ਅਤੇ ਸਾਨੂੰ ਬਿਹਤਰ ਫ਼ੈਸਲੇ ਲੈਣ ਦੇ ਯੋਗ ਬਣਾਉਂਦੀਆਂ ਹਨ। ਇਹ ਸਿਰਫ਼ ਗਿਆਨ ਦਾ ਸਰੋਤ ਨਹੀਂ, ਸਗੋਂ ਮਨੋਰੰਜਨ ਦਾ ਵੀ ਬੇਮਿਸਾਲ ਜ਼ਰੀਆ ਹਨ। ਨਾਵਲ, ਕਹਾਣੀਆਂ, ਕਵਿਤਾਵਾਂ ਅਤੇ ਵੱਖ ਵੱਖ ਵਿਸ਼ਿਆਂ ਦੇ ਲੇਖਾਂ ਰਾਹੀਂ ਮਨੁੱਖ ਦੀ ਕਲਪਨਾ ਅਤੇ ਰਚਨਾਤਮਕਤਾ ਨੂੰ ਨਵੀਂ ਰੌਸ਼ਨੀ ਮਿਲਦੀ ਹੈ। ਸਾਨੂੰ ਆਪਣੇ ਜੀਵਨ ਵਿੱਚ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਹਰ ਰੋਜ਼ ਘੱਟੋ-ਘੱਟ 15 ਤੋਂ 30 ਮਿੰਟ ਕਿਤਾਬਾਂ ਲਈ ਸਮਾਂ ਨਿਰਧਾਰਤ ਕਰਨ ਨਾਲ ਇਹ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣ ਜਾਂਦੀਆਂ ਹੈ। ਆਪਣੀ ਦਿਲਚਸਪੀ ਦੇ ਵਿਸ਼ਿਆਂ ਅਨੁਸਾਰ ਕਿਤਾਬਾਂ ਚੁਣਨਾ ਪੜ੍ਹਨ ਦੇ ਰੁਝਾਨ ਨੂੰ ਹੋਰ ਵਧਾਉਂਦਾ ਹੈ—ਚਾਹੇ ਉਹ ਨਾਵਲ ਹੋਣ ਜਾਂ ਇਤਿਹਾਸਕ ਪੁਸਤਕਾਂ। ਜੇਕਰ ਕਿਤਾਬਾਂ ਖਰੀਦਣਾ ਸੰਭਵ ਨਾ ਹੋਵੇ, ਤਾਂ ਈ-ਬੁੱਕ ਅਤੇ ਆਡੀਓ ਬੁੱਕ ਵੀ ਇੱਕ ਵਧੀਆ ਵਿਕਲਪ ਹੈ। ਵਿਦਿਆਰਥੀਆਂ ਲਈ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਗਿਆਨ ਦੇ ਖਜ਼ਾਨੇ ਵਾਂਗ ਹੁੰਦੀਆਂ ਹਨ, ਜਿੱਥੋਂ ਉਹ ਆਪਣੇ ਪੜ੍ਹਨ ਦੇ ਸ਼ੌਂਕ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹਨ। ਪੜ੍ਹਨ ਲਈ ਇੱਕ ਨਿਸ਼ਚਿਤ ਸਮਾਂ ਤੈਅ ਕਰਨਾ—ਜਿਵੇਂ ਸਵੇਰੇ ਦੀ ਸ਼ਾਂਤੀ ਜਾਂ ਰਾਤ ਦੀ ਨਿਰਵਿਘਨ ਘੜੀ—ਇਸ ਆਦਤ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਪੁਸਤਕਾਂ ਮਨੁੱਖੀ ਸੱਭਿਆਚਾਰ ਦੀ ਅਮਰ ਵਿਰਾਸਤ ਹਨ, ਜੋ ਸਮੇਂ ਦੀਆਂ ਹੱਦਾਂ ਨੂੰ ਲੰਘਦੀਆਂ ਹੋਈਆਂ ਗਿਆਨ ਅਤੇ ਅਨੁਭਵ ਦੀ ਰੌਸ਼ਨੀ ਹਰ ਪੀੜ੍ਹੀ ਤੱਕ ਪਹੁੰਚਾਉਂਦੀਆਂ ਹਨ। ਇਸ ਮਹੱਤਤਾ ਨੂੰ ਮਾਨਤਾ ਦੇਣ ਲਈ ਹਰ ਸਾਲ 23 ਅਪ੍ਰੈਲ ਨੂੰ ‘ਵਿਸ਼ਵ ਪੁਸਤਕ ਦਿਵਸ’ ਮਨਾਇਆ ਜਾਂਦਾ ਹੈ। UNESCO ਵੱਲੋਂ 1995 ਵਿੱਚ ਸ਼ੁਰੂ ਕੀਤਾ ਗਿਆ ਇਹ ਦਿਨ ਪੜ੍ਹਨ ਦੀ ਆਦਤ ਨੂੰ ਮਜ਼ਬੂਤ ਕਰਨ ਅਤੇ ਲੇਖਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਹੈ। ਇਸ ਦਿਨ ਨਾਲ William Shakespeare ਅਤੇ Miguel de Cervantes ਵਰਗੇ ਮਹਾਨ ਸਾਹਿਤਕਾਰਾਂ ਦੀ ਯਾਦ ਜੁੜੀ ਹੈ, ਜਿਨ੍ਹਾਂ ਦੀਆਂ ਲਿਖਿਆਂ ਕਿਤਾਬਾਂ ਅੱਜ ਵੀ ਦੁਨੀਆ ਨੂੰ ਰਾਹ ਦਿਖਾਉਂਦਿਆ ਹਨ। ਇਸ ਤੋਂ ਇਲਾਵਾ Vladimir Nabokov ਅਤੇ Halldór Laxness ਵਰਗੇ ਲੇਖਕਾਂ ਦਾ ਜਨਮ ਵੀ ਇਸੇ ਦਿਨ ਹੋਇਆ, ਜਿਸ ਨਾਲ ਇਹ ਦਿਨ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਇਸ ਦਿਨ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਹਰ ਸਾਲ ਯੂਨੈਸਕੋ ਦੁਨੀਆ ਦੇ ਕਿਸੇ ਇੱਕ ਸ਼ਹਿਰ ਨੂੰ ਇਸ ਦਿਨ “ਵਿਸ਼ਵ ਪੁਸਤਕ ਰਾਜਧਾਨੀ” ਦਾ ਦਰਜਾ ਦਿੰਦਾ ਹੋਇਆ ਪੁਸਤਕਾਂ ਦੀ ਮਹੱਤਤਾ ਨੂੰ ਵਿਸ਼ਵ ਪੱਧਰ ‘ਤੇ ਉਭਾਰਦਾ ਹੈ ਅਤੇ ਭਾਰਤ ਦਾ ਦਿੱਲੀ ਸ਼ਹਿਰ 2005 ‘ਚ ਇਸ ਸਨਮਾਨ ਦਾ ਹੱਕਦਾਰ ਬਣਿਆ। ਅੱਜ ਜਦੋਂ ਮਨੁੱਖ ਮਨੋਰੰਜਨ ਲਈ ਵੱਧ ਤੋਂ ਵੱਧ ਡਿਜੀਟਲ ਸਾਧਨਾਂ ਵੱਲ ਦੌੜ ਰਿਹਾ ਹੈ, ਉੱਥੇ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਕਿਤਾਬਾਂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੀਏ। ਕਿਉਂਕਿ ਕਿਤਾਬਾਂ ਸਾਨੂੰ ਸਿਰਫ਼ ਜਾਣਕਾਰੀ ਹੀ ਨਹੀਂ ਦਿੰਦੀਆਂ, ਸਗੋਂ ਇੱਕ ਚੰਗਾ ਮਨੁੱਖ ਬਣਨ ਦੀ ਰਾਹ ਵੀ ਦਿਖਾਉਂਦੀਆਂ ਹਨ। ਇਸ ਲਈ ਆਓ, ਅਸੀਂ ਹਰ ਰੋਜ਼ ਕੁਝ ਸਮਾਂ ਕਿਤਾਬਾਂ ਲਈ ਕਢੀਏ ਅਤੇ ਗਿਆਨ ਦੀ ਇਸ ਅਨਮੋਲ ਦੌਲਤ ਨਾਲ ਆਪਣੇ ਜੀਵਨ ਨੂੰ ਸੰਵਾਰਦੇ ਹੋਏ ਤਰੱਕੀ ਦੀ ਰਾਹ ‘ਤੇ ਅੱਗੇ ਵਧੀਏ।

 ਪਲਕਪ੍ਰੀਤ ਕੌਰ ਬੇਦੀ  ਜਲੰਧਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਹਿੰਗੇ ਹੋਏ ਤੇਲ ਕਾਰਨ ਚੋਰੀਆਂ ਚ ਵਾਧਾ, ਪੰਪ ਮਾਲਕ ਪਰੇਸ਼ਾਨ
Next articleਬੈਂਸ ਹਸਪਤਾਲ ਵਲੋਂ ਮੁਫਤ ਚੈਕ ਅਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ