ਆਮਦਨ ਤੋਂ ਵੱਧ ਜਾਇਦਾਦ: ਸੁਮੇਧ ਸੈਣੀ ਨੇ ਜ਼ਮਾਨਤ ਲਈ ਅਦਾਲਤ ਦਾ ਬੂਹਾ ਖੜਕਾਇਆ, ਸੁਣਵਾਈ 6 ਨੂੰ

Former DGP Sumedh Singh Saini.

ਮੁਹਾਲੀ (ਸਮਾਜ ਵੀਕਲੀ) : ਪੰਜਾਬ ਵਿਜੀਲੈਂਸ ਬਿਊਰੋ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਦਰਜ ਆਮਦਨ ਤੋਂ ਵੱਧ ਸੰਪਤੀ ਦੇ ਨਵੇਂ ਅਪਰਾਧਿਕ ਮਾਮਲੇ ਵਿੱਚ ਸੈਣੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਸੈਣੀ ਨੇ ਅੱਜ ਆਪਣੇ ਵਕੀਲਾਂ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ। ਅਦਾਲਤ ਨੇ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 6 ਅਗਸਤ ਤੱਕ ਟਾਲਦਿਆਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਸ਼ੁੱਕਰਵਾਰ ਨੂੰ ਕੇਸ ਨਾਲ ਸਬੰਧਤ ਜ਼ਰੂਰੀ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਇਸ ਤਰ੍ਹਾਂ ਹੁਣ ਪੰਜਾਬ ਸਰਕਾਰ ਵੱਲੋਂ ਮੁਹਾਲੀ ਪੁਲੀਸ ਅਤੇ ਸਰਕਾਰੀ ਵਕੀਲ ਰਾਹੀਂ ਰਿਕਾਰਡ ਪੇਸ਼ ਕਰਨ ਤੋਂ ਬਾਅਦ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਭਲਕੇ ਦੁਬਾਰਾ ਸੁਣਵਾਈ ਹੋਵੇਗੀ ਅਤੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਹੀ ਫੈਸਲਾ ਸੁਣਾਇਆ ਜਾਵੇਗਾ।

ਇਸ ਮਾਮਲੇ ਵਿੱਚ ਲੋਕ ਨਿਰਮਾਣ ਵਿਭਾਗ (ਭ ਤੇ ਮ) ਦੇ ਕਾਰਜਕਾਰੀ ਇੰਜਨੀਅਰ ਨਿਮਰਤ ਦੀਪ ਸਿੰਘ ਵਾਸੀ ਸੈਕਟਰ-35ਡੀ, ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਵਾਸੀ ਫੇਜ਼-3ਬੀ1, ਮੁਹਾਲੀ, ਅਜੈ ਕੌਸ਼ਲ ਵਾਸੀ ਡੁੱਗਰੀ ਰਾਜਪੂਤਾਂ (ਹੁਸ਼ਿਆਰਪੁਰ), ਪ੍ਰਦੁਮਣ ਸਿੰਘ ਵਾਸੀ ਭਾਗੜਾ (ਹੁਸ਼ਿਆਰਪੁਰ), ਪਰਮਜੀਤ ਸਿੰਘ ਵਾਸੀ ਪਿੰਡ ਭੜੌਜੀਆਂ (ਮੁੱਲਾਂਪੁਰ ਗਰੀਬਦਾਸ), ਅਮਿਤ ਸਿੰਗਲਾ ਵਾਸੀ ਸੈਕਟਰ-27, ਚੰਡੀਗੜ੍ਹ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਐੱਫ਼ਆਈਆਰ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ (ਅਪਰਾਧ) ਵਰਿੰਦਰ ਸਿੰਘ ਬਰਾੜ ਨੂੰ ਸ਼ਿਕਾਇਤਕਰਤਾ ਦਰਸਾਇਆ ਗਿਆ ਹੈ। ਉਂਝ ਇਸ ਅਪਰਾਧਿਕ ਕੇਸ ਦੀ ਸੂਈ ਕਾਰਜਕਾਰੀ ਇੰਜਨੀਅਰ ਅਤੇ ਉਸ ਦੇ ਪਿਤਾ ਦੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਐੱਫ਼ਆਈਆਰ ਵਿੱਚ ਮੁਹਾਲੀ ਸਮੇਤ ਚੰਡੀਗੜ੍ਹ, ਪੰਜਾਬ, ਪੰਚਕੂਲਾ, ਹਰਿਆਣਾ ਵਿੱਚ ਬੇਹਿਸਾਬ ਚੱਲ ਅਤੇ ਅਚੱਲ ਜਾਇਦਾਦਾਂ ਦਾ ਵੇਰਵਾ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਨਵਾਂ ਅਪਰਾਧਿਕ ਕੇਸ ਦਰਜ ਹੋਣ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਸੈਣੀ ਦੀ ਪੈੜ ਨੱਪਣ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹਾਲੀ: ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਤੇ ਸਕੂਲ ਬੋਰਡ ਦੇ ਗੇਟਾਂ ਦੀ ਘੇਰਾਬੰਦੀ, ਅਧਿਕਾਰੀ ਤੇ ਕਰਮਚਾਰੀ ਘਰਾਂ ਨੂੰ ਪਰਤੇ
Next articleਚੰਡੀਗੜ੍ਹ ਲਈ ਪ੍ਰਸ਼ਾਸਕ ਨਿਯੁਕਤ ਕਰਨ ਦੀ ਤਜਵੀਜ਼ ਦਾ ਅਕਾਲੀ ਦਲ ਵੱਲੋਂ ਵਿਰੋਧ