*ਪੁਲਿਸ ਚੌਂਕੀ ‘ਚ ਮਲਾਜ਼ਮਾਂ ਦੀ ਘਾਟ ਕਾਰਨ ਵਾਪਰ ਰਹੀਆ ਨੇ ਵਾਰਦਾਤਾਂ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਸਬਾ ਅੱਪਰਾ ਦੀ ਲੋਹਗੜ੍ਹ ਸੜਕ ਸਥਿਤ ਕਲੋਨੀ ‘ਚ ਵੱਸਦੇ ਤੇਜਾ ਸਿੰਘ ਸਾਬਕਾ ਫੌਜੀ ਦੇ ਘਰ ਦਿਨ-ਦਿਹਾੜੇ ਹੀ ਅਣਪਛਾਤੇ ਚੋਰਾਂ ਨੇ ਕਰੀਬ ਲੱਖ ਰੁਪਏ ਦੀ ਨਗਦੀ ‘ਤੇ ਹੱਥ ਸਾਫ਼ ਕਰ ਲਿਆ | ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਤੇਜਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਹਰਦੀਪ ਸਿੰਘ ਕੱਲ੍ਹ ਰਾਤ ਹੀ ਵਿਦੇਸ਼ ‘ਚੋਂ ਆਇਆ ਹੈ ਅਤੇ ਅੱਜ ਦੁਪਹਿਰ ਕਰੀਬ 1 ਵਜੇ ਉਹ ਸਾਰਾ ਪਰਿਵਾਰ ਨਜ਼ਦੀਕੀ ਪਿੰਡ ਮੰਡੀ ਰਹਿੰਦੇ ਆਪਣੇ ਵੱਡੇ ਬੇਟੇ ਜਸਵਿੰਦਰ ਸਿੰਘ ਜੱਸੀ ਦੇ ਘਰ ਮਿਲਣ ਲਈ ਗਏ ਸਨ | ਕਰੀਬ 1 ਘੰਟੇ ਬਾਅਦ ਵਾਪਸ ਆ ਕੇ ਦੇਖਿਆ ਤਾਂ ਕੁੱਝ ਅਣਪਛਾਤੇ ਚੋਰਾਂ ਨੇ ਬਾਹਰ ਦੀ ਕੰਧ ਟੱਪ ਕੇ ਘਰ ਦੇ ਅਤੇ ਕਮਰਿਆਂ, ਅਲਮਾਰੀਆਂ ਅਤੇ ਪੇਟੀਆਂ ਦੇ ਜਿੰਦਰੇ ਤੇ ਲਾੱਕਰ ਆਦਿ ਭੰਨ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੋਇਆ ਸੀ | ਘਰ ਦਾ ਸਾਰਾ ਹੀ ਸਮਾਨ ਵਿੱਖਰਿਆ ਪਿਆ ਸੀ | ਪਰਿਵਾਰ ਅਨੁਸਾਰ ਚੋਰਾਂ ਨੇ ਘਰ ‘ਚ ਵੱਖ-ਵੱਖ ਥਾਵਾਂ ‘ਤੇ ਪਈ ਨਗਦੀ ਆਦਿ ‘ਤੇ ਹੱਥ ਸਾਫ਼ ਕਰ ਲਿਆ | ੳਹਨਾਂ ਦੱਸਿਆ ਕਿ ਅੰਦਾਜ਼ਨ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ | ਤੇਜਾ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ੱਕੀ ਚੋਰਾਂ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈਆਂ ਹਨ | ਤੇਜਾ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਹੀ ਪੁਲਿਸ ਚੌਕੀ ਅੱਪਰਾ ਵਿਖੇ ਦੇ ਦਿੱਤੀ ਗਈ ਸੀ, ਪਰ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਣ ਅੱਪਰਾ ਇਲਾਕੇ ‘ਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ |



