ਸਮਾਨਤਾ

(ਸਮਾਜ ਵੀਕਲੀ)

ਪਾਉਣ ਨੂੰ ਤਾਂ ਮੈਂ ਲੱਖ ਦਾ ਸੂਟ ਪਾ ਸਕਦੀ ਹਾਂ,
ਪਰ ਮੈਂ ਆਪਣੀ ਮਾਂ ਦੀ ਛੱਤ ਪੱਕੀ ਨਹੀਂ ਕਰਾ ਸਕਦੀ।

ਲੈਣ ਨੂੰ ਤਾਂ ਮੈਂ ਲੱਖਾਂ ਦੇ ਗਹਿਣੇ ਲੈ ਸਕਦੀ ਹਾਂ,
ਪਰ ਮੈਂ ਆਪਣੀ ਮਾਂ ਦੇ ਘਰ ਦੀ ਚੌਂਦੀ ਛੱਤ ਨਹੀਂ ਠੀਕ ਕਰਾ ਸਕਦੀ।

ਕਹਿਣ ਨੂੰ ਤਾਂ ਸਾਰੇ ਹੱਕ ਮੇਰੇ ਨੇ,
ਪਰ ਮੈਂ ਆਪਣਾ ਹੱਕ ਆਪਣੀ ਮਾਂ ਨੂੰ ਨਹੀਂ ਖਵਾ ਸਕਦੀ।

ਪੁੱਤ ਕਰੇ ਆਪਣੀ ਮਾਂ ਦਾ,
ਤਾਂ ਸਰਵਣ ਪੁੱਤ ਅਖਵਾਉਂਦਾ ਏ।

ਪਰ ਜੇ ਧੀ ਕਰੇ ਤਾਂ..
ਕਹਿੰਦੇ ਧੀਆਂ ਦਾ ਖਾਧਾ ਦੁੱਗਣਾ ਹੋ ਕੇ ਆਉਂਦਾ ਏ।

ਵਾਹ ਓਏ! ਕੁਦਰਤ ਦੇ ਕਾਦਰ
ਜਦ ਤੂੰ ਕੋਈ ਫ਼ਰਕ ਨਹੀਂ ਰੱਖਿਆ
ਮੁੰਡੇ ਤੇ ਕੁੜੀ ਵਿੱਚ!
ਫਿਰ ਇਹ ਜ਼ਮਾਨਾ ਕਿਉਂ ਮਰਦ ਚਲਾਉਂਦਾ ਏ।

ਕੌਣ ਫੂਕ ਮਾਰ ਗਿਆ ਸਾਡੇ ਕੰਨ ਵਿੱਚ..
ਕਿ ਮਰਦ ਘਰ ਚਲਾਉਂਦਾ ਏ।
ਤੇ ਉਹਦੀ ਹਰ ਗੱਲ ਮੰਨਣਾ..
ਔਰਤ ਦਾ ਫਰਜ਼ ਕਹਾਉਂਦਾ ਏ।

ਜੇ ਔਰਤ ਆਪਣੀ ਮਰਜੀ ਦੀ ਮਾਲਕ ਨਹੀਂ,
ਤਾਂ ਮਰਦ ਕਿਉਂ ਆਪਣੀ ਮਰਜੀ ਦਾ ਮਾਲਕ ਕਹਾਉਂਦਾ ਏ।

ਕੌਣ ਸੀ ਉਹ ਜੋ ਸਦੀਆਂ ਪਹਿਲਾਂ..
ਔਰਤ ਨੂੰ ਗੁਲਾਮ ਦੱਸ ਗਿਆ।
ਤੇ ਉਹ ਸੰਤਾਪ ਅੱਜ ਵੀ ਔਰਤ ਨੂੰ ਸਤਾਉਂਦਾ ਏ।

ਜੇ ਬਾਬੇ ਨਾਨਕ ਨੇ ਔਰਤ ਨੂੰ ਸਲਾਹਿਆ ਏ।
ਫਿਰ ਇਹ ਮਰਦ ਕਿਉਂ ਔਰਤ ਨੂੰ ਨੀਵਾਂ ਦਿਖਾਉਂਦਾ ਏ।
ਮਰਦ ਕਹਿੰਦਾ ਓਹੀ ਹੋਵੇ
ਜੋ ਉਹ ਚਾਹੁੰਦਾ ਏ।

ਸਬਰ, ਸੰਤੋਖ, ਸਿਦਕ ਤੇ ਸਹਿਣਸ਼ੀਲਤਾ ਦਾ ਗੁਣ..
ਧੀਆਂ ਵਿੱਚ ਮਾਵਾਂ ਤੋਂ ਹੀ ਆਉਂਦਾ ਏ।

ਔਰਤ ਦੁੱਖੀ ਆ,
ਦੁੱਖੀ ਸੀ ਤੇ ਦੁੱਖੀ ਰਹੇਗੀ।
ਆਓ ਰਲ਼ ਕੇ ਆਪਣੀ ਜੂਨ ਸੰਵਾਰੀਏ!
ਜੋ ਧੀਆਂ ਨੂੰ ਸਿਖਾਇਆ..
ਉਹ ਪੁੱਤਾਂ ਨੂੰ ਵੀ ਸਿਖਾਉਣਾ ਏ।

ਧੀਆਂ ਨੂੰ ਕਹਿਣ ਦੀ ਬਜਾਏ, ਕਿ ਤੇਰੀ ਮਾਂ ਨੇ ਤੈਨੂੰ ਕੀ ਪੜ੍ਹਾਇਆ ਏ।
ਮਾਂ ਆਪਣੇ ਪੁੱਤ ਨੂੰ ਕਹੇ…
ਕਿ ਕੱਲ ਨੂੰ ਕੋਈ ਇਹ ਨਾ ਕਹੇ ਕੀ ਤੇਰੀ ਮਾਂ ਨੇ ਤੈਨੂੰ ਇਹੀ ਸਿਖਾਇਆ ਏ?

ਹਰਜੋਤ ਕੌਰ ਗਿੱਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁਰਕੀ ਪਿਆਰ ਦੀ
Next articleਸਾਡੀ ਗਾਲ਼ ਮਾਨਸਿਕਤਾ