ਕੈਪਟਨ ਵੱਲੋਂ ਨੱਢਾ ਨੂੰ ਖੁੱਲ੍ਹਾ ਪੱਤਰ

ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇ ਕੇਂਦਰ ਸਰਕਾਰ ਨੇ ਪੰਜਾਬ ਲਈ ਮਾਲ ਗੱਡੀਆਂ ‘ਤੇ ਪਾਬੰਦੀ ਨਾ ਹਟਾਈ ਤਾਂ ਸਮੁੱਚੇ ਮੁਲਕ ‘ਚ ਕੌਮੀ ਸੁਰੱਖਿਆ ‘ਤੇ ਇਸ ਦਾ ਵੱਡਾ ਪ੍ਰਭਾਵ ਪਵੇਗਾ। ਉਨ੍ਹਾਂ ਇਸ ਪੇਚੀਦਾ ਮਾਮਲੇ ਨੂੰ ਸਮੂਹਿਕ ਇੱਛਾ ਤੇ ਸੂਝ ਬੂਝ ਨਾਲ ਸੁਲਝਾਏ ਜਾਣ ਦਾ ਸੱਦਾ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰੇਲ ਆਵਾਜਾਈ ਬੰਦ ਹੋਣ ਕਰਕੇ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵੀ ਪ੍ਰਭਾਵਿਤ ਹੋਵੇਗਾ। ਠੰਡ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ਉਪਰ ਬਹੁਤ ਬੁਰਾ ਅਸਰ ਪੈਣਾ ਹੈ, ਕਿਉਂਕਿ ਲੱਦਾਖ ਅਤੇ ਵਾਦੀ ਨੂੰ ਜਾਂਦੇ ਮਾਰਗਾਂ ਉਤੇ ਬਰਫਬਾਰੀ ਹੋਣ ਨਾਲ ਸਪਲਾਈ ਅਤੇ ਹੋਰ ਵਸਤਾਂ ਦੀ ਕਮੀ ਪੈਦਾ ਹੋ ਸਕਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨੀ ਸੰਕਟ ਨੂੰ ਜਲਦੀ ਨਾ ਹੱਲ ਕੀਤਾ ਗਿਆ ਤਾਂ ਸੁਰੱਖਿਆ ਦੇ ਲਿਹਾਜ਼ ਤੋਂ ਪੰਜਾਬ ਨੂੰ ਪਾਕਿਸਤਾਨ ਤੋਂ ਖਤਰਾ ਖੜ੍ਹਾ ਹੋ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਲਾਲਸਾ ਹਿੱਤ ਇਹ ਵੇਲਾ ਦੂਸ਼ਣਬਾਜ਼ੀ ਤੇ ਟਕਰਾਅ ਵਿਚ ਪੈਣ ਦਾ ਨਹੀਂ ਹੈ ਬਲਕਿ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਸਥਿਤੀ ਨੂੰ ਸਿਆਣਪ ਨਾਲ ਨਜਿੱਠਣ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖਾਦ ਤੇ ਕੋਲੇ ਦੇ ਭੰਡਾਰ ਦੀ ਕਮੀ ਕਰਕੇ ਸਮੁੱਚਾ ਅਰਥਚਾਰਾ ਘਾਟੇ ਵਿਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਮਸਲੇ ਦਾ ਹੱਲ ਕੱਢਣ ਦੀ ਥਾਂ ਸਿਆਸੀ ਹਿੱਤਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ।

Previous articleਪੰਜਾਬ ’ਚ ਵਾਪਰੀਆਂ 3560 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ
Next articleਮੱਧ ਪ੍ਰਦੇਸ਼ ਵਾਸੀਓ ਹੱਥ ਪੰਜੇ ਨੂੰ ਵੋਟ ਪਾਇਓ! ਭਾਜਪਾ ਨੇਤਾ ਸਿੰਧੀਆ ਦੀ ਜ਼ੁਬਾਨ ਨੇ ਖਾਧਾ ਟਪਲਾ