ਖ਼ਾਲੀ ਹੱਥ

(ਸਮਾਜ ਵੀਕਲੀ)

ਰਿਸ਼ਤੇਦਾਰੀ ਵਿੱਚ ਵਿਆਹ ਸੀ। ਪਰਿਵਾਰ ਲਈ ਕੱਪੜੇ ਅਤੇ ਹੋਰ ਸਮਾਨ ਲੈਣ ਜਦੋਂ ਵਾਪਿਸ ਤੁਰਨ ਲੱਗੇ ਤਾਂ ਘਰਵਾਲੀ ਕਹਿਣ ਲੱਗੀ ਕਿ ਫੋਟੋ ਵਗੈਰਾ ਕਰਾਉਣ ਵੇਲੇ ਖਾਲੀ ਹੱਥ ਭੈੜੇ ਲੱਗਦੇ ਹਨ,ਆਸੇ ਪਾਸੇ ਵਾਲੇ ਕੀ ਕਹਿਣਗੇ।ਜੇ ਤੁਸੀਂ…। ਮੈਂ ਪਹਿਲਾਂ ਹੀ ਖਰਚ ਵੱਲੋਂ ਤੰਗ ਆਇਆ ਪਿਆ ਸੀ।

ਮੈਂ ਪੂਰੀ ਗੱਲ ਸੁਣੇ ਬਿਨਾਂ ਹੀ ਸ਼ੁਰੂ ਹੋ ਗਿਆ, “ਦੇਖ ਸੁੱਖੀ ਆਪਣੇ ਘਰ ਦੀ ਹਾਲਤ ਤੈਨੂੰ ਵੀ ਪਤਾ, ਇਕੱਲੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ।ਮੰਗਣ ਮੰਗਾਉਣ ਦੇ ਮੈਂ ਬਰਖਿਲਾਫ਼ ਹਾਂ। ਸੋਨੇ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ। ਚਾਂਦੀ ਵਗੈਰਾ ਆਪਣੇ ਕੋਈ ਪਾਉਂਦਾ ਨਹੀਂ। ਬਨਾਉਟੀ ਗਹਿਣੇ ਆਪਣਾ ਜਲੂਸ ਕਢਾਉਣ ਵਾਲੀ ਗੱਲ ਹੈ। ਤੁਹਾਨੂੰ ਔਰਤਾਂ ਨੂੰ ਤਾਂ ਗਹਿਣਿਆਂ ਤੋਂ ਬਿਨਾਂ ਹੋਰ ਕੁੱਝ ਸੁਝਦਾ ਨਹੀਂ। ਹੁਣ ਮੈਂ ਕੁੱਝ ਨਹੀਂ ਕਰ ਸਕਦਾ।” ਮੈਂ ਇੱਕੋ ਸਾਹ ਕਈ ਕੁਝ ਕਹਿ ਗਿਆ।

“ਨਹੀਂ ਜੀ, ਮੈਂ ਤਾਂ ਮੋਬਾਈਲ ਦੀ ਗੱਲ ਕਰਦੀ ਸੀ। ਹੁਣ ਸਭ ਲੋਕਾਂ ਦੇ ਹੱਥ ਵਿੱਚ ਮੋਬਾਈਲ ਹੁੰਦਾ ਜਦੋਂ ਫੋਟੋ ਵਗੈਰਾ ਕਰਾਉਂਦੇ ਹਨ। ਦੇ ਤੁਸੀਂ ਪੰਜ ਸੱਤ ਹਜਾਰ ਲਗਾ ਮੈਨੂੰ ਕੋਈ ਫ਼ੋਨ ਲੈ ਦਿੰਦੇ ਤਾਂ ਮੈਂ ਵੀ..!” ਉਸ ਤੋਂ ਅੱਗੇ ਗੱਲ ਨਾ ਹੋਈ, ਅੱਖਾਂ ਵਿਚਲੇ ਹੰਝੂ ਗੱਲ਼ਾਂ ਤੱਕ ਆ ਗਏ।”ਓਹ! ਹੁਣ ਇਹ ਸੰਚਾਰ ਸਾਧਨ ਵੀ ਕੋਈ ਗਹਿਣਾ ਬਣ ਗਿਆ। ਚੱਲ ਆ..।” ਹੁਣ ਮੈਂ ਮੋਬਾਈਲਾਂ ਦੀ ਦੁਕਾਨ ਵੱਲ ਤੁਰ ਪਿਆ ਸੀ।

ਗੁਰਮੀਤ ਸਿੰਘ ਮਰਾੜ੍ਹ

9501400397

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੌਸਲਾ
Next articleਕਵਿਤਾ