ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ): ਲੰਬੀ ਸਬ-ਤਹਿਸੀਲ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨਾਇਬ ਤਹਿਸੀਲਦਾਰ ਤੇ ਹੋਰ ਮੁਲਾਜ਼ਮਾਂ ਨੂੰ ਬੰਦ ਕੀਤੇ ਜਾਣ ਤੋਂ ਰੋਸ ਵਿੱਚ ਆਏ ਡੀਸੀ ਦਫਤਰ ਦੇ ਕਰਮਚਾਰੀਆਂ, ਮਾਲ ਅਫਸਰਾਂ, ਕਾਨੂੰਨਗੋਆਂ ਤੇ ਪਟਵਾਰੀਆਂ ਨੇ ਸੂਬੇ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ| ਇੱਥੇ ਡੀਸੀ ਦਫਤਰ ਪੁੱਜੇ ਸੂਬੇ ਭਰ ਦੇ ਆਗੂਆਂ ਮੋਹਨ ਸਿੰਘ, ਹਰੀ ਸਿੰਘ ਢੀਂਡਸਾ, ਰੁਪਿੰਦਰ ਸਿੰਘ, ਸੁਖਪ੍ਰੀਤ ਸਿੰਘ ਪੰਨੂ, ਸੁਖਵਿੰਦਰ ਸਿੰਘ, ਇਕਬਾਲ ਸਿੰਘ, ਮਹਿੰਦਰ ਕੁਮਾਰ ਹੋਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਰਾਤੋ-ਰਾਤ ਨਵੇਂ ਹੁਕਮ ਤਾਂ ਦਿੱਤੇ ਜਾ ਰਹੇ ਹਨ ਪਰ ਉਨ੍ਹਾਂ ਹੁਕਮਾਂ ਦੀ ਪੂਰਤੀ ਲਈ ਨਾ ਤਾਂ ਲੋੜੀਂਦੀ ਸਮੱਗਰੀ ਮੌਜੂਦ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਦਿੱਤੀ ਜਾਂਦੀ ਹੈ| ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਜਥੇਬੰਦੀਆਂ ਨੂੰ ਮੰਗਾਂ ਦੀ ਪੂਰਤੀ ਦਾ ਭਰੋਸਾ ਨਹੀਂ ਦਿੰਦੇ ਉਹ ਸੰਘਰਸ਼ ਜਾਰੀ ਰੱਖਣਗੇ| ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਮੁਲਾਜ਼ਮਾਂ ਨੂੰ ਦਫਤਰਾਂ ਵਿੱਚ ਬੰਦੀ ਬਣਾਉਣ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਦੇ ਕੰਮ ਕਰਨ ਦੇ ਨਾਲ ਮੁਲਾਜ਼ਮਾਂ ਦਾ ਖਿਆਲ ਰੱਖਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ|
HOME ਮੁਲਾਜ਼ਮ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ