(ਸਮਾਜ ਵੀਕਲੀ)
ਜਜ਼ਬਾਤਾਂ ਨਾਲ਼ ਖੇਡਣਾ ਸੌ਼ਕ ਅਮੀਰਾ ਦੇ,
ਉੱਚੀ ਥਾਵੇਂ ਸਾਂਝ, ਕਿਸੇ ਨਾਲ਼ ਪਾ ਨਾ ਬੈਠੀ।
ਗਿਰਗਿਟ ਵਾਂਗੂ, ਰੰਗ ਬਦਲਦੀ ਦੁਨੀਆਂ ਤਾਂ,
ਸਾਥ ਨਿਭਾਵਣ ਵਾਲੀ,ਆਸ ਤੂੰ ਲਾ ਨਾ ਬੈਠੀ।
ਮਤਲਬ ਖ਼ਾਤਰ ਹਰ ਕੋਈ ਜਾਲ਼ ਵਿਛਾਉਂਦਾ ਹੈ,
ਝੂਠੇ ਝਾਂਸੇ ਵਿੱਚ ਕਿਤੇ ਤੂੰ, ਆ ਨਾ ਬੈਠੀ।
ਬੜੇ ਹੀ ਡੂੰਘੇ, ਹੁੰਦੇ ਦਰਦ, ਜੁਦਾਈਆਂ ਦੇ,
ਝੂਠਿਆਂ ਦੇ ਨਾਲ ਸੱਚਾ, ਦਿਲ ਵਟਾ ਨਾ ਬੈਠੀ।
ਰੋਗ ਦਿਲਾਂ ਦੇ ਸੱਜਣਾਂ ਕਰਦੇ ਔਖਾ ਨੇ,
ਕਦਮ-ਕਦਮ ਤੇ ਧੋਖੇ, ਕਿੱਧਰੇ ਖਾ ਨਾ ਬੈਠੀ ।
ਕਦਰ ਨਾ ਹੁੰਦੀ ਜਗ ਤੇ ਸੱਚੇ ਪਿਆਰਾ ਦੀ,
ਪਿਆਰ ਵਾਲਾ ਇਹ ਰੋਗ ਤੂੰ, ਦਿਲ ਨੂੰ ਲਾ ਨਾ ਬੈਠੀ।
ਜਜ਼ਬਾਤਾਂ ਨੂੰ ਸਿੱਕੇ ਦੁਨੀਆਂ ਟੰਗਦੀ ਏ,
ਭੇਦ ਦਿਲਾਂ ਦੇ, ਲੋਕਾਂ ਤਾਈਂ ਬਤਾਅ ਨਾ ਬੈਠੀ।
ਜਾਣ-ਜਾਣ ਕੇ ਛੇੜੂ ,ਦੁਨੀਆਂ ਜ਼ਖ਼ਮਾਂ ਨੂੰ ,
ਅੱਲ੍ਹੇ ਅੱਲ੍ਹੇ ਫੱਟ ਤੂੰ, ਕਿੱਤੇ ਵਿਖਾਅ ਨਾ ਬੈਠੀ।
ਕਿਹੜਾ ਜਾਣੇ, ਭੇਦ ਦਿਲਾਂ ਦੇ, ਗੁੱਝਿਆਂ ਨੂੰ,
ਮਹਿਫ਼ਿਲ ਦੇ ਵਿੱਚ, ਸੱਚ ਕਿਤੇ, ਤੂੰ ਗਾ ਨਾ ਬੈਠੀ।
ਸੰਦੀਪ ਹਾਲਾਤਾਂ ਉੱਤੇ, ਪਰਦਾ ਚੰਗਾ ਏ,
ਜਣੇ ਖਣੇ ਨੂੰ ਐਵੇਂ ,ਦਰਦ ਸੁਣਾਅ ਨਾ ਬੈਠੀ।
ਗੀਤ ਚੁੱਪਾਂ ਦੇ ਸੁਣਦੇ, ਬੰਦੇ ਹੀਰੇ ਜੋ,
ਬੇ ਕਦਰੇ ਲੋਕਾਂ ਵਿੱਚ, ਕਦਰ ਗੁਆ ਨਾ ਬੈਠੀ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017



