ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )-ਕੁੱਝ ਲੋਕ ਜਿਉਂਦੇ ਜੀਅ ਲੋਕ ਭਲਾਈ ਦੇ ਕੰਮ ਕਰਦੇ ਹਨ। ਉਹ ਲੋਕਾਂ ਦੇ ਦੁਖਾਂ ਦਰਦਾਂ, ਸਮਾਜਿਕ, ਸਰੀਰਕ, ਮਾਨਸਿਕ, ਆਰਥਿਕ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਂਵਾਂ ਨੂੰ ਦੂਰ ਕਰਨ ਦੇ ਹਮੇਸ਼ਾ ਯਤਨ ਕਰਦੇ ਰਹਿੰਦੇ ਹਨ ਪਰ ਕੁੱਝ ਲੋਕ ਮਰਨ ਉਪਰੰਤ ਵੀ ਲੋਕਾਂ ਦੇ ਕੰਮ ਆਉਣਾ ਲੋਚਦੇ ਹਨ।ਉਹਨਾਂ ਲੋਕਾਂ ਦੀ ਸੋਚ ਕੁੱਝ ਹੇਠਾਂ ਲਿਖੀਆਂ ਸਤਰਾਂ ਦੀ ਤਰ੍ਹਾਂ ਹੁੰਦੀ ਹੈ।
“ਇਹ ਜੀਵਨ ਮੋਇਆਂ ਮੁੱਕਦਾ ਨਹੀਂ,
ਜੇ ਲੋਕਾਂ ਲੇਖੇ ਲਾ ਛੱਡੀਏ।
ਕੁੱਝ ਲੋਕਾਂ ਕੋਲੋਂ ਸਿੱਖ ਲਈਏ,
ਕੁੱਝ ਲੋਕਾਂ ਤਾਈਂ ਸਿਖਾ ਛੱਡੀਏ।”
ਅਜਿਹੀ ਹੀ ਉਦਾਹਰਣ ਉੱਘੇ ਸਿੱਖਿਆ ਸ਼ਾਸਤਰੀ ਮਾ.ਟੋਡਰ ਮੱਲ ਕਮਾਮ ਵਲੋਂ ਕਾਇਮ ਕੀਤੀ ਹੈ। ਉਹਨਾਂ ਨੇ ਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੇ ਆਗੂਆਂ ਮਾ. ਜਗਦੀਸ਼ ਰਾਏ ਪੁਰ ਡੱਬਾ ਅਤੇ ਸੁਖਵਿੰਦਰ ਗੋਗਾ ਨੂੰ ਆਪਣੇ ਘਰ ਬੁਲਾਇਆ। ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜਦੋਂ ਮੇਰੀ ਮੌਤ ਹੋ ਜਾਵੇ ਤਾਂ ਮੇਰੇ ਮ੍ਰਿਤਕ ਸਰੀਰ ਨੂੰ ਜਲਾਉਣ ਜਾਂ ਦਬਾਉਣ ਦੀ ਬਜਾਏ ਮੈਡੀਕਲ ਖੋਜਾਂ ਲਈ ਕਿਸੇ ਮੈਡੀਕਲ ਕਾਲਜ ਨੂੰ ਦਿੱਤਾ ਜਾਵੇ। ਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੇ ਮੀਡੀਆ ਸਕੱਤਰ ਮਾ.ਜਗਦੀਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾ.ਟੋਡਰ ਮੱਲ ਜੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਪਤਨੀ ਸ੍ਰੀਮਤੀ ਜਸਵੀਰ ਕੌਰ ਸੀ.ਐਚ.ਟੀ.,ਬੇਟੀ ਰਮਨਪ੍ਰੀਤ ਕੌਰ ਅਤੇ ਹੋਰ ਗੁਆਂਢੀਆਂ ਦੀ ਹਾਜ਼ਰੀ ਵਿੱਚ ਮਰਨ ਉਪਰੰਤ ਮ੍ਰਿਤਕ ਸਰੀਰ ਦਾਨ ਕਰਨ ਸਬੰਧੀ ਫ਼ਾਰਮ ਭਰ ਕੇ ਹਸਤਾਖਰ ਕਰਕੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੂੰ ਸੌਂਪੇ।ਉਹਨਾਂ ਦੇ ਇਸ ਨੇਕ ਫ਼ੈਸਲੇ ਸੰਬੰਧੀ ਪਰਿਵਾਰ ਨੇ ਪੂਰਨ ਸਹਿਮਤੀ ਪ੍ਰਗਟ ਕੀਤੀ ਇਸ ਸੰਬੰਧੀ ਪੇਪਰ ਵੀ ਸਾਈਨ ਕੀਤੇ। ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਇਹ ਫਾਰਮ ਮੈਡੀਕਲ ਕਾਲਜ PIMS ਜਲੰਧਰ ਲਈ ਭਰੇ ਗਏ ਹਨ। ਇੱਕ ਪੁੱਛੇ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਜਸਵੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਪ੍ਰੇਰਨਾ ਸਾਨੂੰ ਤਰਕਸ਼ੀਲ ਆਗੂ ਜਸਵੀਰ ਕੌਰ ਪਤਨੀ ਮਾ. ਜਗਦੀਸ਼ ਦੀ ਮੌਤ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਕਾਲਜ ਨੂੰ ਦਿੱਤੇ ਜਾਣ ਤੋਂ ਮਿਲੀ ਹੈ। ਮਾਸਟਰ ਟੋਡਰ ਮੱਲ ਨੇ ਕਿਹਾ ਕਿ ਇਹ ਲੋਕ ਭਲਾਈ ਵਾਲੀ ਸੋਚ ਜੱਦੀ ਪੁਸ਼ਤੀ ਹੈ। ਉਹਨਾਂ ਦੱਸਿਆ ਕਿ ਮੇਰੇ ਪਿਤਾ ਗੁਰਮੇਲ ਰਾਮ ਜੀ ਇੱਕ ਚੰਗੀ ਲੋਕ ਉਸਾਰੂ ਸੋਚ ਰੱਖਦੇ ਸਨ। ਉਹ ਸਾਨੂੰ ਹਮੇਸ਼ਾ ਚੰਗੇ ਲੋਕ ਪੱਖੀ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਉਹ ਇਤਿਹਾਸਕ ਜਾਣਕਾਰੀ ਵੀ ਰੱਖਦੇ ਤੇ ਸਾਨੂੰ ਅਤੇ ਹੋਰਾਂ ਨੂੰ ਦਿੰਦੇ ਰਹਿੰਦੇ ਸਨ। ਉਹਨਾਂ ਨੇ ਮੇਰਾ ਨਾਮ ਟੋਡਰ ਮੱਲ ਵੀ “ਦੀਵਾਨ ਟੋਡਰ ਮੱਲ” ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਰੱਖਿਆ ਸੀ। ਉਹਨਾਂ ਅੱਗੇ ਹੋਰ ਕਿਹਾ ਕਿ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੇ ਮ੍ਰਿਤਕ ਸਰੀਰ ਨੂੰ ਜਲਾ ਕੇ ਸੁਆਹ ਜਾਂ ਦਬਾਅ ਕੇ ਮਿੱਟੀ ਬਣਾ ਦਿੱਤਾ ਜਾਂਦਾ ਹੈ।ਪਰ ਮੈਂ ਅਜਿਹਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਮੇਰੇ ਮ੍ਰਿਤਕ ਸਰੀਰ ਤੋਂ ਮੈਡੀਕਲ ਕਾਲਜ ਦੇ ਵਿਦਿਆਰਥੀ ਨਵੀਆਂ ਖੋਜਾਂ ਕਰਨ ਜਿਨ੍ਹਾਂ ਨਾਲ ਬੇਸ਼ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਮੇਰੀਆਂ ਅੱਖਾਂ ਕਿਸੇ ਦੋ ਲੋੜਵੰਦਾਂ ਨੂੰ ਲਗਾਈਆਂ ਜਾਣ ਤਾਂ ਜੋ ਉਹ ਦੁਨੀਆਂ ਦੇਖ ਸਕਣ ਅਤੇ ਉਹਨਾਂ ਦਾ ਜੀਵਨ ਰੌਸ਼ਨ ਹੋ ਸਕੇ। ਇਸ ਤੋਂ ਇਲਾਵਾ ਜੇ ਹੋ ਸਕੇ ਤਾਂ ਮੇਰਾ ਹਰ ਅੰਗ ਲੋੜਵੰਦਾਂ ਨੂੰ ਲਗਾਇਆ ਜਾਵੇ ਤਾਂ ਜੋ ਉਹਨਾਂ ਦੇ ਜੀਵਨ ਵਿੱਚ ਮੁੜ ਖੁਸ਼ੀਆਂ ਖੇੜੇ ਆ ਸਕਣ। ਇਸ ਮੌਕੇ ਮਾ.ਦੇਸ ਰਾਜ ਬੱਜੋਂ, ਐਸ ਐਸ ਅਜ਼ਾਦ, ਅਮਨਦੀਪ ਕੌਰ, ਸੁਖਜਿੰਦਰ ਸਿੰਘ ਸਰਾ,ਹਰੀ ਦਾਸ, ਹਰਜਿੰਦਰ ਕੌਰ, ਬਲਜਿੰਦਰ ਕੌਰ ਜਗਦੀਸ਼ ਕੌਰ ਅਤੇ ਨਵਿਤਾ ਕੁਮਾਰੀ ਆਦਿ ਹਾਜ਼ਰ ਸਨ।
ਮਾ.ਜਗਦੀਸ਼ ਰਾਏ ਪੁਰ ਡੱਬਾ।
ਮੀਡੀਆ ਮੁਖੀ ਜੋਨ ਨਵਾਂਸ਼ਹਿਰ।
ਫੋਨ 9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj