ਸਮਾਜ ਵੀਕਲੀ
“ਮਾਲਵਾ ਖੇਤਰ ਹਮੇਸ਼ਾਂ ਹੀ ਸਭਿਆਚਾਰਕ ਗਤੀਵਿਧੀਆਂ ਵਿੱਚ ਅਵੱਲ ਰਿਹਾ ਹੈ।ਸ਼ਾਇਦ ਇਸ ਦਾ ਸਭ ਤੋਂ ਵੱਡਾ ਕਾਰਨ ਇਸ ਖੇਤਰ ਦੇ ਲੋਕਾਂ ਦਾ ਵਾਤਾਵਰਨ ਸੀ।ਮਾਝਾ ਅਤੇ ਦੋਆਬਾ ਖੇਤਰ ਦਾ ਲੋਕ ਜਿਆਦਾਤਰ ਵਿਦੇਸ਼ਾਂ ਵੱਲ ਰੁਝਾਨ ਰੱਖਦੇ ਹਨ,ਪਰ ਮਲਵਈ ਲੋਕਾਂ ਵਿੱਚ ਇਹ ਰੁਝਾਨ ਘੱਟ ਹੈ,ਇਸੇ ਕਰਕੇ ਇਸ ਖਿੱਤੇ ਦੇ ਲੋਕਾਂ ਨੇ ਆਪਣੇ ਹੁਨਰ ਨੂੰ ਤਰਾਸਦਿਆਂ ਆਪਣੇ ਅੰਦਰੋਂ ਕਵੀ,ਸ਼ਾਇਰ,ਸਾਹਿਤਕਾਰ,ਰੰਗ ਕਰਮੀ,ਗਾਇਕ,ਗੀਤਕਾਰ ਨਾਟਕਕਾਰ ਆਦਿ ਦੁਨੀਆਂ ਅੱਗੇ ਪੇਸ਼ ਕੀਤੇ।
ਬਠਿੰਡੇ ਮਾਨਸੇ ਦੇ ਰੇਤਲੇ ਟਿੱਬਿਆ ਨੇਂ ਰੇਤ ਵਿੱਚੋਂ ਅਜਿਹੇ ਕਲਾਕਾਰ ਸਾਹਿਤਕਾਰ ਪੈਦਾ ਕੀਤੇ ਜਿਨ੍ਹਾਂ ਨੇ ਆਪਣਾ ਨਾਮ ਧਰੂ ਤਾਰੇ ਵਾਂਗ ਚਮਕਾਇਆ ਹੈ ਜਾਂ ਚਮਕਾਉਣ ਦੀ ਰਾਹ ‘ਤੇ ਹਨ।ਅਜਿਹੀ ਹੀ ਕਵਿਤਰੀ ਹੈ ਮਨਪ੍ਰੀਤ ਚਹਿਲ।ਮਨਪ੍ਰੀਤ ਕੌਰ ਚਹਿਲ ਦਾ ਜਨਮ ਸਰਦਾਰ ਗੁਰਚਰਨ ਸਿੰਘ ਮਾਤਾ ਬਲਜੀਤ ਕੌਰ ਦੀ ਕੱਖੋ 1993 ਵਿੱਚ ਪਿੰਡ ਰੱਲੀ ਜਿਲ੍ਹਾ ਮਾਨਸਾ ਵਿਖੇ ਹੋਇਆ । ਮਨਪ੍ਰੀਤ ਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਤੇ ਉਹ ਤਿੰਨ ਭੈਣਾ ਤੇ ਦੋ ਭਰਾ ਹਨ । ਮਨਪ੍ਰੀਤ ਨੇ ਆਪਣੀ +2 ਤੱਕ ਦੀ ਪੜਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ । ਮਨਪ੍ਰੀਤ ਨੂੰ ਲਿਖਣ ਦਾ ਸੌ਼ਕ ਬਚਪਨ ਤੋਂ ਹੀ ਸੀ । ਪਰ ਉਸ ਨੂੰ ਸਮਝ ਨਹੀ ਸੀ ਆ ਰਿਹਾ ਸੀ ਵੀ ਉਹ ਕਿੱਥੋ ਸੁਰੂ ਕਰੇ । ਉਸਨੇ ਆਪਣੀ ਪਹਿਲੀ ਕਵਿਤਾ ਆਪਣੇ ਅਧਿਆਪਕਾ ਤੇ ਲਿਖੀ ।ਪਰ ਉਹ ਸਿਰਫ ਮਜ਼ਾਕ ਵਿੱਚ ਹੀ ਲਿਖੀ ਸੀ ।
ਉਸ ਤੋਂ ਬਾਅਦ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਗੁਰਚਰਨ ਸਿੰਘ ਮਾਨ ਨੇ ਮਨਪ੍ਰੀਤ ਨੂੰ ਹੋਰ ਲਿਖਣ ਲਈ ਪ੍ਰੇਰਿਤ ਕੀਤਾ । ਮਨਪ੍ਰੀਤ ਨੇ ਆਪਣੀ ਪਹਿਲੀ ਕਵਿਤਾ ਆਪਣੇ ਸਕੂਲ ਦੇ ਰਸਾਲੇ ਵਿੱਚ ਦੋ ਕਵਿਤਾਵਾਂ ਮਾਂ ਤੇ ਧੀਆਂ ਦਰਜ ਕਰਵਾਈਆ । ਸਕੂਲ ਦੀ ਪੜਾਈ ਪੂਰੀ ਹੋਣ ਤੋਂ ਬਾਅਦ ਮਨਪ੍ਰੀਤ ਨੇ ਆਪਣੀ ਬੀ.ਏ , ਐੱਮ.ਏ ਪੰਜਾਬੀ ਸਾਹਿਤ ਦਾ ਵਿਸ਼ਾ ਲੈ ਕੇ ਪੂਰੀ ਕੀਤੀ । ਮਨਪ੍ਰੀਤ ਨੇ ਇੱਕ ਵਾਰ ਆਪਣੀਆਂ ਕਵਿਤਾਵਾਂ ਲਿਖਣ ਲਈ ਇੱਕ ਪੱਤਰਕਾਰ ਨੂੰ ਦਿੱਤੀਆ ਪਰ ਉਸ ਨੇ ਅਖ਼ਬਾਰ ਵਿੱਚ ਨਹੀ ਛਪਾਈਆ । ਮਨਪ੍ਰੀਤ ਦਾ ਦਿਲ ਬਹੁਤ ਉਦਾਸ ਹੋਇਆ ।
ਫਿਰ ਮਨਪ੍ਰੀਤ ਨੇ ਲਿਖਣਾ ਬੰਦ ਕਰ ਦਿੱਤਾ । ਫਿਰ ਉਸਨੇ ਆਪਣੀ ਬੀ. ਐੱਡ ਦੀ ਪੜਾਈ ਮਾਤਾ ਗੁਰਦੇਵ ਕੌਰ ਕਾਲਜ ਵਿੱਚੋ ਪ੍ਰਾਪਤ ਕੀਤੀ । ਮਨਪ੍ਰੀਤ ਦਾ ਵਿਆਹ 2017 ਵਿੱਚ ਸਰਦਾਰ ਹਰਪ੍ਰੀਤ ਸਿਘ ਨਾਲ ਪਿੰਡ ਭੁਟਾਲ ਖੁਰਦ ਜਿਲ੍ਹਾ ਸੰਗਰੂਰ ਵਿਖੇ ਹੋਇਆ । ਉਸ ਦੇ ਘਰ ਦੋ ਬੇਟੀਆ ਨਿਮਰਤ ਤੇ ਰਵਨੀਤ ਨੇ ਜਨਮ ਲਿਆ । ਫਿਰ ਇੱਕ ਦਿਨ ਮਨਪ੍ਰੀਤ ਦੀ ਭੈਣ ਕੁਲਵੀਰ ਕੌਰ ਚਹਿਲ ਨੇ ਸਤਿਗੂਰ ਨਾਮ ਦੇ ਲੇਖਕ ਨਾਲ ਮਨਪ੍ਰੀਤ ਦੀ ਕਵਿਤਾ ਬਾਰੇ ਗੱਲ ਕੀਤੀ ।ਮਨਪ੍ਰੀਤ ਦਾ ਖਾਸ ਕਹਿਣਾ ਹੈ,ਸਤਿਗੂਰ ਸਿਘ ਨੇ ਮਨਪ੍ਰੀਤ ਦੀ ਬਹੁਤ ਮਦਦ ਕੀਤੀ ।
ਉਸ ਨੇ ਮਨਪ੍ਰੀਤ ਦੀ ਪਹਿਲੀ ਕਵਿਤਾ ‘ਅਰਜ਼’ ਅਖ਼ਬਾਰ ਵਿੱਚ ਛਪਾਈ ।ਗੱਲਾਂ ਦੀ ਚੱਲ ਰਹੀ ਲੜੀ ਵਿੱਚ ਉਸ ਨੇ ਕਿਹਾ ਉਸ ਤੋਂ ਬਾਅਦ ਸਤਿਗੂਰ ਸਿੰਘ ਨੇ ਮੈਨੂੰ ਰਮੇਸ਼ਵਰ ਸਿੰਘ ਪਟਿਆਲਾ ਦਾ ਨੰਬਰ ਦਿੱਤਾ,ਜੋ ਆਪ ਇੱਕ ਉੱਘੇ ਲੇਖਕ ਹਨ । ਰਮੇਸ਼ਵਰ ਨਾਲ ਗੱਲ ਕੀਤੀ ਤੇ ਉਸਨੇ ਮਨਪ੍ਰੀਤ ਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕੀਤਾ । ਉਸਨੇ ਬਹੁਤ ਸਾਰੇ ਵਿਸ਼ਿਆ ਤੇ ਕਵਿਤਾਵਾ ਲਿਖੀਆ,ਅਤੇ ਰਮੇਸ਼ਵਰ ਸਿੰਘ ਵੱਲੋਂ ਅਕਸਰ ਉਸਦੀਆਂ ਲਿਖੀਆਂ ਕਵਿਤਾਵਾਂ ਦੇਸ਼ ਵਿਦੇਸ਼ ਦੇ ਨਾਮਵਰ ਅਖਬਾਰਾਂ ਵਿੱਚ ਛਪਵਾਈਆਂ ਜਾਣ ਲੱਗੀਆਂ । ਮਨਪ੍ਰੀਤ ਕੌਰ ਚਹਿਲ ਦੀ ਕਲ਼ਮ ਦੇ ਕੁਝ ਰੰਗ –
ਅਨਮੋਲ ਜ਼ਿੰਦਗੀ
ਇਹ ਬੰਦੇ ਤੇਰੀ ਇਹ ਅਨਮੋਲ ਜ਼ਿੰਦਗੀ ,
ਇਸ ਨੂੰ ਬੁਰੇ ਕੰਮਾਂ ਵਿੱਚ ਨਾ ਗਵਾ ,
ਆਪਣੇ ਆਪ ਨੂੰ ਨਾ ਤੂੰ ਖੁਦਾ ਅਖਵਾ ।
ਸਾਰੇ ਹੀ ਰੱਬ ਦੇ ਬੰਦੇ ,
ਨਾ ਕਰ ਇਹਨਾ ਤੇ ਅੱਤਿਆਚਾਰ ਕੋਈ ,
ਐਵੇਂ ਨਾ ਬੁਰਾ ਅਖਵਾ ।
ਰੱਬ ਦੀ ਦਿੱਤੀ ਸੋਨੇ ਵਰਗੀ ਜ਼ਿੰਦਗੀ ,
ਇਸ ਤੋਂ ਚੰਗੇ ਕੰਮ ਕਰਵਾ ।
ਕਰਕੇ ਮਿਹਨਤ ਨਾਲ ਕਮਾਈ ,
ਆਪਣੇ ਘਰ ਦਾ ਚੁੱਲ੍ਹਾ ਜਲਾ ।
ਤੇਰੀ ਇਹ ਜ਼ਿੰਦਗੀ ਬੜੀ ਅਨਮੋਲ ,
ਇਸ ਨੂੰ ਚੰਗੇ ਕੰਮਾਂ ਤੇ ਲਾ ਕੇ ,
ਦੇਸ ਦਾ ਨਾਮ ਚਮਕਾ।
ਉਸ ਵੱਲੋਂ ਰੱਬ ਵੱਲੋਂ ਦਿੱਤੀ ਗਈ ਮਨੁੱਖ ਨੂੰ ਸਭ ਤੋਂ ਖੂਬਸੂਰਤ ਨਿਆਮਤ ਜਿੰਦਗੀ ਨੂੰ ਐਨੇ ਸੋਹਣੇ ਢੰਗ ਨਾਲ ਜੀਣ ਲਈ ਪ੍ਰੇਰਿਤ ਕੀਤਾ ਗਿਆ ਹੈ ਕਿ ਹਰ ਮਨੁੱਖ ਹਾਂ ਪੱਖੀ ਰਵਈਆ ਅਪਣਾਕੇ ਜਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂ ਹੁੰਦਾ ਹੋਇਆ,ਤੰਗੀਆ ਤਲਖ਼ੀਆਂ ਨੂੰ ਮਜਾਕ ਜਾਣਦਿਆਂ ਜਿੰਦਗੀ ਦਾ ਇਹ ਸਫ਼ਰ ਹੱਸ ਕੇ ਤੈਅ ਕਰੇ।ਉਸ ਦੁਆਰਾ ਜਿਥੇ ਸਮਾਜਿਕ,ਧਾਰਮਿਕ ਅਤੇ ਪਰਿਵਾਰਕ ਮੁੱਦਿਆਂ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਇਆ ਜਾਂਦਾ ਹਾਂ ਉੱਥੇ ਹੀ ਉਸ ਦੁਆਰਾ ਰਾਜਨੀਤਿਕ ਮਸਲਿਆਂ ਉੱਪਰ ਵੀ ਵਿਅੰਗ,ਅਤੇ ਤਰਕ ਸਹਿਤ ਲਿਖਿਆ ਜਾਂਦਾ ਹੈ।ਜਿਸ ਬਾਰੇ ਇਨ੍ਹਾਂ ਸਾਰੇ ਮਸਲਿਆਂ ਬਾਰੇ ਲਿਖਦੇ ਮਨਪ੍ਰੀਤ ਨੇ ਕਿਹਾ ਹੈ ਕਿ..
ਅੱਜ ਦੇ ਲੋਕ
ਦਰਦ ਇਹ ਕਿਸੇ ਦਾ ਸੁਣਦੇ ਨਹੀ ,
ਖੁਸ਼ੀਆ ਵਿੱਚ ਸ਼ਾਮਿਲ ਹੋਣ ਇਹ ਲੋਕ ।
ਜ਼ਮੀਨ – ਜਾਇਦਾਦ ਪਿੱਛੇ ਲੱਗ ਕੇ ਕਾਤਿਲ ਇਹ ਕਰਦੇ ਆਪਣੇ ਭਾਈ ਦਾ ,
ਦਾਗ ਕੌਮ ਦੇ ਮੱਥੇ ਤੇ ਲਾਉਣ ਇਹ ਲੋਕ ।
ਸਮਝਣ ਨਾ ਇਹ ਕਿਸੇ ਦੀਆ ਭਾਵਨਾਵਾਂ ਨੂੰ ,
ਕਿਸੇ ਨੂੰ ਤੜਫਾਕੇ ਖੁਸ਼ ਹੋਣ ਇਹ ਲੋਕ ।
ਜ਼ਿੰਦਗੀ ਦੀ ਹਰ ਖੁਸੀ ਕਰ ਲੈਦੇ ਹਾਸਿਲ ,
ਫਿਰ ਵੀ ਗੁਲਾਮ ਬਣਕੇ ਰਹਿਣ ਇਹ ਲੋਕ ।
ਰਾਜਨੀਤੀ ਵਿੱਚ ਜਿੱਤਣ ਲਈ ,
ਗਰੀਬਾਂ ਨੂੰ ਵੀ ਗ਼ਲ ਨਾਲ ਲਾਉਣ ਇਹ ਲੋਕ ।
ਫਿਰ ਵੀ ਪਤਾ ਨਹੀ ਕਿਉ ਇੱਕ ਦੂਜੇ ਤੇ ਇਤਬਾਰ ਕਰਦੇ ਨੇ ਇਹ ਅੱਜ ਦੇ ਲੋਕ ।
ਰਾਜਨੀਤਕ,ਸਮਾਜਿਕ ਮਸਲਿਆਂ ਦੀ ਸੱਚਾਈ ਬਿਆਨ ਕਰਦੀ ਇਹ ਲਿਖ਼ਤ ਸਾਨੂੰ ਅੱਜ ਦਾ ਸੱਚ ਬਿਆਨ ਕਰਨ ਦੇ ਨਾਲ ਨਾਲ ਇੱਕ ਸਬਕ ਦੇਕੇ ਜਾਂਦੀ ਹੈ।
ਦੂਰਅੰਦੇਸ਼ੀ ਸੋਚ ਵਾਲੀ ਇਕ ਕਵਿੱਤਰੀ ਨੂੰ ਵੇਖਕੇ ਸਾਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੀ ਕਲਾ ਚਾਹੇ ਉਹ ਕਿਸੇ ਵੀ ਖ਼ੇਤਰ ਨਾਲ ਸਬੰਧਿਤ ਹੋਵੇ,ਰਾਹੀਂ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕਰਨਾ ਚਾਹੀਦਾ ਹੈ। ਅਸੀਂ ਮਨਪ੍ਰੀਤ ਕੌਰ ਚਹਿਲ ਦੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਹਾਂ ਕਿ ਪੰਜਾਬੀ ਸਾਹਿਤ ਦੀ ਇਹ ਉੱਭਰਦੀ ਕਲਮ ਸਾਹਿਤਕ ਅੰਬਰ ਦੇ ਧਰੂ ਤਾਰੇ ਵੱਜੋਂ ਸਥਾਪਿਤ ਹੋਵੇ।
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly