ਚੂਹੜਧਾਰ ਦੀ ਫ਼ਤਿਹ -1

ਗੁਰਮਾਨ ਸੈਣੀ

ਸਮਾਜ ਵੀਕਲੀ

ਬਹੁਤ ਦਿਨਾਂ ਤੋਂ ਇਹ ਗੱਲ ‌ਅੰਦਰੋ ਅੰਦਰੀ ਸੁਲਗ ਰਹੀ ਸੀ ਕਿ ਇਸ ਵਾਰ ਪ੍ਰਧਾਨ ਪਤਾ ਨਹੀਂ ਕਿਉਂ ਚੁਪ ਬੈਠਾ ਹੈ? ਉਹ ਆਪਸ ਵਿੱਚ ਗੱਲਾਂ ਕਰਦੇ ਪਰ ਮੈਨੂੰ ਕਹਿਣ ਦਾ ਕੋਈ ਹੌਸਲਾ ਨਾ ਕਰਦਾ। ਦਰ ਅਸਲ ਅੱਗੇ ਹੋ ਕੇ ਕੋਈ ਆਪ ਪੰਜਾਲੀ ਚੁੱਕਣ ਨੂੰ ਤਿਆਰ ਨਹੀਂ ਸੀ। ਧੂਆਂ ਉੱਠਿਆ ਤਾਂ ਕਨਸੋਆਂ ਮੇਰੇ ਤੀਕ ਵੀ ਪਹੁੰਚੀਆਂ। ਅਸਲ ਵਿੱਚ ਮੈਨੂੰ ਅੱਗੇ ਲੱਗਣ ਵਿੱਚ ਗੁਰੇਜ਼ ਕਦੇ ਨਹੀਂ ਹੁੰਦਾ। ਮੈਂ ਤਾਂ ਵੇਖ ਰਿਹਾ ਸੀ ਕਿ ਕਿਸ ਕਿਸ ਦੀ ਕਿੰਨੀ ਕਿੰਨੀ ਤਾਂਘ ਹੈ ਤੇ ਕੌਣ ਕੌਣ ਕਿੰਨਾਂ ਕਿੰਨਾਂ ਭਾਰ ਝੱਲ ਸਕਦਾ ਹੈ। ਮੇਰੀ ਆਦਤ ਹੈ ਜਦੋਂ ਮੈਂ ਘਰ ਤੋਂ ਬਾਹਰ ਪੈਰ ਪਾਉਂਦਾ ਹਾਂ ਤਾਂ ਫ਼ਕੀਰਾਂ ਹਾਲ ਨਿਕਲਦਾ ਹਾਂ। ਜਦੋਂ ਘਰ ਦੀ ਦਹਿਲੀਜ਼ ਟੱਪ ਹੀ ਜਾਈਏ ਤਾਂ ਫੇਰ ਸਭ ਕੁਝ ਉਸੇ ਪਾਲਣਹਾਰ ਤੇ ਹੀ ਛੱਡ ਦੇਣਾ ਹੁੰਦਾ ਹੈ। ਦਰ ਅਸਲ ਮੈਂ ਨਹੀਂ ਸਾਂ ਚਾਹੁੰਦਾ ਕਿ ਮੇਰੇ ਨਾਲ ਚੱਲਣ ਵਾਲਾ ਆਪਣੇ ਆਪ ਨੂੰ ਘੜੀਸਿਆ ਮਹਿਸੂਸ ਕਰੇ। ਮੇਰੀ ਸ਼ਰਤ ” ਜਿਵੇਂ ਜਿਵੇਂ ਦੇ ਹਾਲਾਤ ਮਿਲਣ ਜਾਂ ਪੈਦਾ ਹੋਣ ਉਂਵੇਂ ਉਂਵੇਂ ਰੱਬ ਦੀ ਰਹਿਮਤ ਜਾਣ ਕੇ ਜੀ ਲਿਆ ਜਾਵੇ। ਬੱਸ ਕੁਦਰਤ ਦਾ ਆਨੰਦ ਮਾਣਿਆ ਜਾਵੇ।’

*ਕਾਰਨ*

ਰੋਜ਼ ਰੋਜ਼ ਦੀ ਦੌੜ ਭੱਜ ਦਾ ਅਤੇ ਲੈਣ ਦੇਣ ਦਾ ਅੱਕਿਆ ਦਿੱਲੀ ਸ਼ਹਿਰ ਦਾ ਇਕ ਲਾਲਾ ਜਿਸਦਾ ਰੁਟੀਨ ਹੁੰਦਾ ਸੀ ਪੈਸਾ ਜਾਂ ਕੰਮ। ਪੈਸਾ ਜਾਂ ਕੰਮ। ਜਿਸਨੇ ਕਦੇ ਚੜ੍ਹਦਾ ਜਾਂ ਛਿਪਦਾ ਸੂਰਜ ਨਹੀਂ ਸੀ ਤੱਕਿਆ।ਉਹ ਮੇਰੇ ਵਰਗੇ ਕਿਸੇ ਫ਼ਕੀਰ ਸੁਭਾਅ ਬੰਦੇ ਦੇ ਕਹਿਣ ਨਾਲ ਪਹਾੜੀ ਏਰੀਏ ਦੀ ਕਿਸੇ ਗੁੰਮਨਾਮ ਥਾਂ ਉੱਤੇ ਆਪਣੀ ਭੱਜ ਦੌੜ ਤੋਂ ਨਜਾਤ ਪਾਉਣ ਲਈ ਪੁੱਜਿਆ। ਪਹੁੰਚਣ ਤੀਕ ਤੇ ਜਾਣ ਦੇ ਹਰਿਆਵਲੇ ਰਸਤੇ ਵਿੱਚ ਉਸਨੂੰ ਬੜਾ ਮਜ਼ਾ ਆਇਆ। ਉਸਦਾ ਦਿਲ ਜਿਵੇਂ ਕਲੀ ਤੋਂ ਖਿੜ ਕੇ ਜਿਵੇਂ ਫੁੱਲ ਬਣਨ ਦੇ ਰਾਹ ਪੈ ਗਿਆ ਹੋਵੇ। ਪਰ ਪਹੁੰਚਣ ਵਾਲੀ ਥਾਂ ਤੇ ਪਹੁੰਚ ਕੇ ਉਸਨੇ ਦੇਖਿਆ ਕਿ ਰੁਕਣ ਲਈ ਕੋਈ ਵਧੀਆ ਆਰਾਮਦਾਇਕ ਥਾਂ ਨਹੀਂ ਸੀ।

ਖਾਣ ਵਿੱਚ ਮੁਰਗ਼ ਮੁਸੱਲਮ ਵੀ ਮਿਲਦਾ ਨਹੀਂ ਸੀ ਪਰਤੀਤ ਹੁੰਦਾ। ਬੈਗ ਸੁੱਟ ਕੇ ਕਮਰੇ ਦੀਆਂ ਬਾਰੀਆਂ ਖੋਲੀਆਂ ਤਾਂ ਠੰਡੀ ਹਵਾ ਦਾ ਬੁੱਲਾ ਤਾਂ ਆਇਆ ਪਰ ਪਿਛੇ ਭਿਓਂ ਕੇ ਤੱਕਿਆ ਤਾਂ ਕੋਈ ਟੀਵੀ ਵਗੈਰਾ ਤੇ ਹੋਰ ਨਿੱਕ ਸੁੱਕ ਕਮਰੇ ਵਿੱਚ ਨਹੀਂ ਸੀ। ਢਿੱਲਾ ਜਿਹਾ ਪੈ ਕੇ ਘਰ ਕਾਲ ਮਿਲਾਉਣ ਲੱਗਿਆ ਤਾਂ ਸਿਗਨਲ ਨਹੀਂ ਸੀ ਮਿਲਿਆ। ਕੋਈ ਈਮੇਲ ਜਾਂ ਫੋਨ ਉੱਤੇ ਹੀ ਕੋਈ ਪ੍ਰੋਗਰਾਮ ਦੇਖਣ ਦੀ ਸੰਭਾਵਨਾ ਧੁੰਦਲੀ ਪੈਂਦੀ ਨਜ਼ਰ ਆਈ। ਮੇਰੇ ਵਰਗੇ ਇੱਕੋ ਇੱਕ ਬੈਰੇ ਨੂੰ ਗੁੱਸੇ ਨਾਲ ਚੀਕ ਕੇ ਬੋਲਿਆ, ‘ ਕੀ ਹੈ ਇੱਥੇ – ਨਾ ਕਾਲ, ਨਾ ਟੀਵੀ, ਨਾ ਫੋਨ ?’ ਬੈਰੇ ਨੇ ਉਸਦੇ ਮਨ ਦੀ ਉਲਝੀ ਹੋਈ ਹਾਲਤ ਦੇਖ ਕੇ ਚੰਡ ਵਰਗੀ ਇੱਕ ਗਾਲ੍ਹ ਆਪਣੇ ਧੁਰ ਅੰਦਰੋਂ ਅੰਦਰੀ ਕੱਢ ਮਾਰੀ।

” ਜਿੱਥੋਂ ਆਇਐਂ, ਉੱਥੇ ਇਹ ਸਭ ਕੁਝ ਹੈ ਈ ਸੀ, ਫੇਰ ਇੱਥੇ … ਮਰਾਉਣ ਆਇਆ। ”
ਪਿੱਛੇ ਦੀ ਦੁਨੀਆਂ ਦੀ ਮਾਰਾ ਮਾਰੀ ਜਦ ਉਸਨੂੰ ਯਾਦ ਆਈ ਤਾਂ ਸਭ ਕੁਝ, ਜਿਹੜਾ ਜਿਹੋ ਜਿਹਾ ਵੀ ਸੀ, ਮਿੰਟਾਂ ਵਿੱਚ ਹੀ ਕਬੂਲ ਹੋ ਗਿਆ।

ਮੈਂ ਚਾਹੁੰਦਾ ਹਾਂ ਮੇਰੇ ਨਾਲ ਘਰ ਤੋਂ ਬਾਹਰ ਉਹ ਬੰਦਾ ਪੈਰ ਪੁੱਟੇ ਜਿਸਨੂੰ ਸਭ ਕੁਝ ਕਬੂਲ ਹੋਵੇ।
ਉਂਝ ਕਹਿੰਦੇ ਹਨ ਕਿ ਰਾਏ ਤਾਂ ਤਿੰਨ ਬੰਦਿਆਂ ਦੀ ਵੀ ਇੱਕ ਨਹੀਂ ਹੁੰਦੀ ਪਰ ਮੇਰੀ ਝਿੜਕ ਨੇ ਸਭ ਨੂੰ ਸਭ ਕੁਝ ਕਬੂਲ ਵਾਲੀ ਸਥਿਤੀ ਤੇ ਲੈ ਆਂਦਾ ਸੀ।”

ਉਨੀਂ ਸੌ ਪਚੰਨਵੇਂ ਦੀ ਇੱਕੀ ਮਈ ਦਾ ਭਰ ਗਰਮੀਆਂ ਦਾ ਦਿਨ। ਰਾਮਪੁਰ ਸੈਣੀਆਂ ਤੋਂ, ਦਲਜੀਤ, ਮੋਹਨ ਅਤੇ ਹਰਵਿੰਦਰ। ਚੰਡੀਗੜ੍ਹ ਤੋਂ ਕਰਮ ਗਿਰੀ, ਰਾਮਗੜ੍ਹ ਤੋਂ ਮੈਂ ਤੇ ਕੁਲਦੀਪ ਉਰਫ ਮਿਰਚੂ, ਮੁਕੰਦਪੁਰ ਤੋਂ ਸੁਰਿੰਦਰ ਅਤੇ ਰਾਜਪੁਰਾ ਤੋਂ ਰਣਜੀਤ ਸਮੇਤ ਸੂਰਜ ਦੀ ਟਿੱਕੀ ਚੜਦੇ ਸਾਰ ਹੀ ਜੈ ਸਿੰਘ ਪੁਰਾ ਦੇ ਪਿੱਪਲ ਹੇਠਾਂ ਆ ਜੁੜੇ।ਚਾਹ ਪਾਣੀ ਤੋਂ ਬਾਅਦ ਪਿੰਡ ਦੇ ਨੱਗਰ ਖੇੜੇ ਦੀ ਜੈ ਬੋਲ ਕੇ ਅਸੀਂ ਸਕੁਟਰ ਹਿਮਾਚਲ ਦੀ ਰਿਆਸਤ ਸਿਰਮੌਰ ਜਿਸਨੂੰ ਅੱਜ ਕੱਲ ਨਾਹਨ ਆਖਦੇ ਹਨ, ਦੇ ਰਾਹ ਪਾ ਲਏ।

ਰਣਜੀਤ, ਮੋਹਨ ਤੇ ਕੁਲਦੀਪ ਨਾਲ ਇਹ ਮੇਰਾ ਪਹਿਲਾ ਸਫ਼ਰ ਸੀ। ਬਾਕੀ ਦੇ ਅਸੀਂ ਤਾਂ ਛੋਟੇ ਵੱਡੇ ਗੇੜੇ ਕੱਢਦੇ ਹੀ ਰਹਿੰਦੇ ਸਾਂ। ਇਥੋਂ ਚੱਲ ਕੇ ਅਸੀਂ ਪਾਉਂਟਾ ਸਾਹਿਬ ਰੋਡ ਤੋਂ ਮੁੜਨ ਵਾਲੀ ਨਾਹਨ ਦੀ ਮੋੜ ਘੇੜ ਵਾਲੀ ਵੱਡੀ ਚੜ੍ਹਾਈ ਚੜ੍ਹਨ ਦਾ ਤਜਰਬਾ ਹਾਸਿਲ ਕੀਤਾ। ਇਸ ਚੜ੍ਹਾਈ ਤੋਂ ਇੱਕਦਮ ਬਾਅਦ ਨਾਹਨ ਦਾ ਹੀ ਇੱਕ ਛੋਟੇ ਜਿਹਾ ਹਿੱਸਾ ਹੈ ਨੌਣੀ ਬਾਗ਼। ਨਾਹਨ ਦੇ ਪੁਰਾਣੇ ਬਸ ਅੱਡੇ ਤੋਂ ਇਥੇ ਪੌੜੀਆਂ ਰਾਹੀਂ ਸਿੱਧਾ ਰਾਹ ਉਤਰਦਾ ਹੈ। ਇੱਥੇ ਪਾਣੀ ਦੀ ਬਹੁਤ ਵਧੀਆ ਬੌੜੀ ਹੈ ਤੇ ਕੁਝ ਜਮੋਏ, ਅੰਬ ਤੇ ਢੇਊ ਦੇ ਵੱਡੇ ਵੱਡੇ ਦਰਖਤ ਹਨ। ਅਸਲ ਵਿੱਚ ਨੌਣੀ ਬਾਗ਼ ਵਿੱਚ ਮਿਰਚੂ ਦੀ ਭੂਆ ਰਹਿੰਦੀ ਹੈ। ਫੁੱਫੜ ਹਿਮਾਚਲ ਰੋਡਵੇਜ਼ ਵਿੱਚ ਮੁਲਾਜ਼ਮ ਹਨ। ਇੱਥੇ ਭੂਆ ਦੇ ਪਰਿਵਾਰ ਨੂੰ ਮਿਲਕੇ ਤੇ ਚਾਹ ਪਾਣੀ ਪੀ ਕੇ ਅਸੀਂ ਸਫ਼ਰ ਲਈ ਅਸ਼ੀਰਵਾਦ ਤੇ ਵਿਦਾ ਲਈ।

ਇੱਥੋਂ ਚੱਲ ਕੇ ਅਸੀਂ ਨਾਹਣ ਦਾ ਬਾਜ਼ਾਰ ਤੇ ਨਵਾਂ ਬਸ ਸਟੈਂਡ ਦੇਖਿਆ। ਇਸਨੂੰ ਦਿੱਲੀ ਗੇਟ ਵਜੋਂ ਵੀ ਜਾਣਿਆ ਜਾਂਦਾ ਹੈ।ਇਸਦੇ ਨਾਲ ਲਗਦੇ ਪਟ੍ਰੌਲ ਪੰਪ ਤੋਂ ਅਸਾਂ ਚਾਰੇ ਜਣਿਆਂ ਨੇ ਪੰਜਾਹ ਪੰਜਾਹ ਰੁਪਏ ਵਿੱਚ ਸਕੂਟਰਾਂ ਦੀਆਂ ਟੈਂਕੀਆਂ ਫੁੱਲ ਕਰਾ ਲਈਆਂ। ਨਾਹਨ ਦੀ ਮੋਰਫੈਨ ਬਿਰੋਜਾ ਫੈਕਟਰੀ ਵਾਲੀ ਉਤਰਾਈ ਉਤਰ ਕੇ ਅਸੀਂ ਆਪਣਾ ਰੁਖ ਰੇਣੁਕਾ ਦੇਵੀ ਵੱਲ ਨੂੰ ਕਰ ਲਿਆ।

ਇਥੋਂ ਚੱਲ ਕੇ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਪਿੰਡ ਆਉਂਦਾ ਹੈ, ਜਮਟਾ। ਇੱਥੋਂ ਦੋ ਰਸਤੇ ਨਿਕਲਦੇ ਹਨ। ਇੱਕ ਰਸਤਾ ਨੈਣਾਂ ਟੀਕਰ ਹੋ ਕੇ ਕਾਲਕਾ ਸ਼ਿਮਲਾ ਮੁੱਖ ਸੜਕ ਉੱਤੇ ਕੁਮਾਰਹੱਟੀ ਜਾ ਨਿਕਲਦਾ ਹੈ। ਦੁੱਜਾ ਰਸਤਾ ਰੇਣੁਕਾ ਨੂੰ ਚਲਾ ਜਾਂਦਾ ਹੈ। ਜਮਟਾ ਦੀ ਚੜਾਈ ਖਤਮ ਹੁੰਦਿਆਂ ਹੀ ਚੀੜ੍ਹ ਦੇ ਹਰੇ ਭਰੇ ਤੇ ਸੰਘਣੇ ਦਰਖਤ ਸੜਕ ਉੱਤੇ ਚੱਲਣ ਵਾਲੇ ਰਾਹਗੀਰਾਂ ਨੂੰ ਆਰਾਮ ਤੇ ਸਕੂਨ ਦਾ ਅਹਿਸਾਸ ਕਰਾਉਂਦੇ ਹਨ। ਰੇਣੁਕਾ ਵੱਲ ਨੂੰ ਜਾਂਦਿਆਂ ਸੜਕ ਦੇ ਨਾਲ ਨਾਲ ਸੱਜੇ ਹੱਥ ਪਹਾੜ ਚਲਦਾ ਹੈ ਤੇ ਖੱਬੇ ਵੰਨੀ ਨਦੀ ਸੱਪ ਵਾਂਗ ਵਿੰਗ ਵਲ ਖਾਂਦੀ ਤੁਰਦੀ ਹੈ। ਰਸਤੇ ਵਿੱਚ ਇੱਕ ਪੁਲ ਦੇ ਨਾਲ ਹੀ ਝਰਨਾ ਵਹਿੰਦਾ ਹੈ ਜਿਸਦਾ ਬਰਸਾਤ ਦੇ ਦਿਨਾਂ ਵਿੱਚ ਪਾਣੀ ਵਧਣ ਕਰਕੇ ਚੰਗਾ ਨਜ਼ਾਰਾ ਬੱਝਦਾ ਹੈ। ਇੱਥੇ ਰੁਕ ਕੇ ਸੈਲਾਨੀ ਅਕਸਰ ਸਫ਼ਰ ਦੀ ਯਾਦ ਰੱਖਣ ਲਈ ਤਸਵੀਰਾਂ ਖਿੱਚਦੇ ਹਨ। ਇੱਥੇ ਥੋੜਾ ਚਿਰ ਆਰਾਮ ਕਰ ਕੇ ਤੇ ਕੁਝ ਖਾ ਪੀ ਕੇ ਆਪਣੇ ਅਗਲੇ ਰਾਹ ਨੂੰ ਫਤਿਹ ਕਰਨ ਲਈ ਤਰੋਤਾਜ਼ਾ ਹੁੰਂਦੇ ਹਨ।

ਪਿੰਡ ਦਦਾਹੂ ਤੋਂ ਪਹਿਲਾਂ ਪੈਣ ਵਾਲੀ ਨਦੀ ਵਿੱਚ ਭਰ ਗਰਮੀ ਦੇ ਦਿਨ ਹੋਣ ਦੇ ਬਾਵਜੂਦ ਚੰਗਾ ਸਾਫ ਨਿਰਮਲ ਪਾਣੀ ਵੱਗ ਰਿਹਾ ਸੀ। ਜਦੋਂ ਪੁਲ ਤੋਂ ਖੜ ਕੇ ਪਾਣੀ ਦੀ ਕਲ ਕਲ ਨੂੰ ਸੁਣਿਆ ਤਾਂ ਸਾਡਾ ਸਭ ਦਾ ਮਨ ਮੋਹਿਆ ਗਿਆ। ਫੈਸਲਾ ਹੋਇਆ ਕਿ ਇੱਥੇ ਹੀ ਗਰਮੀ ਤੋਂ ਰਾਹਤ ਪਾਉਣ ਲਈ ਨਹਾਇਆ ਜਾਵੇ ਤੇ ਦੁਪਹਿਰ ਦੇ ਖਾਣੇ ਦਾ ਸਮਾਂ ਵੀ ਹੋ ਚੱਲਿਆ ਸੀ, ਖਾਣਾ ਵੀ ਖਾਇਆ ਜਾਵੇ। ਜਿਵੇਂ ਦੁਪਹਿਰ ਨੂੰ ਖੇਤਾਂ ਚੋਂ ਕੰਮ ਕਰਕੇ ਘਰ ਆਕੇ ਨਲਕੇ ਹੇਠ ਨਹਾਉਂਦੇ ਹਾਂ, ਅਸੀਂ ਸਾਰਿਆਂ ਨੇ ਇੱਕ ਇੱਕ ਗੋਤਾ ਮਾਰਿਆ ਤੇ ਘਰ ਵੱਲੋਂ ਬੰਨਿਆ ਨਿੱਕ ਸੁੱਕ ਖੋਲ ਕੇ ਸਭ ਉਸਦੇ ਦੁਆਲੇ ਹੋ ਗਏ। ਨਦੀ ਕੰਢੇ ਜੰਗਲ ਵਿੱਚ ਰੋਟੀ ਖਾਣ ਦਾ ਆਪਣਾ ਵੱਖਰਾ ਹੀ ਸਵਾਦ ਸੀ ਜਿਸਦੀ ਕਿਸੇ ਰੈਸਟੋਰੈਂਟ ਨਾਲ ਕੋਈ ਤੁਲਨਾ ਬੇਮਾਨੀ ਹੋਵੇਗੀ।

ਰੇਣੁਕਾ ਨੂੰ ਜਾਂਦਿਆਂ ਰੇਣੁਕਾ ਤੋਂ ਪਹਿਲਾਂ ਦਦਾਹੂ ਨਾਂ ਦਾ ਇੱਕ ਕਸਬਾ ਆਉਂਦਾ ਹੈ, ਇਸ ਵਿੱਚ ਹੀ ਵਸੋਂ ਹੈ।ਰੇਣੁਕਾ ਵਿੱਚ ਕੋਈ ਵਸੋਂ ਨਹੀਂ ਹੈ।
ਅਸੀਂ ਦੁਪਹਿਰ ਬਾਰਾਂ ਵੱਜਦੇ ਨੂੰ ਰੇਣੁਕਾ ਪਹੁੰਚ ਗਏ। ਇਹ ਸਭ ਘਰ ਤੋਂ ਛੇਤੀ ਨਿਕਲ ਲੈਣ ਕਰਕੇ ਹੀ ਸੰਭਵ ਹੋ ਸਕਿਆ। ਰੇਣੁਕਾ ਵਿੱਚ ਭਗਵਾਨ ਪਰਸ਼ੂ ਰਾਮ ਦੀ ਮਾਤਾ ਰੇਣੁਕਾ ਦਾ ਮੰਦਰ ਬਣਿਆ ਹੋਇਆ ਹੈ, ਇਹ ਇਸ ਕਰਕੇ ਜਾਣਿਆ ਜਾਂਦਾ ਹੈ। ਪਰ ਬਹੁਤਾ ਕਰਕੇ ਲੋਕ ਇੱਥੇ ਮੰਦਰ ਕਰਕੇ ਨਹੀਂ ਸਗੋਂ ਇੱਥੇ ਬਣੀ ਕੁਦਰਤੀ ਝੀਲ ਨੂੰ ਦੇਖਣ ਕਰਕੇ ਆਉਂਦੇ ਹਨ। ਰੇਣੁਕਾ ਅਸਲ ਵਿੱਚ ਰੇਣੁਕਾ ਝੀਲ ਕਾਰਣ ਹੀ ਜ਼ਿਆਦਾ ਜਾਣਿਆ ਜਾਂਦਾ ਹੈ।ਝੀਲ ਪਾਣੀ ਦੀ ਬੂੰਦ ਦੇ ਆਕਾਰ ਦੀ ਬਣੀ ਹੋਈ ਹੈ। ਇਸਦੇ ਚੜ੍ਹਦੇ ਵਾਲੇ ਪਾਸੇ ਪਹਾੜ ਹੈ ਤੇ ਛਿਪਦੇ ਵਾਲੇ ਪਾਸੇ ਨੂੰ ਅਗਲੇਰੇ ਪਿੰਡਾਂ ਨੂੰ ਜਾਣ ਲਈ ਛੋਟੀ ਸੜਕ ਲੰਘਦੀ ਹੈ।

ਸੜਕ ਤੇ ਝੀਲ ਵਿਚਕਾਰ ਛੋਟੇ ਛੋਟੇ ਮੰਦਰ ਬਣੇ ਹੋਏ ਹਨ। ਝੀਲ ਦੇ ਨਾਲ ਨਾਲ ਖੜ੍ਹੇ ਫੁੱਲਾਂ ਵਾਲੇ ਦਰਖ਼ਤ ਤੁਹਾਡਾ ਮਨ ਮੋਹ ਲੈਂਦੇ ਹਨ।‌ ਇੱਥੇ ਵਗਣ ਵਾਲੀ ਸਿਲੀ ਸਿਲੀ ਤੇ ਠੰਡੀ ਹਵਾ ਤੁਹਾਨੂੰ ਇੱਥੋਂ ਪੈਰ ਨਹੀਂ ਪੁੱਟਣ ਦੇਂਦੀ। ਇੱਥੇ ਪਹੁੰਚ ਕੇ ਤੁਹਾਨੂੰ ਠੀਕ ਜਗ੍ਹਾ ਪਹੁੰਚਣ ਦਾ ਅਹਿਸਾਸ ਹੁੰਦਾ ਹੈ। ਹੇਠਲੇ ਪਾਸੇ ਮੁਸਾਫ਼ਰਾਂ ਦੇ ਰੁਕਣ ਵਾਸਤੇ ਹੁਣ ਇੱਕ ਨਵਾਂ ਸਰਕਾਰੀ ਹੋਟਲ ਵੀ ਉਸਾਰਿਆ ਗਿਆ ਹੈ। ਜਿਸਦੇ ਨਾਲ ਪਾਰਕਿੰਗ ਲਈ ਵੀ ਕਾਫ਼ੀ ਖੁੱਲੀ ਥਾਂ ਹੈ। ਹੇਠਲੇ ਪਾਸੇ ਹੀ ਰੇਣੁਕਾ ਦੇਵੀ ਦਾ ਮੰਦਰ ਬਣਿਆ ਹੋਇਆ ਹੈ। ਇਸ ਵਿਚਲੇ ਕੰਧ ਚਿੱਤਰ ਦੇਖਣ ਯੋਗ ਹਨ। ਨਾਲ ਛੋਟਾ ਜਿਹਾ ਪਾਰਕ ਵੀ ਹੈ। ਪਾਰਕ ਤੋਂ ਪਹਿਲਾਂ ਜਿੱਧਰੋਂ ਦਦਾਹੂ ਵੱਲੋਂ ਰਸਤਾ ਆਉਂਦਾ ਹੈ ਇੱਕ ਹੋਰ ਤਲਾਅ ਬਣਿਆ ਹੋਇਆ ਹੈ ਪਰ ਇਹ ਦੇਖ-ਰੇਖ ਖੁਣੋਂ ਆਪਣੀ ਸੋਭਾ ਗੁਆਉਂਦਾ ਜਾ ਰਿਹਾ ਹੈ। ਝੀਲ ਵੱਲ ਨੂੰ ਆ ਰਹੇ ਰਸਤੇ ਦੇ ਨਾਲ ਨਾਲ ਮਹਿਕਮਾ ਜੰਗਲਾਤ ਵੱਲੋਂ ਜੰਗਲੀ ਜੀਵ ਸਫਾਰੀ ਵੀ ਬਣਾਈ ਹੋਈ ਹੈ।ਝੀਲ ਵਿੱਚ ਵੱਡੀਆਂ ਵੱਡੀਆਂ ਮਛਲੀਆਂ ਪਾਈ ਜਾਂਦੀਆਂ ਹਨ।

ਸੈਲਾਨੀ ਲੋਕ ਦੁਕਾਨਾਂ ਤੋਂ ਮੱਛੀਆਂ ਨੂੰ ਖਾਣ ਵਾਲੀਆਂ ਚੀਜ਼ਾਂ ਸੁੱਟ ਕੇ ਰੰਗ ਬਰੰਗੀ ਮੱਛੀਆਂ ਨਾਲ ਸਮਾਂ ਗੁਜ਼ਾਰਦੇ ਹਨ। ਝੀਲ ਅੰਦਰ ਸਮਾਂ ਗੁਜ਼ਾਰਨ ਲਈ ਪੈਰਾਂ ਤੇ ਮੋਟਰਾਂ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਵੀ ਅੱਧੇ ਘੰਟੇ ਜਾਂ ਘੰਟੇ ਦੇ ਕਿਰਾਏ ਤੇ ਮਿਲਦੀਆਂ ਹਨ। ਪੈਰਾਂ ਨਾਲ ਚੱਲਣ ਵਾਲੀ ਕਿਸ਼ਤੀ ਜਾਂ ਬੋਟ ਸੋਚ ਸਮਝ ਕੇ ਜਾਂ ਹਵਾ ਦਾ ਰੁੱਖ ਦੇਖ ਕੇ ਕਿਰਾਏ ਉੱਤੇ ਲੈਣੀ ਚਾਹੀਦੀ ਹੈ। ਬਹੁਤ ਵਾਰੀਂ ਚਾਈਂ ਚਾਈਂ ਅਸੀਂ ਬੋਟ ਤੋਰ ਲੈਂਦੇ ਹਾਂ ਤੇ ਅੱਗੇ ਦੇਖਣ ਦੇ ਉਤਸ਼ਾਹ ਵਿੱਚ ਸਾਰਾ ਜ਼ੋਰ ਮਾਰ ਬੈਠਦੇ ਹਾਂ। ਵਾਪਸੀ ਵੇਲੇ ਜੇ ਹਵਾ ਉਲਟੇ ਪਾਸੇ ਨੂੰ ਵੱਗ ਰਹੀ ਹੋਵੇ ਤਾਂ ਪਰਤਣਾ ਬੜਾ ਔਖਾ ਹੋ ਜਾਂਦਾ ਹੈ। ਜਾਂ ਤੁਹਾਡੀਆਂ ਟੰਗਾਂ ਰਹਿ ਜਾਂਦੀਆਂ ਹਨ ਜਾਂ ਪੈਸੇ ਅੱਧੇ ਘੰਟੇ ਦੀ ਬਜਾਏ ਘੰਟੇ ਦੇ ਦੇਣੇ ਪੈ ਜਾਂਦੇ ਹਨ। ਸਿਹਤ, ਸਮਾਂ ਤੇ ਪੈਸਿਆਂ ਦਾ ਨੁਕਸਾਨ ਹੋ ਜਾਂਦਾ ਹੈ ਜਿਹੜਾ ਕਿ ਇੱਕ ਸੈਲਾਨੀ ਲਈ ਨੈਗਟੇਵਿਟੀ ਦਾ ਕਾਰਨ ਬਣ ਸਕਦਾ ਹੈ।

ਦਦਾਹੂ ਦਾ ਵੱਡਾ ਉੱਚਾ ਪੁਲ ਪਾਰ ਕਰਦਿਆਂ ਹੀ ਇੱਕ ਚੋਰਾਹਾ ਆਉਂਦਾ ਹੈ। ਇੱਥੋਂ ਇੱਕ ਰਾਹ ਤਾਂ ਰੇਣੁਕਾ ਝੀਲ ਨੂੰ ਚਲਿਆ ਜਾਂਦਾ ਹੈ। ਇੱਕ ਰਾਹ ਇੱਥੋਂ ਪਾਉਂਟਾ ਸਾਹਿਬ ਨੂੰ ਨਿਕਲਦਾ ਹੈ। ਦਦਾਹੂ ਤੋਂ ਹੁਣ ਇੱਕ ਨਵਾਂ ਪੁਲ ਵੀ ਪਾਉਂਦਾ ਸਾਹਿਬ ਲਈ ਬਣਾਇਆ ਗਿਆ ਹੈ। ਤੀਜਾ ਰਾਹ ਸਾਂਗੜਾਹ ਤੇ ਅੰਧੇਰੀ ਜਿਸਨੂੰ ਲੁਧਿਆਣਾ ਵੀ ਕਹਿੰਦੇ ਹਨ ਰਾਹੀਂ ਹਰੀਪੁਰ ਧਾਰ ਨੂੰ ਚਲਿਆ ਜਾਂਦਾ ਹੈ। ਸਿੱਖ ਇਤਿਹਾਸ ਨੂੰ ਪੜ੍ਹਨ ਵਾਲੇ ਜਾਣਦੇ ਹਨ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਬਾਈ ਧਾਰ ਦੇ ਰਾਜਿਆਂ ਨਾਲ ਯੁਧ ਹੋਇਆ ਸੀ ਇਹ ਉਹੀ ਧਾਰ ਹਨ। ਜਿਵੇਂ ਹਰੀਪੁਰ ਧਾਰ, ਨੌਹਰਾ ਧਾਰ, ਧੌਲੀ ਧਾਰ, ਚੂਹੜ ਧਾਰ ਆਦਿ। ਅਸੀਂ ਸਾਰੇ ਰੇਣੁਕਾ ਝੀਲ ਦੇ ਨਜ਼ਾਰੇ ਲੈਕੇ ਦਸਮੇਸ਼ ਪਿਤਾ ਦੇ ਬਾਲਕ ਬਣਕੇ ਫੇਰ ਤੋਂ ਹਰੀਪੁਰ ਧਾਰ ਦੀ ਫ਼ਤਿਹ ਲਈ ਰਵਾਨਾ ਹੋ ਗਏ।‌

ਗੁਰਮਾਨ ਸੈਣੀ
ਰਾਬਤਾ : 9256346906
8360487488

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਲਵਾ ਵਿੱਚ ਉੱਭਰ ਰਹੀ ਲੇਖਕ ਮਨਪ੍ਰੀਤ ਕੌਰ ਚਹਿਲ
Next articleਮਾਂ ਬਾਪ