ਕਿਸਾਨਾਂ ਖਿਲਾਫ ਭੜਕਾਊ ਬਿਆਨਬਾਜੀ ਕਰਨ ਤੇ ਕੰਗਨਾ ਤੇ ਹੋਵੇ ਪਰਚਾ ਦਰਜ- ਭੰਡਾਲ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਦਿੱਲੀ ਸੰਘਰਸ਼ ਦੌਰਾਨ ਆਪਣੇ ਵਿਵਾਦਤ ਬਿਆਨਾਂ ਨਾਲ ਚਰਚਾ ਵਿੱਚ ਆਈ ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸਾਂਸਦ ਕੰਗਨਾ ਰਣੌਤ ਹੁਣ ਇੱਕ ਬਾਲੀਵੁੱਡ ਫਿਲਮ ਐਮਰਜੈਂਸੀ ਲਈ ਦੁਬਾਰਾ ਵਿਵਾਦਾਂ ਦੇ ਘੇਰੇ ਵਿੱਚ ਹੈ।ਇਸ ਫਿਲਮ ਦੀ ਅਦਾਕਾਰਾ, ਪ੍ਰੋਡੀਊਸਰ,ਸਹਿ ਡਾਇਰੈਕਟਰ ਤੇ ਸੰਵਾਦ ਰਚੇਤਾ ਖੁਦ ਕੰਗਨਾ ਰਣੌਤ ਹੈ।ਇਹ ਫਿਲਮ ਜਿਥੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਤੇ ਅਧਾਰਿਤ ਹੈ। ਉਥੇ ਹੀ ਫਿਲਮ ਦੇ ਕੁਝ ਦ੍ਰਿਸ਼ਾਂ ਵਿਚ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਨਕਲ ਕਰਦੇ ਇੱਕ ਐਕਟਰ ਨੂੰ ਦਿਖਾਇਆ ਗਿਆ ਹੈ।ਜੋ ਕਿ ਕੌਮ ਦੇ ਸ਼ਹੀਦਾਂ ਸਿੰਘਾਂ ਦੀ ਨਿਰਾਦਰੀ ਹੈ।ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੂਬਾ ਮੀਤ ਪ੍ਰਧਾਨ ਬੋਹੜ ਸਿੰਘ ਹਜਾਰਾ ਨੇ ਕਿਹਾ ਕਿ ਜੱਥੇਬੰਦੀ ਜਿਥੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੀ ਹੈ। ਉਥੇ ਹੀ ਸਮੇਂ ਸਮੇਂ ਪੰਜਾਬ ਵਿਰੋਧੀ ਅਨਸਰਾਂ ਵੱਲੋਂ ਗਿਣ ਮਿਥ ਕੇ ਪੰਜਾਬੀਆਂ ਖਾਸ ਕਰ ਸਿੱਖਾਂ ਤੇ ਵੱਖਵਾਦੀ ਹਮਲਿਆਂ ਦਾ ਵੀ ਡੱਟ ਕੇ ਵਿਰੋਧ ਕਰਦੀ ਆਈ ਹੈ। ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਤੇ ਪੰਜਾਬ ਦਾ ਮਾਹੌਲ ਵੀ ਖਰਾਬ ਹੋਵੇਗਾ।ਇਸ ਲਈ ਇਸ ਫਿਲਮ ਤੇ ਭਾਰਤ ਸਰਕਾਰ ਨੂੰ ਤੁਰੰਤ ਬੈਨ ਲਗਾ ਕੰਗਨਾ ਰਣੌਤ ਤੇ 195 ਏ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ । ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਬਿਆਨ ਚ ਕੰਗਨਾ ਨੇ ਕਥਿਤ ਤੌਰ ਤੇ ਦੋਸ਼ ਲਾਇਆ ਹੈ ਕਿ ਕਿਸਾਨਾਂ ਦੇ ਅੰਦਲੋਨ ਦੌਰਾਨ ਲਾਸ਼ਾਂ ਟੰਗੀਆਂ ਗਈਆ ਤੇ ਜਬਰ ਜਿਨਾਹ ਹੋਏ। ਅੱਗੇ ਵੀਡੀਓ ਵਿਚ ਕਹਿ ਰਹੀ ਹੈ ਕਿ ਅਜੇ ਵੀ ਕਿਸਾਨਾਂ ਦੇ ਪ੍ਰਦਰਸ਼ਨ ਜਾਰੀ ਹਨ।ਇਸ ਪਿਛੇ ਵਿਦੇਸ਼ੀ ਤਾਕਤਾਂ ਹਨ। ਅੰਦੋਲਨ ਪਿਛੇ ਬੰਗਲਾਦੇਸ਼ ਵਾਂਗ ਲੰਮੇ ਸਮੇਂ ਦੀ ਯੋਜਨਾ ਸੀ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਤੇ ਕਿਸਾਨਾਂ ਮਜ਼ਦੂਰਾਂ ਵਿਰੁੱਧ ਭਾਜਪਾ ਦੀ ਸ਼ਹਿ ਤੇ ਬਿਆਨਬਾਜ਼ੀ ਕਰ ਕੰਗਨਾ ਨੇ ਸਾਬਤ ਕਰ ਦਿੱਤਾ ਹੈ ਕਿ ਬੀਜੇਪੀ ਸਰਕਾਰ ਕਿੰਨੀ ਕਿਸਾਨ ਹਿਤੈਸ਼ੀ ਹੈ।ਆਏ ਦਿਨ ਕੰਗਨਾ ਵੱਲੋਂ ਜੋ ਪੰਜਾਬ, ਸਿੱਖਾਂ, ਕਿਸਾਨਾਂ ਖਿਲਾਫ ਜ਼ਹਿਰ ਉਂਗਲਿਆਂ ਜਾਂ ਰਿਹਾ ਹੈ ਇਸ ਤੇ ਕੇਂਦਰ ਸਰਕਾਰ ਤੇ ਲੋਕ ਸਭਾ ਸਪੀਕਰ ਨੂੰ ਸਖ਼ਤ ਨੋਟਿਸ ਲੈਂਦਿਆਂ ਕੰਗਨਾ ਰਣੌਤ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਦਾ ਖਮਿਆਜ਼ਾ ਭਾਜਪਾ ਨੂੰ ਆਉਂਦੀਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਨਾ ਪਵੇਗਾ। ਨਿਸ਼ਾਨ ਸਿੰਘ ਪੱਸਣ ਕਦੀਮ, ਸੁਖਦੇਵ ਸਿੰਘ ਖੀਰਾਂਵਾਲੀ ਵੱਲੋਂ ਸ੍ਰੀ ਸਾਹਿਬ ਪਹਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਸਾਥੀਆਂ ਨੂੰ ਦਿੱਲੀ ਏਅਰਪੋਰਟ ਤੋਂ ਜ਼ਹਾਜ਼ ਨਾ ਚੜ੍ਹਨ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly