ਜੇ ਸਾਈਕਲ ਦੀ ਸਵਾਰੀ ਕੀਤੀ ਤਾਂ ਬਿਜਲੀ ਗਾਇਬ ਹੋ ਜਾਵੇਗੀ: ਸ਼ਾਹ

ਬਲੀਆ (ਸਮਾਜ ਵੀਕਲੀ):  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇਕਰ ਸਾਈਕਲ ਦੀ ਸਵਾਰੀ ਕੀਤੀ ਤਾਂ ਉੱਤਰ ਪ੍ਰਦੇਸ਼ ’ਚੋਂ ਬਿਜਲੀ ਗਾਇਬ ਹੋ ਜਾਵੇਗੀ। ਉਨ੍ਹਾਂ ਸਮਾਜਵਾਦੀ ਪਾਰਟੀ ’ਤੇ ਵੰਡਪਾਊ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਰਾਮ ਨੌਮੀ ਤੇ ਕ੍ਰਿਸ਼ਨ ਜਨਮ ਅਸ਼ਟਮੀ ਹੁੰਦੀ ਸੀ ਤਾਂ ਸਰਕਾਰ ਬਿਜਲੀ ਮੁਹੱਈਆ ਨਹੀਂ ਕਰਦੀ ਸੀ ਪਰ ਮੁਹੱਰਮ ਮੌਕੇ ਪੂਰੀ ਬਿਜਲੀ ਦਿੱਤੀ ਜਾਂਦੀ ਸੀ। ਇੱਥੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘ਜੇਕਰ ਲੋਕਾਂ ਨੇ ਮੁੜ ਸਮਾਜਵਾਦੀ ਪਾਰਟੀ ਨੂੰ ਵੋਟ ਪਾਈ ਤਾਂ ਉੱਤਰ ਪ੍ਰਦੇਸ਼ ’ਚ ਬਿਜਲੀ ਨਹੀਂ ਆਵੇਗੀ। ਇਸ ਤੋਂ ਪਹਿਲਾਂ ਮੁਹੱਰਮ ਮੌਕੇ ਬਿਜਲੀ ਦਿੱਤੀ ਜਾਂਦੀ ਸੀ ਪਰ ਪਰਸ਼ੂਰਾਮ ਜੈਅੰਤੀ, ਸ੍ਰੀ ਰਾਮ ਨੌਮੀ ਤੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਮੌਕੇ ਕੋਈ ਬਿਜਲੀ ਸਪਲਾਈ ਨਹੀਂ ਦਿੱਤੀ ਜਾਂਦੀ ਸੀ।’

ਉਨ੍ਹਾਂ ਅਖਿਲੇਸ਼ ਯਾਦਵ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਰਜਕਾਲ ’ਚ ਬੁੰਦੇਲਖੰਡ ’ਚ ਦੇਸੀ ਕੱਟੇ ਬਣਦੇ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਰੱਖਿਆ ਉਪਕਰਨ ਸਨਅਤ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ, ‘ਅਖਿਲੇਸ਼ ਦੇ ਗੁੰਡੇ ਬੁੰਦੇਲਖੰਡ ’ਚ ਦੇਸੀ ਕੱਟੇ ਤੇ ਗੋਲੀਆਂ ਬਣਾਉਂਦੇ ਸਨ। ਸਮਾਜਵਾਦੀ ਪਾਰਟੀ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ਵੱਲ ਧੱਕਦੀ ਸੀ। ਨਰਿੰਦਰ ਮੋਦੀ ਨੇ ਬੁੰਦੇਲਖੰਡ ’ਚ ਗੋਲੇ ਬਣਾਉਣ ਦੀ ਸਨਅਤ ਸਥਾਪਤ ਕੀਤੀ ਤਾਂ ਜੋ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।’ ਸ਼ਾਹ ਨੇ ਦਾਅਵਾ ਕੀਤਾ ਕਿ ਸੂਬੇ ’ਚ ਮੁੜ ਭਾਜਪਾ ਦੀ ਸਰਕਾਰ ਬਣੇਗੀ ਤੇ ਚਾਰ ਗੇੜਾਂ ਦੀਆਂ ਪਈਆਂ ਵੋਟਾਂ ਨੇ ਇਸ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਉਨ੍ਹਾਂ ਕਿਹਾ, ‘ਅਸੀਂ ਵਾਅਦਾ ਕੀਤਾ ਸੀ ਕਿ ਉਹ ਨਾਜਾਇਜ਼ ਕਬਜ਼ੇ ਹੇਠਲੀਆਂ ਜ਼ਮੀਨਾਂ ਛੁਡਾ ਕੇ ਗਰੀਬਾਂ ’ਚ ਵੰਡਣਗੇ। ਉਸ ਸਮੇਂ ਸ਼ਿਵਪਾਲ ਯਾਦਵ ਇਸ ਗੱਲ ’ਤੇ ਮਖੌਲ ਕਰਦੇ ਸਨ ਪਰ ਯੋਗੀ ਜੀ ਨੇ 2000 ਕਰੋੜ ਦੀਆਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਗਰੀਬ ਲੋਕਾਂ ਲਈ ਘਰ ਬਣਾਏ।’ ਉਨ੍ਹਾਂ ਕਿਹਾ ਕਿ ਕਾਂਗਰਸ ਨੇ 70ਵਿਆਂ ’ਚ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਸੀ। ਉਹ ਗਰੀਬੀ ਤਾਂ ਨਹੀਂ ਹਟਾ ਸਕੇ ਪਰ ਗਰੀਬਾਂ ਨੂੰ ਹਟਾਉਣ ਲੱਗ ਪਏ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੀ ਭਲਾਈ ਲਈ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਵੱਖ ਵੱਖ ਜ਼ਿਲ੍ਹਿਆਂ ’ਚ ਜਾਂਦੇ ਸਨ ਤਾਂ ਲੋਕ ਮੱਛਰਾਂ ਤੇ ਮਾਫੀਆ ਦੀ ਸਮੱਸਿਆ ਦੀ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛਤਾ ਮੁਹਿੰਮ ਚਲਾ ਕੇ ਤੇ ਪਖਾਨਿਆਂ ਦੀ ਸਹੂਲਤ ਦੇ ਕੇ ਲੋਕਾਂ ਨੂੰ ਮੱਛਰਾਂ ਤੋਂ ਨਿਜਾਤ ਦਿਵਾਈ ਅਤੇ ਯੋਗੀ ਜੀ ਨੇ ਪੂਰਵਾਂਚਲ ਨੂੰ ਮਾਫੀਆ ਮੁਕਤ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਹਾਰ: ਤੇਜ ਪ੍ਰਤਾਪ ਯਾਦਵ ਨੇ ਲਾਲੂ ਲਈ ‘ਨਿਆਏ ਯਾਤਰਾ’ ਵਿੱਢੀ
Next articleਭਾਜਪਾ ਪ੍ਰਧਾਨ ਨੱਢਾ ਦਾ ਟਵਿੱਟਰ ਅਕਾਊਂਟ ਹੈਕ