ਵਰਕ ਟੂ ਰੂਲ ਡਿਊਟੀਆਂ ਕਰਨ ਦਾ ਅਹਿਦ
ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋ ਬਿਜਲੀ ਕਾਮਿਆਂ ਦੀਆਂ ਵਾਜਿਬ ਮੰਗਾਂ ਵੱਟੇ ਖਾਤੇ ਪਾਉਣ ਖਿਲਾਫ਼ ਅੱਜ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੀ ਸੂਬਾ ਪੱਧਰ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਸਥਾਨਕ ਸ਼ਹੀਦ ਈਸੜੂ ਭਵਨ ਲੁਧਿਆਣਾ ਵਿਖੇ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾਈ ਆਗੂਆਂ ਹਰਪਾਲ ਸਿੰਘ, ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 6 ਸਤੰਬਰ 2024 ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪਾਵਰ ਸਕੱਤਰ ਦੀ ਮੌਜੂਦਗੀ ਵਿੱਚ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਚੰਡੀਗੜ੍ਹ ਵਿਖੇ 31-07-24 ਦੀ ਮੀਟਿੰਗ ਦੀ ਲਗਾਤਾਰਤਾ ਵਿੱਚ ਬਿਜਲੀ ਮੁਲਾਜ਼ਮਾਂ ਦੇ ਮਸਲਿਆਂ ਤੇ ਮੁੜ ਮੀਟਿੰਗ ਹੋਈ ਹੈ ਜੋ ਬੇਸਿੱਟਾ ਰਹੀ ਹੈ ਕਿਉਂਕਿ 31 ਜੁਲਾਈ ਦੀ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਤੇ ਹੋਈਆਂ ਸਹਿਮਤੀਆਂ ਅਨੁਸਾਰ ਡਿਊਟੀ ਦੌਰਾਨ ਘਾਤਕ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਿਵਾਰਾਂ ਨੂੰ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦੇਣ, ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ ਲੈਸ ਇਲਾਜ ਦੀ ਸੁਵਿਧਾ ਲਾਗੂ ਕਰਨ , ਹਾਦਸੇ ਦੌਰਾਨ ਕਰਮਚਾਰੀ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ (ਜੇ ਈ, ਲ. ਮ, ਸ. ਲ. ਮ ਆਦਿ ) ਦੇ ਨਾਂ ਉੱਪਰ ਬਿਨਾਂ ਪੜਤਾਲ ਕੀਤੇ ਐਫ ਆਈ ਆਰ ਦਰਜ ਕਰਨ ਦੀ ਪਿਰਤ ਬੰਦ ਕਰਨ , ਹਜਾਰਾਂ ਦੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ ,ਆਰ ਟੀ ਐਮ ਦੀ ਤਰੱਕੀ ਤੁਰੰਤ ਕਰਨ , ਓ ਸੀ ਕੈਟਾਗਰੀ ਨੂੰ ਪੇ ਬੈਂਡ ਦੇਣ , ਸਲਮ ਤੋ ਲ ਮ ਦੀ ਤਰੱਕੀ ਕਰਨ , ਬਾਕੀ ਸਾਰੀਆਂ ਕੈਟੇਗਰੀਆਂ ਦੀ ਤਰੱਕੀਆਂ ਵਿੱਚ ਆਈ ਖੜੋਤ ਦੂਰ ਕਰਨ , ਇਨ ਹਾਊਸ ਕਾਂਟ੍ਰੈਕਟ ਕਾਮਿਆਂ ਨੂੰ ਰੈਗੂਲਰ ਕਰਨ, ਸੋਧੇ ਭੱਤਿਆਂ ਦਾ 32 ਮਹੀਨੇ ਦਾ ਬਕਾਇਆ ਜਾਰੀ ਕਰਨ, ਰਹਿੰਦੇ ਭੱਤੇ ਜਿਵੇਂ ਹਾਰਡਸ਼ਿਪ ਭੱਤਾ ਆਦਿ ਨੂੰ ਸੋਧ ਕੇ ਲਾਗੂ ਕਰਨ, ਪੁਨਰ ਗਠਨ ਦੇ ਨਾਮ ਤੇ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਤੋਂ ਬਹਾਲ ਕਰਨ, 17 ਜੁਲਾਈ 2020 ਤੋਂ ਪਹਿਲਾਂ ਤਰਸ ਦੇ ਆਧਾਰ ਤੇ ਪ੍ਰਤੀ ਬੇਨਤੀ ਦੇਣ ਵਾਲੇ ਕਰਮਚਾਰੀਆਂ ਉੱਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ ਅਤੇ ਵਿੱਤ ਵਿਭਾਗ ਪੰਜਾਬ ਸਰਕਾਰ ਨਾਲ ਸਬੰਧਤ ਮਸਲੇ ਜਿਵੇਂ 23 ਸਾਲਾ ਅਡਵਾਂਸ ਤਰੱਕੀ ਦਾ ਮਿਲਾਨ ਤੀਸਰੀ ਤਰੱਕੀ ਸਮੇਂ ਕਰਨ, 01ਨਵੰਬਰ 2021 ਤੋਂ ਬਾਅਦ ਸਮਾਂਬੱਧ ਸਕੇਲ ਲਾਗੂ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਉੱਪਰ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਸੋਧੇ ਸਕੇਲਾਂ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਤਰੱਕੀ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਆਈਆਂ ਤਰੁੱਟੀਆਂ ਦੂਰ ਕਰਨ ਆਦਿ ਮੰਗਾਂ ਲਈ 15 ਅਗਸਤ ਤੱਕ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ, ਮੰਗਾਂ ਲਾਗੂ ਕਰਨ ਦੀ ਥਾਂ ਤੇ ਵਰਕ ਟੂ ਰੂਲ ਅਨੁਸਾਰ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਐਸਮਾਂ ਵਰਗੇ ਕਾਲੇ ਕਾਨੂੰਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਜਿਸ ਕਰਕੇ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਅਤੇ ਮੈਨੇਜਮੈਂਟ / ਪੰਜਾਬ ਸਰਕਾਰ ਪ੍ਰਤੀ ਬੇ ਵਿਸ਼ਵਾਸੀ ਦਾ ਮਾਹੌਲ ਹੈ, ਇਸ ਲਈ ਬਿਜਲੀ ਕਾਮੇ 21 ਅਗਸਤ ਤੋਂ ਲਗਾਤਾਰ ਵਰਕ ਟੂ ਰੂਲ ਤਹਿਤ ਅਪਣੀ ਬਣਦੀ 8 ਘੰਟੇ ਦੀ ਡਿਊਟੀ ਹੀ ਕਰ ਰਹੇ ਹਨ ਅਤੇ 30 ਸਤੰਬਰ ਤੱਕ ਵਰਕ ਟੂ ਰੂਲ ਜਾਰੀ ਰੱਖਿਆ ਜਾਵੇਗਾ।ਆਗੂਆਂ ਨੇ ਦੱਸਿਆ ਕਿ ਮਿਤੀ 10-09-24 ਤੋਂ 12-09-24 ਤੱਕ ਤਿੰਨ ਦਿਨ ਦੀ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ । ਇਸ ਤੋਂ ਇਲਾਵਾ ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਪੂਰੀ ਮੈਨੇਜਮੈਂਟ / ਡਾਇਰੈਕਟਰਾਂ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ।ਮੀਟਿੰਗ ਵਿੱਚ ਸਰਵ ਸਾਥੀ ਬਲਦੇਵ ਸਿੰਘ ਮੰਢਾਲੀ,ਸਰਬਜੀਤ ਸਿੰਘ ਭਾਣਾ ,ਕੁਲਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਪਿਸ਼ੌਰ , ਸੁਰਿੰਦਰ ਪਾਲ ਲਾਹੌਰੀਆ , ਪੂਰਨ ਸਿੰਘ ਖਾਈ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ, ਜਗਜੀਤ ਸਿੰਘ ਕੰਡਾ, ਗੁਰਪਿਆਰ ਸਿੰਘ, ਗੁਰਵਿੰਦਰ ਸਿੰਘ ਹਜਾਰਾ, ਰਘਵੀਰ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ , ਹਰਮਨਦੀਪ, ਸੁਖਵਿੰਦਰ ਸਿੰਘ ਦੁੱਮਣਾ, ਗਰੀਸ਼ ਮਹਾਜਨ, ਰਛਪਾਲ ਸਿੰਘ ਪਾਲੀ ਆਦਿ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ / ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਨਾਂ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਵਿੱਚ ਹੋਰ ਵਾਧਾ ਕੀਤਾ ਜਾਵੇਗਾ,ਜਿਸ ਨਾਲ ਸਮੁੱਚਾ ਬਿਜਲੀ ਤੰਤਰ ਪ੍ਰਭਾਵਿਤ ਹੋਵੇਗਾ । ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਆਗੂਆਂ ਨੇ ਮੀਟਿੰਗ ਉਪਰੰਤ ਸਮੁੱਚੇ ਬਿਜਲੀ ਕਾਮਿਆਂ/ ਭਰਾਤਰੀ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਇਸ ਸਾਂਝੇ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਅਪਣਾ ਬਣਦਾ ਯੋਗਦਾਨ ਪਾਉਣ ਦੀ ਪੁਰਜੋਰ ਅਪੀਲ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly