ਰਾਜ ਸਭਾ ਵਿੱਚ ਬਗ਼ੈਰ ਬਹਿਸ ਤੋਂ ਪਾਸ ਹੋਇਆ ਚੋਣ ਸੁਧਾਰ ਬਿੱਲ

ਨਵੀਂ ਦਿੱਲੀ (ਸਮਾਜ ਵੀਕਲੀ):  ਰਾਜ ਸਭਾ ਵੱਲੋਂ ਚੋਣ ਸੁਧਾਰਾਂ ਬਾਰੇ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ ਕੀਤੇ ਜਾਣ ਮਗਰੋਂ ਵੋਟਰ ਸੂਚੀਆਂ ਅਤੇ ਸ਼ਨਾਖਤੀ ਕਾਰਡ ਆਧਾਰ ਨਾਲ ਜੋੜੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਦੌਰਾਨ ਵਿਰੋਧੀ ਧਿਰ ਨੇ ਸਦਨ ’ਚੋਂ ਵਾਕਆਊਟ ਕੀਤਾ। ਚੋਣ ਕਾਨੂੰਨ (ਸੋਧ) ਬਿੱਲ, 2021 ਸੋਮਵਾਰ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਸੀ। ਵਿਰੋਧੀ ਪਾਰਟੀਆਂ ਨੇ ਬਿੱਲ ਸਿਲੈਕਟ ਕਮੇਟੀ ਕੋਲ ਭੇਜੇ ਜਾਣ ਦਾ ਮਤਾ ਪੇਸ਼ ਕੀਤਾ ਸੀ ਅਤੇ ਉਹ ਵੋਟਾਂ ਪੁਆਏ ਜਾਣ ਦੀ ਮੰਗ ਕਰ ਰਹੀਆਂ ਸਨ ਪਰ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਰੱਦ ਕਰ ਦਿੱਤਾ ਗਿਆ। ਜਦੋਂ ਡਿਪਟੀ ਚੇਅਰਮੈਨ ਹਰੀਵੰਸ਼ ਮੈਂਬਰਾਂ ਨੂੰ ਸੀਟਾਂ ’ਤੇ ਜਾਣ ਦੀ ਬੇਨਤੀ ਕਰ ਰਹੇ ਸਨ ਤਾਂ ਟੀਐੱਮਸੀ ਮੈਂਬਰ ਡੈਰੇਕ ਓ’ਬ੍ਰਾਇਨ ਨੇ ਵੋਟਿੰਗ ਕਰਾਉਣ ਲਈ ਨੇਮਾਂ ਦਾ ਹਵਾਲਾ ਦਿੱਤਾ। ਜਦੋਂ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਨੇਮਾਂ ਵਾਲੀ ਕਿਤਾਬ ਅਧਿਕਾਰੀਆਂ ਦੇ ਮੇਜ਼ ਵੱਲ ਵਗ੍ਹਾ ਕੇ ਸਦਨ ’ਚੋਂ ਵਾਕਆਊਟ ਕਰ ਗਏ। ਹੁਕਮਰਾਨ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਦੇ ਵਤੀਰੇ ਦੀ ਤਿੱਖੀ ਨੁਕਤਾਚੀਨੀ ਕੀਤੀ।

ਵਿਰੋਧ ਵਜੋਂ ਕਾਂਗਰਸ, ਟੀਐੱਮਸੀ, ਖੱਬੇ ਪੱਖੀ ਪਾਰਟੀਆਂ, ਡੀਐੱਮਕੇ ਅਤੇ ਐੱਨਸੀਪੀ ਦੇ ਮੈਂਬਰਾਂ ਨੇ ਵੀ ਸਦਨ ’ਚੋਂ ਵਾਕਆਊਟ ਕੀਤਾ। ਭਾਜਪਾ, ਜਨਤਾ ਦਲ (ਯੂ), ਵਾਈਐੱਸਆਰਸੀਪੀ, ਅੰਨਾ ਡੀਐੱਮਕੇ, ਬੀਜੇਡੀ ਅਤੇ ਟੀਐੱਮਸੀ-ਐੱਮ ਦੇ ਮੈਂਬਰਾਂ ਨੇ ਬਿੱਲ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਫਰਜ਼ੀ ਵੋਟਰਾਂ ਅਤੇ ਵੋਟਾਂ ਦਾ ਦੁਹਰਾਅ ਰੋਕਣ ’ਚ ਸਹਾਇਤਾ ਮਿਲੇਗੀ। ਇਸ ਤੋਂ ਪਹਿਲਾਂ ਕਾਂਗਰਸ, ਟੀਐੱਮਸੀ, ਸੀਪੀਆਈ, ਸੀਪੀਐੱਮ, ਡੀਐੱਮਕੇ ਅਤੇ ਸਮਾਜਵਾਦੀ ਪਾਰਟੀ ਨੇ ਬਿੱਲ ਦਾ ਇਹ ਆਖਦਿਆਂ ਵਿਰੋਧ ਕੀਤਾ ਕਿ ਇਸ ਨਾਲ ਵੋਟਰਾਂ ਦੀ ਨਿੱਜਤਾ ਦੇ ਹੱਕਾਂ ਦੀ ਉਲੰਘਣਾ ਹੋਵੇਗੀ। ਬਿੱਲ ਬਹੁਤ ਵਧੀਆ ਕਰਾਰ ਦਿੰਦਿਆਂ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰ ਦੇ ਖ਼ਦਸ਼ਿਆਂ ਨੂੰ ਆਧਾਰਹੀਣ ਕਰਾਰ ਦਿੱਤਾ ਅਤੇ ਕਿਹਾ ਕਿ ਵਿਰੋਧੀ ਧਿਰ ਨਿੱਜੀ ਆਜ਼ਾਦੀ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਗਲਤ ਵਿਆਖਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਚੋਣ ਪ੍ਰਕਿਰਿਆ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ਅਤੇ ਇਹ ਵੋਟਰ ਸੂਚੀਆਂ ਦਰੁਸਤ ਹੋਣ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਉਹ ਵਿਰੋਧ ਕਰਨਗੇ ਜੋ ਫਰਜ਼ੀ ਵੋਟਿੰਗ ਦਾ ਲਾਹਾ ਲੈਣਾ ਚਾਹੁੰਦੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜੀਠੀਆ ਦੀ ਪਿੱਠ ’ਤੇ ਆਏ ਕੈਪਟਨ
Next articleਚੋਣ ਸੁਧਾਰ ਬਿੱਲ ਤੇ ਲਖੀਮਪੁਰ ਹਿੰਸਾ ਬਾਰੇ ਚਰਚਾ ਲਈ ਵਿਰੋਧੀ ਧਿਰ ਦੇ ਨੋਟਿਸ ਰੱਦ