ਮੁਹਾਲੀ ਦੇ ਮੇਅਰ ਦੇ ਘਰ ਚੋਣ ਕਮਿਸ਼ਨ ਦੀ ਟੀਮ ਦਾ ਛਾਪਾ

ਐਸਏਐਸ ਨਗਰ (ਮੁਹਾਲੀ) (ਸਮਾਜ ਵੀਕਲੀ):  ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਵਿਸ਼ੇਸ਼ ਟੀਮ ਵੱਲੋਂ ਪੁਲੀਸ ਨਾਲ ਮਿਲ ਕੇ ਮਾਰੇ ਛਾਪੇ ਦਾ ਮਾਮਲਾ ਭਖ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸ਼ਿਕਾਇਤ ਮਿਲਣ ’ਤੇ ਚੋਣ ਕਮਿਸ਼ਨ ਦੀ ਟੀਮ ਨੇ ਮੁਹਾਲੀ ਪੁਲੀਸ ਨੂੰ ਨਾਲ ਲੈ ਕੇ ਸੈਕਟਰ-78 ਸਥਿਤ ਮੇਅਰ ਜੀਤੀ ਸਿੱਧੂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਮੌਕੇ ਸਿੱਧੂ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ। ਛਾਪਾ ਮਾਰਨ ਵਾਲੀ ਟੀਮ ਦੇ ਮੈਂਬਰ ਗੋਪਾਲ ਰਾਏ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਉਕਤ ਥਾਂ ’ਤੇ ਸ਼ਰਾਬ ਹੋਣ ਦਾ ਜ਼ਿਕਰ ਸੀ, ਪਰ ਸਿੱਧੂ ਦੇ ਘਰੋਂ ਸ਼ਰਾਬ ਨਹੀਂ ਮਿਲੀ। ਕੁਝ ਹੋਰ ਸਮੱਗਰੀ ਜ਼ਰੂਰ ਮਿਲੀ ਹੈ। ਏਡੀਸੀ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਘਰ ’ਚੋਂ 150 ਜ਼ਨਾਨਾ ਸੂਟ, ਕਰੀਬ 15 ਸਿਲਾਈ ਮਸ਼ੀਨਾਂ ਅਤੇ 1600 ਮਾਸਕ ਬਰਾਮਦ ਹੋਏ ਹਨ, ਜਿਸ ਮਗਰੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਾਂਚ ਦੌਰਾਨ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਹੈ। ਇਹ ਸਾਰੀ ਕਾਰਵਾਈ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸਿਲਾਈ ਮਸ਼ੀਨਾਂ ਮਿਲੀਆਂ ਹਨ, ਉਹ ਉਨ੍ਹਾਂ ਨੇ ਆਪਣੇ ਵੱਡੇ ਭਰਾ ਮਰਹੂਮ ਓਲੰਪੀਅਨ ਬਲਦੇਵ ਸਿੰਘ ਸਿੱਧੂ ਦੀ ਯਾਦ ਵਿੱਚ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੌਰਾਨ ਲੋੜਵੰਦ ਲੜਕੀਆਂ ਨੂੰ ਵੰਡਣ ਲਈ ਮੰਗਾਈਆਂ ਸਨ, ਜੋ ਵੱਧ ਗਈਆਂ ਸਨ। ਇੰਜ ਹੀ ਕੁਝ ਸੂਟ ਤੇ ਸਾੜ੍ਹੀਆਂ ਉਨ੍ਹਾਂ ਦੇ ਘਰ ਪਈਆਂ ਸਨ, ਜੋ ਲੋੜਵੰਦ ਘਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਾਨ ਕੀਤੇ ਜਾਂਦੇ ਹਨ। ਸਿੱਧੂ ਨੇ ‘ਆਪ’ ਉਮੀਦਵਾਰ ਕੁਲਵੰਤ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਾਬਕਾ ਮੇਅਰ ਚੋਣ ਪਹਿਲਾਂ ਹੀ ਆਪਣੀ ਹਾਰ ਦੇਖ ਕੇ ਬੁਖਲਾ ਗਏ ਹਨ ਅਤੇ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਵਿਹਲੇ ਹੋ ਕੇ ਉਹ ਕੁਲਵੰਤ ਸਿੰਘ ਖ਼ਿਲਾਫ਼ ਮਾਣਹਾਨੀ ਦੇ ਕੇਸ ਦਾਇਰ ਕਰਨਗੇ।

‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਦੋਸ਼ ਨਕਾਰੇ

ਮੁਹਾਲੀ ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਬਲਬੀਰ ਸਿੰਘ ਸਿੱਧੂ ਵੱਲੋਂ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਉਹ ਕਦੇ ਵੀ ਕਿਸੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਦੀ ਰਾਜਨੀਤੀ ਨਹੀਂ ਕਰਦੇ ਅਤੇ ਹਲਕੇ ਵਿੱਚ ਸੁੱਟੇ ਜਾ ਰਹੇ ਪਰਚਿਆਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ੈਰਕਾਨੂੰਨੀ ਮਾਈਨਿੰਗ: ਐਨਜੀਟੀ ਵੱਲੋਂ ਪੰਜਾਬ ਸਰਕਾਰ ਨੂੰ ਕਾਰਵਾਈ ਦੇ ਹੁਕਮ
Next articleਸਤਿਕਾਰ ਕੌਰ ਗਹਿਰੀ ਨੂੰ ਕਾਂਗਰਸ ’ਚੋਂ ਕੱਢਿਆ