ਦੇਸ਼ਧਰੋਹ ਦੇ ਮਾਮਲੇ ’ਚ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ

ਇਸਲਾਮਾਬਾਦ ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼(76) ਨੂੰ ਦੇਸ਼ਧਰੋਹ ਦੇ ਮਾਮਲੇ ਵਿੱਚ ਅੱਜ ਮੌਤ ਦੀ ਸਜ਼ਾ ਸੁਣਾਈ ਹੈ। ਮੁਸ਼ੱਰਫ ਪਹਿਲਾ ਅਜਿਹਾ ਫ਼ੌਜੀ ਸ਼ਾਸਕ ਹੈ, ਜਿਸ ਨੂੰ ਮੁਲਕ ਦੇ ਇਤਿਹਾਸ ਵਿੱਚ ਦੇਸ਼ਧਰੋਹ ਦਾ ਦੋਸ਼ੀ ਐਲਾਨਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸੁਪਰੀਮ ਕੋਰਟ ਦੀ ਹਦਾਇਤਾਂ ’ਤੇ ਗਠਿਤ ਇਸ ਵਿਸ਼ੇਸ਼ ਅਦਾਲਤ ਨੇ 2-1 ਦੇ ਮੱਤ ਨਾਲ ਫੈਸਲਾ ਸੁਣਾਇਆ ਹੈ। ਫੈਸਲੇ ਦੀ ਤਫ਼ਸੀਲ ਅਗਲੇ 48 ਘੰਟਿਆਂ ਵਿੱਚ ਜਾਰੀ ਕੀਤੀ ਜਾਵੇਗੀ। ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹੈ ਮੁਸ਼ੱਰਫ਼ ਅੱਜਕੱਲ੍ਹ ਦੁਬਈ ਵਿੱਚ ਸਵੈ-ਜਲਾਵਤਨੀ ਹੰਢਾ ਰਿਹਾ ਹੈ। ਪਿਸ਼ਾਵਰ ਹਾਈ ਕੋਰਟ ਦੇ ਚੀਫ਼ ਜਸਟਿਸ ਵਕਾਰ ਅਹਿਮਦ ਸੇਠ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ 76 ਸਾਲਾਂ ਨੂੰ ਢੁੱਕੇ ਮੁਸ਼ੱਰਫ਼ ਨੂੰ ਲੰਮੇ ਸਮੇਂ ਤੋਂ ਚੱਲ ਰਹੇ ਦੇਸ਼ਧਰੋਹ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਮੁਸ਼ੱਰਫ਼ ਨੂੰ ਦੇਸ਼ਧਰੋਹ ਕੇਸ ’ਚ ਦੋਸ਼ੀ ਠਹਿਰਾਉਣਾ ਉਸ ਮੁਲਕ ਲਈ ਅਹਿਮ ਪਲ ਹੈ, ਜਿਸ ਦੇ ਆਜ਼ਾਦ ਇਤਿਹਾਸ ਵਿੱਚ ਵਧੇਰਾ ਸਮਾਂ ਸ਼ਕਤੀਸ਼ਾਲੀ ਫੌਜ ਕਾਬਜ਼ ਰਹੀ ਹੈ। ਮੁਸ਼ੱਰਫ ਨੇ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 1999 ਵਿੱਚ ਕੀਤੇ ਤਖ਼ਤਾ ਪਲਟ ਵਿੱਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਉਹ 2001 ਤੋਂ 2008 ਤਕ ਪਾਕਿਸਤਾਨ ਦੇ ਰਾਸ਼ਟਰਪਤੀ ਵੀ ਰਹੇ। ਇਹ ਕੇਸ 2007 ਵਿੱਚ ਸੰਵਿਧਾਨ ਨੂੰ ਮੁਅੱਤਲ ਕਰਨ ਤੇ ਦੇਸ਼ ’ਤੇ ਐਮਰਜੈਂਸੀ ਥੋਪਣ ਦਾ ਹੈ, ਜੋ ਸਜ਼ਾਯੋਗ ਅਪਰਾਧ ਹੈ। ਇਸ ਕੇਸ ਵਿੱਚ ਮੁਸ਼ੱਰਫ਼ ਖਿਲਾਫ਼ 2014 ਵਿੱਚ ਦੋਸ਼ ਤੈਅ ਕੀਤੇ ਗਏ ਸਨ। ਅੱਜ ਸੁਣਾਏ ਫੈਸਲੇ ਵਿੱਚ ਦੋ ਜੱਜਾਂ ਨੇ ਮੌਤ ਦੀ ਸਜ਼ਾ ਸੁਣਾਈ, ਜਦੋਂਕਿ ਇਕ ਜੱਜ ਦੀ ਵੱਖਰੀ ਰਾਇ ਸੀ। ਉਂਜ ਅੱਜ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅਦਾਲਤ ਨੇ ਇਸਤਗਾਸਾ ਪੱਖ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਵਿੱਚ ਫੈਸਲੇ ਨੂੰ ਅੱਗੇ ਪਾਉਣ ਦੀ ਮੰਗ ਕੀਤੀ ਗਈ ਸੀ। ਸਾਬਕਾ ਫ਼ੌਜ ਮੁਖੀ ਮਾਰਚ 2016 ਵਿੱਚ ਇਲਾਜ ਲਈ ਦੁਬਈ ਗਿਆ ਸੀ ਤੇ ਸੁਰੱਖਿਆ ਤੇ ਸਿਹਤ ਦਾ ਹਵਾਲਾ ਦੇ ਕੇ ਅਜੇ ਤਕ ਮੁਲਕ ਨਹੀਂ ਪਰਤਿਆ। ਵਿਸ਼ੇਸ਼ ਅਦਾਲਤ ਵਿੱਚ ਜਸਟਿਸ ਸੇਠ ਤੋਂ ਇਲਾਵਾ ਸਿੰਧ ਹਾਈ ਕੋਰਟ ਦੇ ਜਸਟਿਸ ਨਾਜ਼ਰ ਅਕਬਰ ਤੇ ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਾਹਿਦ ਕਰੀਮ ਸ਼ਾਮਲ ਹਨ। ਅਦਾਲਤ ਨੇ 19 ਨਵੰਬਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੇਸ਼ ਧਰੋਹ ਕਾਨੂੰਨ 1973 ਮੁਤਾਬਕ ਅਜਿਹੇ ਅਪਰਾਧ ਲਈ ਮੌਤ ਜਾਂ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ।

Previous articleMamata government orders stay on work for NPR
Next articleDeath toll rises to 16 in southwest China coal, gas outburst