ਬਜ਼ੁਰਗਾਂ ‘ਚ ਵੀ ਹੋਣੀ ਚਾਹੀਦੀ ਹੈ ਸ਼ਹਿਨਸ਼ੀਲਤਾ

(ਸਮਾਜ ਵੀਕਲੀ)

ਜਿੰਦਗੀ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਹਰ ਪਲ ਖੁਸ਼ ਰਹਿਣਾ ਚਾਹੀਦਾ ਹੈ। ਜੇ ਅਸੀ ਆਪ ਖੁਸ਼ ਰਹਾਂਗੇ, ਤਾਂ ਸਾਡੇ ਘਰ ਦੇ ਬਜ਼ੁਰਗ ਆਪਣੇ ਆਪ ਖੁਸ਼ ਰਹਿਣਗੇ। ਜੇ ਹਮੇਸ਼ਾਂ ਹੀ ਅਸੀਂ ਆਪਣੇ ਮੱਥੇ ਤੇ ਤਿਊੜੀ ਪਾ ਕੇ ਰੱਖਾਂਗੇ ਤਾਂ ਬਜ਼ੁਰਗਾਂ ਦੇ ਦਿਲ ਤੇ ਕਿ ਗੁਜ਼ਰੇਗੀ , ਉਹ ਤਾਂ ਉਹਨਾਂ ਨੂੰ ਹੀ ਪਤਾ ਹੋਵੇਗਾ ।ਉਹ ਵਿਚਾਰੇ ਆਪਣੀ ਔਲਾਦ ਨੂੰ ਦੇਖਕੇ ਸਾਰਾ ਸਮਾਂ ਦੁੱਖੀ ਰਹਿਣਗੇ। ਅਕਸਰ ਕਿਹਾ ਵੀ ਜਾਂਦਾ ਹੈ ਕਿ ਬਜ਼ੁਰਗ ਘਰ ਦੇ ਜ਼ਿੰਦਰੇ ਹੁੰਦੇ ਹਨ। ਬਜ਼ੁਰਗਾਂ ਦੀ ਘਰ ਵਿੱਚ ਬੋਹੜ ਵਰਗੀ ਛਾਂ ਹੁੰਦੀ ਹੈ। ਜਿਹਨਾਂ ਦੇ ਬਜ਼ੁਰਗ ਇਸ ਸੰਸਾਰ ਤੋਂ ਰੁਖ਼ਸਤ ਕਰ ਗਏ ਹਨ, ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੇ ਘਰ ਵਿੱਚ ਬਜੁਰਗਾਂ ਦੀ ਕਿੰਨੀ ਘਾਟ ਮਹਿਸੂਸ ਹੁੰਦੀ ਹੋਣੀ । ਉਨ੍ਹਾਂ ਪਰਿਵਾਰਾਂ ਦਾ ਬਹੁਤ ਰੋ-ਰੋ ਕੇ ਬੁਰਾ ਹਾਲ ਹੁੰਦਾ ਹੋਣਾ। ਸਾਨੂੰ ਜਿਉਂਦੇ ਜੀਅ ਆਪਣੇ ਬਜ਼ੁਰਗਾਂ ਦੀ ਕਦਰ ਕਰਨੀ ਚਾਹੀਦੀ ਹੈ। ਪਰ ਅੱਜ ਹਵਾ ਅਜਿਹੀ ਚੱਲ ਰਹੀ ਹੈ ਕਿ ਬਜ਼ੁਰਗਾਂ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਹੈ।

ਬਜ਼ੁਰਗਾਂ ਨੂੰ ਘਰ ਵਿਚ ਰਹਿਣ ਲਈ ਜਗ੍ਹਾ ਵੀ ਨਹੀਂ ਹੈ। ਘਰ ਦੇ ਇਕ ਕੋਨੇ ਵਿੱਚ ਸੁੱਟ ਕੇ ਰੱਖ ਰੱਖਿਆ ਹੈ। ਵਿਚਾਰਨ ਵਾਲੀ ਗੱਲ ਹੈ ਸਾਰੀ ਉਮਰ ਬਜ਼ੁਰਗ ਕਮਾਉਂਦਾ ਹੈ। ਬੁਢਾਪੇ ਵਿੱਚ ਉਹ ਆਪਣੀ ਔਲਾਦ ਤੋਂ ਸਹਾਰਾ ਚਾਹੁੰਦਾ ਹੈ। ਕਈ ਪਰਿਵਾਰਾਂ ਵਿੱਚ ਤਾਂ ਇਨਾਂ ਬੁਰਾ ਹਾਲ ਹੋ ਚੁੱਕਿਆ ਹੈ ਕਿ ਬਜ਼ੁਰਗਾਂ ਨਾਲ ਕੁੱਟ ਮਾਰ ਵੀ ਕਰਦੇ ਹਨ। ਅਕਸਰ ਅਜਿਹੀਆਂ ਖ਼ਬਰਾਂ ਆਮ ਪੜ੍ਹਨ ਨੂੰ ਸੁਣਨ ਨੂੰ ਮਿਲਦੀਆਂ ਹਨ। ਬੱਚਿਆਂ ਨਾਲ ਬਜ਼ੁਰਗਾਂ ਦਾ ਬਹੁਤ ਪਿਆਰ ਹੁੰਦਾ ਹੈ। ਬਜ਼ੁਰਗ ਆਪਣੇ ਪੁੱਤਾਂ ਨਾਲੋਂ ਆਪਣੇ ਪੋਤੇ ਪੋਤੀਆਂ ਨੂੰ ਬਹੁਤ ਪਿਆਰ ਕਰਦੇ ਹਨ। ਮਾਂ-ਬਾਪ ਤਾਂ ਅਕਸਰ ਆਪਣੀ ਨੌਕਰੀ ਤੇ ਚਲੇ ਜਾਂਦੇ ਹਨ। ਫਿਰ ਘਰ ਵਿਚ ਬਜੁਰਗ ਘਰ ਦਾ ਸਾਰਾ ਕੰਮ ਵੀ ਕਰਦੇ ਹਨ ਤੇ ਆਪਣੇ ਪੋਤਰਿਆਂ ਨੂੰ ਲਾਡ ਪਿਆਰ ਵੀ ਕਰਦੇ ਹਨ ਤੇ ਉਨ੍ਹਾਂ ਨੂੰ ਖਾਣਾ ਖਾਣ ਲਈ ਵੀ ਦਿੰਦੇ ਹਨ। ਸਕੂਲਾਂ ਵਿੱਚ ਆਪ ਬਜ਼ੁਰਗ ਆਪਣੇ ਬੱਚਿਆਂ ਦੇ ਨਿਆਣਿਆਂ ਨੂੰ ਛੱਡਣ ਜਾਂਦੇ ਹਨ। ਤੇ ਵਾਪਸ ਫਿਰ ਆਪਣੇ ਪੋਤਰਿਆਂ ਨੂੰ ਲੈ ਕੇ ਆਉਂਦੇ ਹਨ। ਕੀ ਗੱਲ ਮਾਂ-ਬਾਪ ਨੂੰ ਇੰਨਾ ਵੀ ਨਹੀਂ ਦਿਖਦਾ ਕਿ ਸਾਡੇ ਸੱਸ-ਸਹੁਰੇ, ਬਜ਼ਰਗ ਸਾਡੇ ਬੱਚਿਆਂ ਨਾਲ ਕਿੰਨਾ ਲਾਡ ਪਿਆਰ ਲਡਾਉਂਦੇ ਹਨ?

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ ।ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ ।ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ ।ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ ।ਕਈਆਂ ਨੇ ਤਾਂ ਬਜ਼ੁਰਗਾਂ ਨੂੰ ਇੱਕ ਘਰ ਦੇ ਕੋਨੇ ਵਿੱਚ ਸੁੱਟ ਰੱਖਿਆ ਹੈ।

ਅੱਜ ਕੱਲ੍ਹ ਦੀਆਂ ਨੂੰਹਾਂ ਤੋਂ ਤਾਂ ਰੱਬ ਬਖਸ਼ੇ ,ਉਨ੍ਹਾਂ ਦੀ ਇਹ ਸੋਚ ਹੈ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਮਾਂ ਬਾਪ ਦੀ ਚੰਗੀ ਸੇਵਾ ਕਰੇ। ਪਰ ਆਪ ਉਨ੍ਹਾਂ ਨੂੰ ਸੱਸ ਸਹੁਰਾ ਦੀ ਸੇਵਾ ਨਾ ਕਰਨੀ ਪਏ। ਕਈਆਂ ਨੂੰਹ ਤਾਂ ਸੱਸ ਸਹੁਰੇ ਨੂੰ ਜੂਠੀ ਥਾਲੀ ਵਿੱਚ ਖਾਣਾ ਦਿੰਦੀਆਂ ਹਨ ।ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ ,ਪਰ ਬਜ਼ੁਰਗਾਂ ਨਾਲ ਪਿਆਰ ਨਹੀਂ ਹੈ। ਮਹੀਨੇ ਦੇ ਪਹਿਲੇ ਹਫ਼ਤੇ ਦਾ ਪਾਪਾ ਜੀ ਮੰਮੀ ਜੀ ਕਰਦੀਆਂ ਹਨ, ਕਿਉਂਕਿ ਪੈਨਸ਼ਨ ਲੈਣੀ ਹੁੰਦੀ ਹੈ ਜਦੋਂ ਪੈਨਸ਼ਨ ਹੱਥ ਵਿੱਚ ਆ ਜਾਂਦੀ ਹੈ ਫਿਰ ਬੁੱਢਾ ਬੁੱਢੀ ਹੋ ਜਾਂਦੇ ਹਨ। ਨੂੰਹਾਂ ਇਹ ਸੋਚਦੀਆਂ ਹਨ ਕਿ ਸੱਸ ਮੂੰਹ ਬੰਦ ਰੱਖੇ ਤੇ ਮੁੱਠੀ ਖੁੱਲ੍ਹੀ ਰੱਖੇ। ਟੋਕਾ ਟਾਕੀ ਨਾ ਕਰੇ ।ਬਜ਼ੁਰਗ ਘਰ ਨੂੰ ਸਵਾਰਦੇ ਹੀ ਹਨ। ਕੋਈ ਵਿਗਾੜ ਦੇ ਥੋੜ੍ਹੀ ਹਨ। ਇੱਕ ਪੱਖ ਬਜ਼ੁਰਗਾਂ ਦੀ ਕਦਰ ਨਾਂ ਹੋਣਾ ਇਹ ਵੀ ਹੈ ।

ਕੁਝ ਹੱਦ ਤੱਕ ਬਜ਼ੁਰਗਾਂ ਦਾ ਵੀ ਕਸੂਰ ਹੁੰਦਾ ਹੈ ।ਦੂਜਾ ਪੱਖ ਇਹ ਵੀ ਅੱਜ ਕੱਲ ਹੋ ਰਿਹਾ ਹੈ ।ਅੱਜ ਕੱਲ੍ਹ ਦੇ ਬਜ਼ੁਰਗ ਆਪਣੇ ਬੱਚਿਆਂ ਦੇ ਮੁਤਾਬਿਕ ਨਹੀਂ ਚੱਲਦੇ। ਜਿਸ ਕਰਕੇ ਘਰ ਵਿੱਚ ਤਕਰਾਰ ਪੈਦਾ ਹੋ ਜਾਂਦਾ ਹੈ।ਇੱਕ ਕਹਾਵਤ ਵੀ ਹੈ ਕਿ “ਸਿਆਣਾ ਅਤੇ ਨਿਆਣਾ” ਇੱਕ ਬਰਾਬਰ ਹੋ ਜਾਂਦੇ ਹਨ।ਬਜ਼ੁਰਗਾਂ ਨੂੰ ਆਪਣੀ ਉਮਰ ਦੇ ਮੁਤਾਬਕ ਫੈਸਲੇ ਲੈਣੇ ਛੱਡ ਦੇਣੇ ਚਾਹੀਦੇ ਹਨ ।ਕਿਉਂਕਿ ਘਰ ਵਿੱਚ ਉਨ੍ਹਾਂ ਦੇ ਅੱਗੇ ਬੱਚੇ ਹਨ ,ਜਿਸ ਤਰ੍ਹਾਂ ਵੀ ਬੱਚੇ ਕਰਦੇ ਹਨ, ਬਜ਼ੁਰਗਾਂ ਨੂੰ ਬਿਲਕੁਲ ਵੀ ਟੋਕਾ ਟਾਕੀ ਕਰਨੀ ਨਹੀਂ ਚਾਹੀਦੀ ਹੈ ।ਅਕਸਰ ਸਾਡੇ ਸਮਾਜ ਵਿੱਚ ਆਮ ਕਿਹਾ ਜਾਂਦਾ ਹੈ ਕਿ ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ ।ਪਰ ਕੁਝ ਹੱਦ ਤੱਕ ਬਜ਼ੁਰਗਾਂ ਦਾ ਵੀ ਕਸੂਰ ਹੁੰਦਾ ਹੈ ।

ਬਜ਼ੁਰਗਾਂ ਨੂੰ ਇਹ ਹੁੰਦਾ ਹੈ ਕਿ ਸਾਡੇ ਘਰ ਵਿੱਚ ਚੱਲਣੀ ਚਾਹੀਦੀ ਹੈ।ਦੇਖੋ ਘਰ ਦੇ ਮਾਮਲਿਆਂ ਵਿੱਚ ਜ਼ਰੂਰ ਬਜ਼ੁਰਗਾਂ ਦੀ ਰਾਏ ਲਓ !ਪਰ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਵਧੀਆ ਲੱਗਦਾ ਹੈ ,ਬਜ਼ੁਰਗਾਂ ਨੂੰ ਉਸ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ ।ਜੇ ਬਜ਼ੁਰਗ ਆਪਣੇ ਬੱਚਿਆਂ ਦੇ ਮੁਤਾਬਕ ਨਹੀਂ ਚੱਲਣਗੇ ਤਾਂ ਫਿਰ ਹਰ ਰੋਜ਼ ਘਰ ਵਿੱਚ ਲੜਾਈ ਝਗੜਾ, ਕਲੇਸ਼ ਹੋਵੇਗਾ ਤੇ ਗੁਆਂਢੀ ਵੀ ਸੁਆਦ ਲੈ ਲੈ ਕੇ ਸੁਣਨਗੇ ਤੇ ਤੇ ਬਾਕੀ ਮੁਹੱਲਿਆਂ ਵਿੱਚ ਚਾਰ ਬੰਦਿਆਂ ਨੂੰ ਦੱਸਣਗੇ ਕਿ ਇਨ੍ਹਾਂ ਦੇ ਘਰ ਵਿੱਚ ਬਜ਼ੁਰਗਾਂ ਤੇ ਮੁੰਡਿਆਂ ਦੀ ਬਿਲਕੁਲ ਵੀ ਨਹੀਂ ਬਣਦੀ ।

ਸੋ ਸਮਾਂ ਬਦਲ ਰਿਹਾ ਹੈ। ਸਮੇਂ ਦੇ ਬਦਲਣ ਨਾਲ ਬਜ਼ੁਰਗਾਂ ਨੂੰ ਵੀ ਚੁੱਪ ਚਾਪ ਬਦਲ ਜਾਣਾ ਚਾਹੀਦਾ ਹੈ ।ਜਿਸ ਤਰ੍ਹਾਂ ਉਨ੍ਹਾਂ ਦੇ ਬੱਚੇ ਕਹਿੰਦੇ ਹਨ, ਉਸ ਦੇ ਮੁਤਾਬਕ ਉਨ੍ਹਾਂ ਨੂੰ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ।ਜੇ ਘਰ ਵਿੱਚ ਬਜ਼ੁਰਗ ਆਪਣੇ ਬੱਚਿਆਂ ਨਾਲ ਵਧੀਆ ਤਾਲਮੇਲ ਬਣਾ ਕੇ ਰਹਿਣਗੇ ਤਾਂ ਬਜ਼ੁਰਗਾਂ ਦੀ ਆਪਣੇ ਆਪ ਬਹੁਤ ਕਦਰ ਹੋਵੇਗੀ। ਸੌ ਬਜ਼ੁਰਗਾਂ ਨੂੰ ਬੱਚਿਆਂ ਦੇ ਕਿਸੇ ਵੀ ਮਾਮਲੇ ਵਿੱਚ ਜ਼ਿਆਦਾ ਟੋਕਾ ਟਾਕੀ ਨਹੀਂ ਕਰਨੀ ਚਾਹੀਦੀ ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਸ਼ੂਗਰ ਦਿਵਸ ਮੌਕੇ ਜਾਗਰੂਕਤਾ ਕੈਂਪ ਆਯੋਜਿਤ
Next articleਅਸੀਂ ਖੜੇ ਕਿਥੇ ਹਾਂ, ਸੋਚਣਾ ਪੈਣਾ