(ਸਮਾਜ ਵੀਕਲੀ) ਪ੍ਰੋ ਅਜਮੇਰ ਸਿੰਘ ਜੀ ਨੇ ਫੇਸਬੁੱਕ ਤੇ ਏਸ ਮੁੱਦੇ ਤੇ ਚਰਚਾ ਛੇੜੀ।ਛਿੜਨੀ ਚਾਹੀਦੀ ਦੀ ਵੀ ਹੈ,ਕਿਉੰਜੋ ਇਹ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।ਜਿਵੇਂ ਜਿਵੇੰ ਦੇਸ਼ ਦਾ ਆਰਥਿਕ ਮਾਡਲ ਵਧਿਆ ਤੇ ਨਾਲ ਹੀ ਓਵੇਂ ਓਵੇਂ ਪਰਿਵਾਰਾਂ ਦੀ ਭਾਰੀ ਟੁੱਟਭੱਜ ਵੀ ਹੋਈ।ਛੋਟੇ ਪਰਿਵਾਰ ਹੋਣ ਨਾਲ ਬੱਚੇ ਵਿਦੇਸੀਂ ਜਾਂ ਕਾਰਪੋਰੇਟ ਸੈਕਟਰ ਵੱਲ ਖਿੱਚੇ ਗਏ।ਪੰਜਾਹਵਿਆਂ ਤੋਂ ਬਾਅਦ ਜੰਮੇ ਬਜ਼ੁਰਗ ਘਰਾਂ ‘ਚ ਇਕੱਲੇ ਰਹਿ ਗਏ।ਵਿਦੇਸ਼ਾਂ ‘ਚ ਜਾਂ ਦੂਜੇ ਪ੍ਰਾਂਤਾਂ ‘ਚ ਬਜ਼ੁਰਗਾਂ ਨੂੰ ਨਾਲ ਵੀ ਬੱਚੇ ਲੈ ਜਾਂਦੇ ਨੇ,ਪਰ ਫਲੈਟਾਂ ਅੰਦਰ ਤੇ ਆਪਣੀ ਸਭਿਆਚਾਰਕ ਸਪੇਸ ਤੋੰ ਟੁੱਟੇ ਇਹ ਬਜ਼ੁਰਗ ਖਾਲੀ ਅੱਖਾਂ ਨਾਲ ਆਸਪਾਸ ਵੇਖਦੇ ਕੇਵਲ ਸਾਹ ਹੀ ਲੈ ਰਹੇ ਹੁੰਦੇ ਨੇ।ਉਹਨਾਂ ਅੰਦਰਲਾ ਪੀਪੇ ਵਾਂਗ ਖਾਲੀ ਹੁੰਦਾ ਹੈ।ਕੁਝ ਕੁ ਪੜ੍ਹੇ ਲਿਖੇ ਜ਼ਹੀਨ ਬੁਧ ਦੇ ਮਾਲਕ ਤਾਂ ਪੜ੍ਹਾਈ ਲਿਖਾਈ ਜਾਂ ਕੁੱਝ ਹੋਰ ਰੁਚੀਆਂ ਡਿਵੈਲਪ ਕਰਕੇ ਸਪੇਸ ਨੂੰ ਭਰ ਵੀ ਰਹੇ ਨੇ,ਪਰ ਬਹੁਤਿਆਂ ਦਾ ਮੰਦਾ ਹਾਲ ਈ ਐ। ਏਸ ਸਬੰਧ ਵਿੱਚ ਥੋੜਾ ਜਿਹਾ ਹੋਰ ਕਹਾਂਗਾ ਕਿ ਜਿਉਂ ਜਿਉਂ ਸ਼ੋਸ਼ਲ ਮੀਡੀਆ,AI ਵਗੈਰਾ ਆ ਰਹੇ ਨੇ,ਬੰਦਾ ਮਸ਼ੀਨੀਕ੍ਰਿਤ ਹੁੰਦਾ ਜਾਵੇਗਾ।ਪੁਰਾਣਾ ਨੈਰੇਟਿਵ ਆਪਣੀ ਥਾਂ ਹੈ,ਉਹਦਾ ਆਪਣਾ ਲੌਜਿਕ ਹੈ।ਪਰ ਹਕੀਕਤ ਵੀ ਸਾਹਮਣੇ ਹੈ ਕਿ ਘਰ ਮਾਈਕਰੋ ਹੋ ਰਹੇ ਨੇ,ਏਥੋੰ ਅੱਗੇ ਬੰਦਾ ਡਿਜ਼ਟਲ ਰਿਲੇਸ਼ਨ ਵੱਲ ਵੱਧ ਰਿਹਾ ਹੈ। ਹਾਂ, ਪੁਰਾਣੀ ਪੀੜ੍ਹੀ ਅੱਗੇ ਵੱਡਾ ਸੰਕਟ ਆ ਖਲੋਤੈ।ਇਹਦਾ ਹੱਲ ਸਰਕਾਰਾਂ ਨੂੰ ਕੱਢਣਾ ਚਾਹੀਦਾ ਸੀ,ਜੋ ਬਿਲਕੁਲ ਧਿਆਨ ਨਹੀਂ ਦੇ ਰਹੀਆਂ।ਇਹ ਸਮੱਸਿਆ ਵਿਕਰਾਲਤਾ ਵੱਲ ਵਧੇਗੀ ਤੇ ਕਾਫ਼ੀ ਹੱਦ ਤੱਕ ਨੇੜੇ ਹੀ ਹੈ। ਓਲਡ ਏਜ਼ ਹੋਮ,ਪ੍ਰਭ ਆਸਰਾ ਵਰਗੇ ਬਿਮਾਰਾਂ, ਨਿਤਾਣਿਆਂ ਨੂੰ ਆਸਰਾ ਦੇਣ ਵਾਲੀਆਂ ਕਾਫ਼ੀ ਸੰਸਥਾਵਾਂ ਹੋਂਦ ਵਿੱਚ ਆ ਰਹੀਆਂ ਹਨ।ਸ਼ੋਸ਼ਲ ਮੀਡੀਆ ਤੇ ਬਿਮਾਰੀਆਂ ਨਾਲ ਘੁਲ ਰਹੇ ਬਜ਼ੁਰਗਾਂ ਦੀ ਦਾਸਤਾਨ ਵੇਖਣ ਸੁਣਨ ਨੂੰ ਮਿਲ ਰਹੀ ਹੈ।ਇਹਨਾਂ ਸਭਨਾਂ ਵਰਤਾਰਿਆਂ ਤੋਂ ਸੰਕਟ ਗੰਭੀਰ ਹੋਣ ਦਾ ਪਤਾ ਲਗਦਾ ਹੈ।ਇਹ ਗੱਲ ਤਾਂ ਆਮ ਗੱਲਬਾਤ ਵਿਚ ਆ ਰਹੀ ਹੈ ਕਿ ਬਜ਼ੁਰਗ ਇਕੱਲੇ ਹੋ ਗਏ ਨੇ,ਡਿਪਰੈਸ਼ਨ ਜਾਂ ਉਦਾਸੀ ਵਿਚ ਨੇ,ਪਰ ਸਮਾਜ ਦਾ ਭਰਵਾਂ ਮੁੱਦਾ ਹਾਲੇ ਇਹ ਨਹੀਂ ਬਣਿਆ।ਮੁੱਦਾ ਓਦੋਂ ਬਣੇਗਾ ਜਦੋਂ ਸੰਕਟ ਗਹਿਰਾ ਹੋਵੇਗਾ।ਪੁਲੀਟੀਕਲ ਮੁੱਦਾ ਵੀ ਦੇਰ ਸਵੇਰ ਬਣੇਗਾ,ਬਜ਼ਟ ਵਿਚ ਬਜ਼ੁਰਗਾਂ ਦੇ ਸੰਭਾਲ ਲਈ ਰਾਖਵਾਂ ਪੈਸਾ ਰੱਖਿਆ ਜਾਵੇਗਾ… ਪਰ ਫਿਰ ਵੀ ਸਮਾਜ ਕੁਰਾਹੇ ਪਏ ਸਰਕਲ ‘ਚ ਪਿਆ ਹੋਇਐ, ਇਹ ਸਰਕਲ ਤਾਂ ਵਧਣਾ ਹੀ ਹੈ ਤੇ ਨਾਲ ਸੰਕਟ ਵੀ ਵਧਣੈ…ਇਹ ਲੰਮੇ ਦਾਅ ਦੀ ਸਮੱਸਿਆ ਤਾਂ ਹੈ ਹੀ,ਮਨੁੱਖੀ ਅਧਿਕਾਰਾਂ ਤੇ ਜਿਉਣ ਥੀਣ ਦਾ ਮਸਲਾ ਵੀ ਹੈ….ਚਣੌਤੀਆਂ ,ਜਾਗਰੂਕਤਾ, ਸਮਾਧਾਨ ਹੁੰਦੇ ਰਹਿਣਗੇ,ਪਰ ਹੁਣ ਬਜ਼ੁਰਗ ਫਿਲਹਾਲ ਕੁਲ੍ਹਾੜੀ ‘ਚ ਨੇ।ਸਾਥੀਆਂ ਅੱਗੇ ਬੇਨਤੀ ਹੈ ਕਿ ਇਸ ਭੱਖ ਰਹੇ ਮੁੱਦੇ ਨੂੰ ਆਪਣੀ ਲੇਖਣੀ ਅੰਦਰ ਥਾਂ ਦੇਣ ਤਾਂ ਜੋ ਏਸ ਪ੍ਰਤੀ ਸੰਵੇਦਨਸ਼ੀਲਤਾ ਵਧੇ।
ਅਮਰਜੀਤ ਅਰਪਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



