ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਹੋਣ ਦਾ ਦਾਅਵਾ ਕਰ ਕੇ ਅਮਰੀਕਾ ਵਾਸੀ ਸੁਮਨ ਤੂਰ ਨੇ ਚੋਣਾਂ ਦੇ ਭਖੇ ਮਾਹੌਲ ਦੌਰਾਨ ਅੱਜ ਕਾਂਗਰਸ ਆਗੂ ’ਤੇ ਉਂਗਲ ਉਠਾਈ ਹੈ| ਸੁਮਨ ਤੂਰ ਨੇ ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕਰ ਕੇ ਗੰਭੀਰ ਇਲਜ਼ਾਮ ਲਾਏ ਹਨ| ਉਨ੍ਹਾਂ ਅੱਜ ਇੱਥੇ ਮੀਡੀਆ ਵਾਰਤਾ ਦੌਰਾਨ ਦੋਸ਼ ਲਾਏ ਕਿ ਨਵਜੋਤ ਸਿੱਧੂ ਨੇ 1986 ਵਿਚ ਪਿਤਾ ਭਗਵੰਤ ਸਿੰਘ ਦੀ ਮੌਤ ਹੋਣ ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਧੀਆਂ-ਪੁੱਤਰਾਂ ਦੇ ਹੁੰਦਿਆਂ ਉਨ੍ਹਾਂ ਦੀ ਮਾਂ ਬਿਨਾਂ ਸਾਂਭ-ਸੰਭਾਲ ਮੌਤ ਦੇ ਮੂੰਹ ਜਾ ਪਈ| ਸੁਮਨ ਤੂਰ ਨੇ ਦੋਸ਼ ਲਾਇਆ ਕਿ ਸਿੱਧੂ ਨੇ ਪੈਸੇ ਲਈ ਪਰਿਵਾਰ ਦੀ ਪ੍ਰਵਾਹ ਨਹੀਂ ਕੀਤੀ ਅਤੇ ਪਰਿਵਾਰ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਵੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਉਹ ਪੰਜਾਬ ਦੀਆਂ ਭੈਣਾਂ ਅਤੇ ਮਾਵਾਂ ਨੂੰ ਅਪੀਲ ਕਰਦੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਨਵਜੋਤ ਸਿੱਧੂ ਨੂੰ ਪੰਜਾਬ ਦੇ ਲੋਕ ਸੁਆਲ ਕਰਨ ਕਿ ਉਸ ਨੇ (ਸਿੱਧੂ) ਨੇ ਆਪਣੀਆਂ ਭੈਣਾਂ ਤੇ ਮਾਂ ਨਾਲ ਅਜਿਹਾ ਕਿਉਂ ਕੀਤਾ| ਸੁਮਨ ਤੂਰ ਦੇ ਇਨ੍ਹਾਂ ਇਲਜ਼ਾਮਾਂ ਨੇ ਚੋਣਾਂ ਮੌਕੇ ਵਿਰੋਧੀ ਧਿਰਾਂ ਦੇ ਹੱਥ ਇੱਕ ਮੌਕਾ ਦੇ ਦਿੱਤਾ  ਹੈ|

ਸੁਮਨ ਤੂਰ ਵੱਲੋਂ ਚੋਣਾਂ ਤੋਂ ਐਨ ਪਹਿਲਾਂ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾਣ ਤੋਂ ਸਿਆਸੀ ਹਲਕੇ ਇਸ ਪਿੱਛੇ ਦਾਲ ਵਿਚ ਕੁੱਝ ਕਾਲਾ ਦੱਸ ਰਹੇ ਹਨ ਅਤੇ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਇਹ ਵਿਰੋਧੀਆਂ ਦੀ ਕੋਈ ਚਾਲ ਵੀ ਹੋ ਸਕਦੀ ਹੈ| ਸੁਮਨ ਤੂਰ ਨੇ ਚੋਣਾਂ ਮੌਕੇ ਪ੍ਰੈੱਸ ਵਾਰਤਾ ਕੀਤੇ ਜਾਣ ਦੇ ਸੁਆਲ ਦੇ ਜੁਆਬ ’ਚ ਕਿਹਾ ਕਿ ਉਹ 20 ਜਨਵਰੀ ਨੂੰ ਨਵਜੋਤ ਸਿੱਧੂ ਦੇ ਘਰ ਗਏ ਸਨ ਪਰ ਉਨ੍ਹਾਂ ਨੂੰ ਘਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਸਿੱਧੂ ਨੇ ਉਨ੍ਹਾਂ ਦਾ ਵੱਟਸਐਪ ਨੰਬਰ ਵੀ ਬਲਾਕ ਕੀਤਾ ਹੋਇਆ ਹੈ ਜਿਸ ਕਰਕੇ ਉਹ ਹੁਣ ਉਹ ਰੁਕ ਨਾ ਸਕੇ| ਸੁਮਨ ਤੂਰ ਨੇ ਕਿਹਾ ਕਿ ਇਸ ਨਾਲ ਕਿਸੇ ਸਿਆਸਤ ਜਾਂ ਪਾਰਟੀ ਦਾ ਸਬੰਧ ਨਹੀਂ ਹੈ| ਤੂਰ ਨੇ ਕਿਹਾ ਕਿ ਸਿੱਧੂ ਨੇ ਜਾਇਦਾਦ ਖ਼ਾਤਰ 1987 ਵਿਚ ਦਿੱਤੀ ਇੱਕ ਇੰਟਰਵਿਊ ’ਚ ਇਹ ਵੀ ਕਿਹਾ ਕਿ ਉਸ ਦੀ ਦੋ ਸਾਲ ਦੀ ਉਮਰ ਵਿਚ ਹੀ ਉਸ ਦੇ ਮਾਪੇ ਅਦਾਲਤੀ ਹੁਕਮਾਂ ਨਾਲ ਵੱਖ ਹੋ ਗਏ ਸਨ|

ਤੂਰ ਨੇ ਕਿਹਾ ਕਿ ਉਹ ਦੋ ਭੈਣਾਂ ਸਨ ਪਰ ਦੂਸਰੀ ਭੈਣ ਨੀਲਮ ਮਹਾਜਨ ਦੀ 2013 ਵਿਚ ਮੌਤ ਹੋ ਗਈ ਸੀ| ਉਨ੍ਹਾਂ ਕਿਹਾ ਕਿ ਦੋਵੇਂ ਭੈਣਾਂ ਨੇ ਕਦੇ ਵੀ ਜਾਇਦਾਦ ਚੋਂ ਕੋਈ ਹਿੱਸਾ ਸਿੱਧੂ ਤੋਂ ਨਹੀਂ ਮੰਗਿਆ। ਤੂਰ ਨੇ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਦੀ ਮਾਂ ਨਿਰਮਲ ਅਤੇ ਪਿਤਾ ਭਗਵੰਤ ਸਿੰਘ ਦਾ ਨਾਂ ਵਰਤਣਾ ਬੰਦ ਕਰੇ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਗਾਸਸ ਸੌਦੇ ਤੋਂ ਬਾਅਦ ਭਾਰਤ ਨੇ ਸੰਯੁਕਤ ਰਾਸ਼ਟਰ ’ਚ ਫਲਸਤੀਨ ਖ਼ਿਲਾਫ਼ ਵੋਟ ਪਾਈ: ਰਿਪੋਰਟ
Next articleਨਵਜੋਤ ਦਾ ਇਨ੍ਹਾਂ ਨਾਲ ਕੋਈ ਨਾਤਾ ਨਹੀਂ: ਡਾ. ਸਿੱਧੂ