* ਸਾਡਾ ਮਕਸਦ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣਾ -ਸੁਨੇਤ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਇੰਡੀਆ ਟ੍ਰਾਂਸਫਾਰਮੇਸ਼ਨ ਐਸੋਸੀਏਸ਼ਨ(ਈਟਾ)ਵਲੋਂ ਰਾਜਪੂਤ ਭਵਨ ,ਲੱਧੇਵਾਲੀ ਜਲੰਧਰ ਵਿਖੇ ਰਾਮਾ ਮੰਡੀ ਏਰੀਆ ਦੇ 20 ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਅੱਠਵੀਂ ਅਤੇ ਦਸਵੀਂ ਕਲਾਸ ਦੇ ਸੈਸ਼ਨ 2024-25 ਦੇ ਮੈਰਿਟ ਲਿਸਟ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਪ੍ਰਿੰਸੀਪਲ ਪਰਮਜੀਤ ਜੱਸਲ, ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ, ਜਲੰਧਰ ਸਨ। ਮੁੱਖ ਬੁਲਾਰੇ ਸ੍ਰੀ ਰਾਮ ਲੁਭਾਇਆ ਜੀ,(ਰਿਟਾ.) ਆਈ.ਡੀ. ਏ.ਐਸ. ਅਤੇ ਮਾਨਯੋਗ ਐਸ.ਕੇ. ਸੁਨੇਤ ਸਨ, ਜੋ ਉਪਰੋਤਕ ਸਭਾ ਦੇ ਪ੍ਰਧਾਨ ਹਨ। ਸਮਾਗਮ ਦੇ ਮੁੱਖ ਮਹਿਮਾਨ ਮਾਣਯੋਗ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਅੱਠਵੀਂ ਅਤੇ ਦਸਵੀਂ ਦੇ ਟੋਪਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਐਜੂਕੇਸ਼ਨ ਬਾਰੇ ਇੰਝ ਕਿਹਾ ਕਿ “ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ, ਜੋ ਪੀਵੇਗਾ ਉਹੀ ਦਹਾੜੇਗਾ।” ਭਾਵ ਮਨੁੱਖ ਕੋਲ ਜਿੰਨੀ ਵੱਧ ਐਜੂਕੇਸ਼ਨ ਹੋਵੇਗੀ, ਉਤਨਾ ਹੀ ਉਹ ਸਮਾਜ, ਦੇਸ਼ ਅਤੇ ਕੌਮ ਵਿੱਚ ਵੱਧ ਤਰੱਕੀ ਕਰੇਗਾ। ਵਿਦਿਆਰਥੀਆਂ ਕੋਲ ਸਿੱਖਿਆ ਹੀ ਇੱਕ ਅਜਿਹਾ ਮਾਧਿਅਮ (ਹਥਿਆਰ) ਹੈ, ਜਿਸ ਰਾਹੀਂ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ । ਚੰਗੀਆਂ ਕਿਤਾਬਾਂ ਪੜ੍ਹਨ ਨਾਲ ਮਨੁੱਖ ਦੀ ਜ਼ਿੰਦਗੀ ਬਦਲ ਜਾਂਦੀ ਹੈ ।ਉੱਚ ਸਿੱਖਿਆ ਤੇ ਮਿਆਰੀ 
ਸਿੱਖਿਆ ਗ੍ਰਹਿਣ ਕਰਕੇ ਵਿਦਿਆਰਥੀ ਆਪਣੇ ਟੀਚੇ ਨੂੰ ਹਾਸਲ ਕਰਦਾ ਹੈ ਤੇ ਉਹ ਉੱਚਾ ਰੁਤਬਾ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਦਾ ਨਾਂ ਰੋਸ਼ਨ ਕਰਦਾ ਹੈ। ਵਿਦਿਆਰਥੀ ਆਪਣੇ ਲਕਸ਼ ਨੂੰ ਪੂਰਾ ਕਰਨ ਲਈ ਸਿੱਖਿਆ ਲਈ ਆਪਣਾ ਟਾਈਮ ਟੇਬਲ, ਅਨੁਸ਼ਾਸਨ, ਮਾਤਾ- ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ, ਹੋਮ ਵਰਕ ਕਰਨਾ, ਹਰ ਰੋਜ਼ ਸਕੂਲ ਜਾਣਾ, ਪੜ੍ਹਾਈ ਮਨ ਲਗਾ ਕੇ ਕਰਨਾ, ਹਮੇਸ਼ਾ ਪੋਜ਼ੀਟਿਵ ਸੋਚ ਰੱਖਣਾ, ਸਵੇਰੇ ਜਲਦੀ ਉੱਠਣਾ, ਕਸਰਤ ਕਰਨਾ, ਸੈਰ ਕਰਨੀ,ਮਾਤਾ- ਪਿਤਾ ਅਤੇ ਅਧਿਆਪਕਾਂ ਦਾ ਕਹਿਣਾ ਮੰਨਣਾ, ਇਮਾਨਦਾਰੀ ਨਾਲ ਚੱਲਣਾ,ਯਾਰਾਂ ਦੋਸਤਾਂ ਨਾਲ ਪਿਆਰ ਭਾਵਨਾ ਨਾਲ ਰਹਿਣਾ, ਆਪਣਾ ਚਰਿੱਤਰ ਉੱਚਾ ਰੱਖਣਾ, ਨਸ਼ਿਆਂ ਤੋਂ ਦੂਰ ਰਹਿਣਾ, ਸਿਹਤ ਮੰਦ ਰਹਿਣਾ, ਆਲਸ ਛੱਡਣੀ, ਅੱਜ ਦਾ ਕੰਮ ਅੱਜ ਹੀ ਕਰਨਾ, ਪੰਚਸ਼ੀਲ ‘ਤੇ ਚੱਲਣਾ, ਮੋਬਾਇਲ ਫੋਨ ਦੀ ਸਹੀ ਵਰਤੋਂ ਕਰਨੀ, ਲਗਨ ਨਾਲ ਪੜ੍ਹਾਈ ਕਰਨੀ, ਮਿੱਠਾ ਬੋਲਣਾ,ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ, ਰੁੱਖ ਲਗਾਉਣਾ ਆਦਿ ਟਿਪਸ ਦਿੱਤੇ। ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਪੜ੍ਹਾਈ ਦੇ ਨਾਲ- ਨਾਲ ਆਪਣੇ ਰਹਿਬਰਾਂ ਸਤਿਗੁਰੂ ਰਵਿਦਾਸ ਜੀ, ਬਾਬਾ ਸਾਹਿਬ ਡਾ. ਅੰਬੇਡਕਰ ਜੀ, ਸਤਿਗੁਰੂ ਕਬੀਰ ਜੀ, ਮਹਾਤਮਾ ਜੋਤੀਬਾ ਫੂਲੇ ਜੀ, ਮਾਤਾ ਸਵਿੱਤਰੀ ਬਾਈ ਫੂਲੇ ਜੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਬਾਰੇ ਭਰਪੂਰ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤਾਂ ਕਿ ਰਹਿਬਰਾਂ ਦੇ ਸੁਪਨਿਆਂ ਦਾ ਭਾਰਤ ਬਣ ਸਕੇ। ਇਸ ਮੌਕੇ ‘ਤੇ ਮੁੱਖ ਬੁਲਾਰੇ ਸ਼੍ਰੀ ਰਾਮ ਲੁਭਾਇਆ ਜੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ, ਇਸ ਲਈ ਤੁਹਾਨੂੰ ਭਾਵੇਂ ਕਿਸੇ ਵੀ ਚੀਜ਼ ਦਾ ਤਿਆਗ ਕਰਨਾ ਪਵੇ ਜਾਂ ਵੱਧ ਕੰਮ ਕਰਨਾ ਪਵੇ। ਸੰਸਥਾ ਦੇ ਸੰਸਥਾਪਕ ਸ੍ਰੀ ਐਸ.ਕੇ. ਸੁਨੇਤ ਨੇ ਕਿਹਾ ਕਿ ਅਜਿਹਾ ਪਹਿਲਾ ਫੰਕਸ਼ਨ ਕਰਨ ਨਾਲ ਅਸੀਂ ਸਰਕਾਰੀ ਸਕੂਲਾਂ ‘ਚ ਮੈਰਿਟ ਵਿੱਚ ਆਏ ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣਾ ਚਾਹੁੰਦੇ ਹਾਂ ਤਾਂ ਜੋ ਉਹ ਜ਼ਿੰਦਗੀ ‘ਚ ਆਪਣੇ ਲਕਸ਼ ਦੀ ਪ੍ਰਾਪਤੀ ਲਈ ਹੋਰ ਅੱਗੇ ਵੱਧਣ ਲਈ ਪੜ੍ਹਾਈ ਮਨ ਲਗਾ ਕੇ ਕਰ ਸਕਣ।ਇਹਨਾਂ ਤੋਂ ਇਲਾਵਾ ਵਿਦਿਆਰਥਣਾਂ ਬੇਬੀ ਭਾਵਨਾ ਅਤੇ ਬੇਬੀ ਕਿਰਨ ਵੱਲੋਂ ਕਵਿਤਾਵਾਂ ਅਤੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਹੋਰ ਕਈ ਬੁਲਾਰਿਆਂ ਕਰਨੈਲ ਸੰਤੋਖਪੁਰੀ, ਮਾਸਟਰ ਪ੍ਰਦੀਪ ਜੀ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਪ੍ਰਿੰਸੀਪਲ ਪਰਮਜੀਤ ਜੱਸਲ, ਮਾਨਯੋਗ ਰਾਮ ਲੁਭਾਇਆ ਜੀ ਅਤੇ ਮਾਨਯੋਗ ਸਤਵਿੰਦਰ ਸੁਨੇੇਤ ਆਦਿ ਵੱਲੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਉਨਾਂ ਨੂੰ ਪ੍ਰਸੰਸਾ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਨਿਵਾਜਿਆ ਗਿਆ। ਸੰਸਥਾ ਵੱਲੋਂ ਬੁੱਧੀਜੀਵੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਸਮਾਰੋਹ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ। ਇਸ ਸਮਾਗਮ ਵਿੱਚ ਗੁਰਦਿਆਲ ਚੰਦ ਜੱਸਲ ਆਬਾਦਪੁਰਾ, ਪਰਸ਼ੋਤਮ ਜੀ, ਓਮ ਪ੍ਰਕਾਸ਼ ਆਬਾਦਪੁਰਾ, ਸੀਨੀਅਰ ਬੋਧੀ ਆਗੂ ਹੁਸਨ ਲਾਲ ਬੌਧ, ਚੰਚਲ ਬੌਧ ਸਿਧਾਰਥ ਨਗਰ, ਰੋਹਿਤ ਭਾਟੀਆ ਪ੍ਰਧਾਨ ਹਮਸਫਰ ਯੂਥ ਕਲੱਬ, ਪ੍ਰੇਮ ਕੁਮਾਰ(ਸਟੇਜ ਦੀ ਭੂਮਿਕਾ ਨਿਭਾਉਣ ਵਾਲੇ) ਵਿਦਿਆਰਥੀਆਂ ਦੇ ਮਾਪੇ, ਰਿਸ਼ਤੇਦਾਰ , ਅਧਿਆਪਕ ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿੱਚ ਬੁੱਧੀਜੀਵੀ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਪਤਵੰਤੇ ਅਤੇ ਅੰਬੇਡਕਰੀ ਸਾਥੀ ਹਾਜ਼ਰ ਸਨ।



