ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਸੇਵਾ ਮੁਕਤ ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਭਾਵੇਂ ਅੱਜ ਸਰੀਰ ਕਰਕੇ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵਲੋਂ ਮਾਂ ਬੋਲੀ ਪੰਜਾਬੀ ਤੇ ਸਿੱਖਿਆ ਦੇ ਖੇਤਰ ਵਿਚ ਪਾਇਆ ਯੋਗਦਾਨ ਤੇ ਕੀਤੇ ਸਮਾਜ ਸੇਵਾ ਦੇ ਕਾਰਜ ਹਮੇਸ਼ਾ ਸਾਡਾ ਰਾਹ ਦਸੇਰਾ ਬਣੇ ਰਹਿਣਗੇ | ਪ੍ਰੀਤਮ ਸਿੰਘ ਸਰਗੋਧੀਆ ਦਾ ਜਨਮ 15 ਜੂਨ 1938 ਨੂੰ ਪਾਕਿਸਤਾਨ ਦੇ ਸਰਗੋਧਾ ਇਲਾਕੇ ਦੇ ਚੱਕ 135 ਵਿਖੇ ਪਿਤਾ ਅਮਰ ਸਿੰਘ ਤੇ ਮਾਤਾ ਸੰਤ ਕੌਰ ਦੇ ਗ੍ਰਹਿ ਵਿਖੇ ਹੋਇਆ | ਦੇਸ਼ ਦੀ ਵੰਡ ਤੋਂ ਬਾਅਦ ਉਹ ਪੰਜਾਬ ਆ ਵਸੇ ਤੇ ਉਨ੍ਹਾਂ ਆਪਣੀ ਮੁੱਢਲੀ ਸਕੂਲੀ ਸਿੱਖਿਆ ਭੁਲੱਥ ਹਲਕੇ ਨਾਲ ਸਬੰਧਿਤ ਪਿੰਡ ਮਕਸੂਦਪੁਰ ਤੇ ਨੰਗਲ ਲੁਬਾਣਾ ਤੋਂ ਪੂਰੀ ਕੀਤੀ | ਉਪਰੰਤ ਉਨ੍ਹਾਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਦਾਖਲਾ ਲਿਆ ਤੇ ਗਰੈਜੂਏਸ਼ਨ ਤੱਕ ਪੜ੍ਹਾਈ ਇੱਥੋਂ ਕੀਤੀ | ਇਸਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਦੀ ਪੜ੍ਹਾਈ ਕੀਤੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਐਮ.ਫਿੱਲ ਦੀ ਡਿਗਰੀ ਲਈ | ਪ੍ਰੀਤਮ ਸਿੰਘ ਸਰਗੋਧੀਆ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਸਨ 1969 ਵਿਚ ਪੋ੍ਰਫੈਸਰ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਤੇ ਵੱਖ-ਵੱਖ ਕਾਲਜਾਂ ਵਿਚ ਕੰਮ ਕਰਦੇ ਹੋਏ ਲੰਮਾ ਸਮਾਂ ਸਰਕਾਰੀ ਕਾਲਜ ਕਪੂਰਥਲਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ | 1972 ਵਿਚ ਆਪ ਜੀ ਦਾ ਵਿਆਹ ਤਿਰਲੋਚਨ ਕੌਰ ਨਾਲ ਹੋਇਆ ਤੇ ਉਹ ਵੀ ਲੰਮਾ ਸਮਾਂ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦਿੰਦੇ ਰਹੇ | ਪੜ੍ਹਾਈ ਦੇ ਸਮੇਂ ਦੌਰਾਨ ਆਪ ਵਲੋਂ ‘ਸਾਹਿਤ ਸਰਗਮ’ ਕਿਤਾਬ ਲਖੀ ਗਈ ਤੇ 1996 ਵਿਚ ਸਰਕਾਰੀ ਕਾਲਜ ਕਪੂਰਥਲਾ ਤੋਂ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਣ ਉਪਰੰਤ ਦੋ ਸਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪੜ) ਵਿਖੇ ਬਤੌਰ ਪਿ੍ੰਸੀਪਲ ਆਪਣੀਆਂ ਸੇਵਾਵਾਂ ਦਿੱਤੀਆਂ | ਉਨ੍ਹਾਂ ਵਲੋਂ ਸੰਪਾਦਿਤ ਕੀਤੀ ਕਿਤਾਬ ‘ਦੋ ਰੰਗ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨਾਲ ਸਬੰਧਿਤ ਕਾਲਜਾਂ ਵਿਚ ਮੌਜੂਦਾ ਸਮੇਂ ਦੌਰਾਨ ਵੀ ਸਿਲੇਬਸ ਦਾ ਹਿੱਸਾ ਹੈ | ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਨੇ ਆਪਣੇ ਕਾਰਜਕਾਲ ਦੌਰਾਨ 15 ਸਾਲ ਉਚੇਰੀ ਸਿੱਖਿਆ ਵਿਭਾਗ ਵਿਚ ਵਿਸ਼ਾ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਉਨ੍ਹਾਂ ਵਲੋਂ ਕਾਲਜ ਸਮੇਂ ਦੌਰਾਨ ਪੜ੍ਹਾਏ ਵਿਦਿਆਰਥੀ ਸਕੂਲਾਂ ਕਾਲਜਾਂ ਵਿਚ ਅਧਿਆਪਕ ਤੇ ਪਿ੍ੰਸੀਪਲ ਦੇ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਤੇ ਕਈ ਵਿਦਿਆਰਥੀ ਸਰਕਾਰ ਦੇ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ ਹਨ | ਪਿ੍ੰਸੀਪਲ ਸਰਗੋਧੀਆ ਵਲੋਂ ਲਿਖੀਆਂ ਕਵਿਤਾਵਾਂ ਤੇ ਲੇਖ ਸਮੇਂ-ਸਮੇਂ ਦੌਰਾਨ ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੇ ਰਹੇ ਤੇ ਉਨ੍ਹਾਂ ਦੇ ਪੰਜਾਬੀ ਪ੍ਰਤੀ ਪਿਆਰ ਨੇ ਸਦਾ ਹੀ ਉਨ੍ਹਾਂ ਦੀ ਪਹਿਚਾਣ ਨੂੰ ਬਰਕਰਾਰ ਰੱਖਿਆ | ਗਿਆਨ ਹਾਸਲ ਕਰਨ ਦੇ ਆਪਣੇ ਜਜ਼ਬੇ ਨੂੰ ਕਾਇਮ ਰੱਖਦਿਆਂ ਸੇਵਾ ਮੁਕਤੀ ਉਪਰੰਤ ਭਾਸ਼ਾ ਵਿਭਾਗ ਤੋਂ ਉਰਦੂ ਦਾ ਕੋਰਸ ਵੀ ਕੀਤਾ | ਉਹ ਸਿਰਜਣਾ ਕੇਂਦਰ ਕਪੂਰਥਲਾ ਤੇ ਅੱਖਰ ਮੰਚ ਤੋਂ ਇਲਾਵਾ ਸੂਬੇ ਦੀਆਂ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਰਗਰਮ ਮੈਂਬਰ ਵਜੋਂ ਵੀ ਵਿਚਰਦੇ ਰਹੇ | ਸਮੇਂ-ਸਮੇਂ ਦੌਰਾਨ ਉਨ੍ਹਾਂ ਦੇ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਤੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਨਾਮਵਰ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ | ਉਨ੍ਹਾਂ ਦੀਆਂ ਚੰਗੀਆਂ ਸਿੱਖਿਆਵਾਂ ਸਦਕਾ ਉਨ੍ਹਾਂ ਦੇ ਸਪੁੱਤਰ ਚਮੜੀ ਰੋਗਾਂ ਦੇ ਮਾਹਿਰ ਡਾ. ਪਿ੍ੰਸਜੀਤ ਸਿੰਘ ਸਰਗੋਧੀਆ ਤੇ ਉਨ੍ਹਾਂ ਦੀ ਨੂੰ ਹ ਮਾਨਸਿਕ ਰੋਗਾਂ ਦੇ ਮਾਹਿਰ ਵਜੋਂ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ | ਜਦਕਿ ਉਨ੍ਹਾਂ ਦੀ ਬੇਟੀ ਪਰਮਿੰਦਰਜੀਤ ਕੌਰ ਤੇ ਦਾਮਾਦ ਡਾ. ਹਰਜੀਤ ਸਿੰਘ ਓਬਰਾਏ ਕੈਨੇਡਾ ਵਿਖੇ ਰਹਿ ਰਹੇ ਹਨ | ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਜਿਨ੍ਹਾਂ ਦਾ ਬੀਤੀ 29 ਅਕਤੂਬਰ ਨੂੰ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 9 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਹੋਵੇਗਾ, ਜਿੱਥੇ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਸਿੱਖਿਆ ਤੇ ਸਾਹਿਤ ਦੇ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੀਆਂ |
ਮਾਂ ਬੋਲੀ ਪੰਜਾਬੀ ਤੇ ਸਿੱਖਿਆ ਖੇਤਰ ਵਿਚ ਪਾਏ ਅਹਿਮ ਯੋਗਦਾਨ ਲਈ ਯਾਦ ਰਹਿਣਗੇ ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ
ਅੱਜ ਭੋਗ ‘ਤੇ ਵਿਸ਼ੇਸ਼



