ਸਿੱਖਿਆ ਵਿਭਾਗ ਵੱਲੋਂ ਪਹਿਲੀ ਜਮਾਤ ਦੇ ਬੱਚਿਆਂ ਲਈ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦੀ ਸ਼ੁਰੂਆਤ ਨਿਵੇਕਲਾ ਉਪਰਾਲਾ – ਸ਼ਿਵ ਪਾਲ ਗੋਇਲ ਡੀਈਓ ਬਠਿੰਡਾ

ਤਿੰਨ ਮਹੀਨੇ ਪਲੇ-ਵੇ ਅਤੇ ਰੌਚਕ ਵਿਧੀਆਂ ਨਾਲ ਪਹਿਲੀ ਜਮਾਤ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨ ਦਾ ਸੁਹਿਰਦ ਉਪਰਾਲੇ ਸੰਬੰਧੀ ਪੋਸਟਰ ਜਾਰੀ ਕੀਤਾ

ਬਠਿੰਡਾ (ਰਮੇਸ਼ਵਰ ਸਿੰਘ) (ਸਮਾਜ ਵੀਕਲੀ):  ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਤਹਿਤ ਹੀ ਜਮਾਤ ਪਹਿਲੀ ਦੇ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਉਣ ਲਈ 3 ਮਹੀਨਿਆਂ ਦਾ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਪਹਿਲੀ ਜਮਾਤ ਦੇ ਵਿੱਚ ਦਾਖ਼ਲ ਵਿਦਿਆਰਥੀਆਂ ਨੂੰ ਨਿਪੁੰਨ ਭਾਰਤ ਮਿਸ਼ਨ ਤਹਿਤ ਸਕੂਲੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਉਣ ਲਈ 3 ਮਹੀਨਿਆਂ ਦਾ ਵਿਸ਼ੇਸ਼ ਪ੍ਰੋਗਰਾਮ ਵਿੱਦਿਆ ਪ੍ਰਵੇਸ਼ ਸ਼ੁਰੂ ਕਰਨ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਤਾਂ ਰਿਹਾ ਪਰ ਉਹਨਾਂ ਨੂੰ ਕੋਵਿਡ-19 ਦੀਆਂ ਲਾਜ਼ਮੀ ਬੰਦਿਸ਼ਾਂ ਕਾਰਨ ਲਗਾਤਾਰ ਕਲਾਸਰੂਮ ਦਾ ਵਾਤਾਵਰਨ ਨਹੀਂ ਮਿਲ ਸਕਿਆ। ਜਿਸ ਕਾਰਨ ਇਹਨਾਂ ਬੱਚਿਆਂ ਦਾ ਸਕੂਲੀ ਸਿੱਖਿਆ ਪ੍ਰਾਪਤੀ ਦਾ ਆਧਾਰ ਕਮਜ਼ੋਰ ਰਹਿਣ ਦੇ ਜਿਆਦਾ ਖਦਸ਼ੇ ਜ਼ਾਹਿਰ ਕੀਤੇ ਜਾ ਸਕਦੇ ਹਨ। ਇਹਨਾਂ ਬੱਚਿਆਂ ਦੇ ਸਾਖਰਤਾ ਅਤੇ ਸੰਖਿਆ ਗਿਆਨ ਦੇ ਆਧਾਰ ਨੂੰ ਮਜ਼ਬੂਤੀ ਦੇਣ ਲਈ 3 ਮਹੀਨਿਆਂ ਦਾ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਬਹੁਤ ਹੀ ਪ੍ਰਭਾਵਸ਼ਾਲੀ ਸਿੱਧ ਹੋਵੇਗਾ।

ਇਸ ਪ੍ਰੋਗਰਾਮ ਨੂੰ ਸਕੂਲਾਂ ਵਿਚ ਲਾਗੂ ਕਰਨ ਦੀ ਯੋਜਨਾਬੰਦੀ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਇਟ ਸਤਵਿੰਦਰ ਪਾਲ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 3 ਮਹੀਨਿਆਂ ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਉਹਨਾਂ ਦਾ ਬੌਧਿਕ, ਮਾਨਸਿਕ, ਸਰੀਰਿਕ, ਰਚਨਾਤਮਕ ਅਤੇ ਸਮਾਜਿਕ ਭਾਈਚਾਰਕ ਸਾਂਝ ਦਾ ਵਿਕਾਸ ਕਰਦਿਆਂ ਸਕੂਲ ਸਿੱਖਿਆ ਗ੍ਰਹਿਣ ਕਰਨ ਲਈ ਉਹਨਾਂ ਦਾ ਆਧਾਰ ਮਜ਼ਬੂਤ ਕੀਤਾ ਜਾਣਾ ਹੈ। ਇਸ ਲਈ ਪਹਿਲਾਂ ਰਾਜ ਪੱਧਰ ‘ਤੇ ਸਟੇਟ ਰਿਸੋਰਸ ਪਰਸਨ ਵੱਲੋਂ ਜ਼ਿਲ੍ਹਾ ਅਤੇ ਬਲਾਕ ਰਿਸੋਰਸ ਪਰਸਨ ਨੂੰ ਤਿਆਰ ਕੀਤਾ ਜਾਣਾ ਹੈ ਤਾਂ ਜੋ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਤਹਿਤ ਵਰਤੀਆਂ ਜਾਣ ਵਾਲੀਆਂ ਖੇਡ ਵਿਧੀਆਂ, ਬੱਚਿਆਂ ਦੀਆਂ ਮੋਟਰ ਸਕਿੱਲ ਦੇ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਇਹਨਾਂ ਗਤੀਵਿਧੀਆਂ ਦੇ ਨਾਲ ਸੰਬੰਧਿਤ ਸਿੱਖਣ ਸਹਾਇਕ ਸਮੱਗਰੀ ਦੀ ਜਾਣਕਾਰੀ ਅਧਿਆਪਕਾਂ ਤੱਕ ਪੁੱਜਦੀ ਕੀਤੀ ਜਾ ਸਕੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ ਸਿੱਧੂ, ਉਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦਾ ਉਦੇਸ਼ ਪਹਿਲੀ ਜਮਾਤ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਪ੍ਰਾਪਤ ਕਰਨ ਲਈ ਤਿਆਰ ਕਰਨਾ ਹੈ। ਪਿਛਲੇ 2-3 ਸਾਲਾਂ ਦੌਰਾਨ ਬੱਚਿਆਂ ਨੂੰ ਕੋਵਿਡ -19 ਦੀਆਂ ਹਦਾਇਤਾਂ ਅਨੁਸਾਰ ਜਿਆਦਾਤਰ ਕਲਾਸਰੂਮ ਦਾ ਮਾਹੌਲ ਨਾ ਮਿਲਣ ਕਾਰਨ ਬਹੁਤ ਸਾਰੀਆਂ ਸਿੱਖਣ-ਸਿਖਾਉਣ ਗਤੀਵਿਧੀਆਂ ਤੋਂ ਵਾਂਝਾ ਰਹਿਣਾ ਪਿਆ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ ਇਸ ਸ਼ੈਸ਼ਨ ਦੇ ਸਿੱਖਣ ਪੱਧਰਾਂ ਅਤੇ ਪਰਿਣਾਮਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਵਿਸ਼ੇਸ਼ ਤਕਨੀਕ ਦੀ ਵਰਤੋਂ ਕਰਦਿਆਂ ਇਹਨਾਂ ਬੱਚਿਆਂ ਦਾ ਬੇਸ ਲਾਇਨ, ਮਿਡ ਟੈਸਟ ਅਤੇ ਅੰਤਿਮ ਜਾਂਚ ਕੀਤੀ ਜਾਵੇਗੀ ਜਿਸ ਨਾਲ ਪਤਾ ਲਗਾਇਆ ਜਾ ਸਕੇਗਾ ਕਿ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦਾ ਪਹਿਲੀ ਜਮਾਤ ਦੇ ਬੱਚਿਆਂ ਨੂੰ ਕਿਸ ਪੱਧਰ ਤੱਕ ਫ਼ਾਇਦਾ ਹੋ ਸਕਿਆ ਹੈ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੁਆਰਾ ਇਹਨਾਂ ਬੱਚਿਆਂ ਨੂੰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਚਾਰਟ ਅਤੇ ਗਤੀਵਿਧੀਆਂ ਸੰਬੰਧੀ ਵੀਡੀਓਜ਼ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਅਧਿਆਪਕ ਪ੍ਰੋਗਰਾਮ ਨੂੰ ਸਕੂਲ ਅਤੇ ਕਲਾਸਰੂਮ ਅੰਦਰ ਸੁਚਾਰੂ ਢੰਗ ਨਾਲ ਲਾਗੂ ਕਰ ਸਕਣ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰੀਆਂ ਤੇ ਰਾਜ ਦੁਲਾਰੇ
Next articleਐਸ. ਡੀ. ਕਾਲਜ ਫਾਰ ਵੂਮੈਨ ‘ਚ ਕੁਇਜ਼ ਪ੍ਰਤਿਯੋਗਤਾ