ਸਮਾਜਿਕ ਵਿਗਿਆਨ ਵਿਸ਼ੇ ਨੂੰ ਰੌਚਿਕ ਢੰਗ ਨਾਲ ਪੜ੍ਹਾਉਣ ਲਈ ਸ਼ਨੀਵਾਰ ਨੂੰ ਖ਼ਾਸ ਸ਼ਖ਼ਸੀਅਤਾਂ ਹੋਈਆਂ ਵਿਦਿਆਰਥੀਆਂ ਦੇ ਰੂਬਰੂ
ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਅਧੀਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਤੇ ਸ੍ਰੀ ਗੁਰਦੀਪ ਸਿੰਘ ਗਿੱਲ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸ੍ਰੀ ਬਿਕਰਮਜੀਤ ਸਿੰਘ ਥਿੰਦ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਸਮਾਜਿਕ ਵਿਗਿਆਨ ਵਿਸ਼ੇ ਦਾ ਵਿਵਹਾਰਿਕ ਗਿਆਨ ਰੌਚਿਕ ਢੰਗ ਨਾਲ ਪ੍ਰਦਾਨ ਕਰਨ ਲਈ ਸਸਸਸ ਡਡਵਿੰਡੀ ਵਿਖੇ ਸ਼ਨੀਵਾਰ ਨੂੰ ‘ਮਹਿਮਾਨ ਦਿਵਸ’ ਦੇ ਤੌਰ ਤੇ ਮਨਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਆਸ਼ਾ ਰਾਣੀ ਪ੍ਰਿੰਸੀਪਲ ਸਸਸਸ ਡਡਵਿੰਡੀ ਨੇ ਕਿਹਾ ਕਿ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਬਹੁਤ ਸਾਰੇ ਪੱਖ ਜਿਵੇਂ ਇਤਿਹਾਸ, ਸੱਭਿਆਚਾਰ, ਪਿੰਡਾਂ ਦਾ ਰਹਿਣ-ਸਹਿਣ ਅਤੇ ਪਿੰਡ ਦਾ ਅਰਥਚਾਰਾ ਆਦਿ ਜੁੜੇ ਹੁੰਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਕਲਾਸ ਰੂਮਜ਼ ਵਿੱਚ ਖ਼ਾਸ ਸ਼ਖ਼ਸੀਅਤਾਂ ਨਾਲ ਰੂਬਰੂ ਕਰਵਾ ਕੇ ਪਿੰਡਾਂ ਦੇ ਇਤਿਹਾਸ ਬਾਰੇ ਜਾਂ ਗਿਆਨ ਵਿੱਚ ਵਾਧਾ ਕਰਨ ਵਾਲੇ ਹੋਰ ਮਹੱਤਵਪੂਰਨ ਪਹਿਲੂਆਂ ਬਾਰੇ ਉਪਯੋਗੀ ਵਿਵਹਾਰਿਕ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਸਸਸ ਡਡਵਿੰਡੀ ਵਿੱਚ ਪਿੰਡ ਦੀ ਉੱਘੀ ਸ਼ਖ਼ਸੀਅਤ ਸ੍ਰੀ ਰਾਮੇਸ਼ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ।
ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਇਸ ਵਿਸ਼ੇ ਦਾ ਵਿਵਹਾਰਿਕ ਗਿਆਨ ਦੇਣ ਲਈ ਸ਼ਨੀਵਾਰ ਨੂੰ ‘ਮਹਿਮਾਨ ਦਿਵਸ’ ਵਜੋਂ ਮਨਾਉਣ ਲਈ ਸਰਕਾਰੀ ਸਕੂਲਾਂ ਵਿੱਚ ਇਹ ਵਿਸ਼ੇਸ਼ ਗਤੀਵਿਧੀ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਵਿਸ਼ਾ ਅਧਿਆਪਕ ਮੈਡਮ ਰੁਪਿੰਦਰ ਕੌਰ ਨੇ ਕਿਹਾ ਕਿ ਇਸ ਵਾਰ ਸਮਾਜਿਕ ਵਿਗਿਆਨ ਵਿਸ਼ੇ ਵਿੱਚ ਮਹੀਨੇ ਦੌਰਾਨ ਪੜ੍ਹਾਏ ਗਏ ਪਾਠਾਂ ਬਾਰੇ ਵਿਵਹਾਰਿਕ ਜਾਣਕਾਰੀ ਦੇਣ ਲਈ ਇਲਾਕੇ ਦੀ ਉੱਘੀ ਸ਼ਖ਼ਸੀਅਤ ਸ੍ਰੀ ਰਾਮੇਸ਼ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਨੂੰ ਸਕੂਲ ਵਿਜ਼ਿਟ ਕਰਵਾਇਆ ਗਿਆ। ਇਸ ਗਤੀਵਿਧੀ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸ੍ਰੀ ਦਵਿੰਦਰ ਸ਼ਰਮਾਂ ਡੀ.ਐੱਮ ਅਤੇ ਸ੍ਰੀ ਦੀਦਾਰ ਸਿੰਘ ਬੀ.ਐੱਮ ਅੰਗਰੇਜ਼ੀ/ਸਮਾਜਿਕ ਵਿਗਿਆਨ ਵੱਲੋਂ ਆਪਣਾ ਸਰਗਰਮ ਯੋਗਦਾਨ ਪਾਇਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly