ਐਡੀਟਰਜ਼ ਗਿਲਡ ਮੀਡੀਆ ਅਦਾਰਿਆਂ ਉੱਤੇ ਛਾਪਿਆਂ ਤੋਂ ਫ਼ਿਕਰਮੰਦ

ਨਵੀਂ ਦਿੱਲੀ (ਸਮਾਜ ਵੀਕਲੀ): ‘ਦਿ ਐਡੀਟਰਜ਼ ਗਿਲਡ ਆਫ ਇੰਡੀਆ’ ਨੇ ਅੱਜ ਕਿਹਾ ਕਿ ਉਹ ਸਰਕਾਰੀ ਏਜੰਸੀਆਂ ਨੂੰ ਆਜ਼ਾਦ ਤੇ ਖ਼ੁਦਮੁਖਤਿਆਰ ਪੱਤਰਕਾਰੀ ਖ਼ਿਲਾਫ਼ ‘ਸਖ਼ਤੀ ਦੇ ਸੰਦ ਵਜੋਂ ਵਰਤੇ ਜਾਣ’ ਤੋਂ ਫ਼ਿਕਰਮੰਦ ਹਨ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਵੀਰਵਾਰ ਕੁਝ ਵੱਡੇ ਮੀਡੀਆ ਅਦਾਰਿਆਂ ਦੇ ਦਫ਼ਤਰਾਂ ਉਤੇ ਛਾਪੇ ਮਾਰੇ ਸਨ। ਛਾਪੇ ਕਥਿਤ ਤੌਰ ’ਤੇ ਟੈਕਸ ਚੋਰੀ ਦੇ ਦੋਸ਼ਾਂ ਹੇਠ ਮਾਰੇ ਗਏ ਸਨ। ਗਿਲਡ ਨੇ ਕਿਹਾ ਕਿ ਦੇਸ਼ ਦੀ ਮੋਹਰੀ ਅਖ਼ਬਾਰ ‘ਦੈਨਿਕ ਭਾਸਕਰ’ ਤੇ ਲਖ਼ਨਊ ਦੇ ਨਿਊਜ਼ ਚੈਨਲ ‘ਭਾਰਤ ਸਮਾਚਾਰ’ ਦੇ ਦਫ਼ਤਰਾਂ ਉਤੇ ਛਾਪੇ ਫ਼ਿਕਰਮੰਦ ਕਰਨ ਵਾਲੇ ਹਨ।

ਗਿਲਡ ਨੇ ਕਿਹਾ ਕਿ ਇਹ ਛਾਪੇ ‘ਦੈਨਿਕ ਭਾਸਕਰ’ ਵੱਲੋਂ ਕੋਵਿਡ ਮਹਾਮਾਰੀ ਬਾਰੇ ਗਹਿਰਾਈ ਨਾਲ ਕੀਤੀ ਗਈ ਰਿਪੋਰਟਿੰਗ ਤੋਂ ਬਾਅਦ ਮਾਰੇ ਗਏ ਹਨ ਤੇ ਇਨ੍ਹਾਂ ਰਿਪੋਰਟਾਂ ਨੇ ਸਰਕਾਰੀ ਤੇ ਪ੍ਰਸ਼ਾਸਕੀ ਪੱਧਰ ਉਤੇ ਵੱਡੀਆਂ ਖਾਮੀਆਂ ਨੂੰ ਸਾਹਮਣੇ ਲਿਆਂਦਾ ਸੀ, ਵੱਡੀ ਗਿਣਤੀ ਵਿਚ ਹੋਈਆਂ ਮੌਤਾਂ ਵੀ ਇਨ੍ਹਾਂ ਅਦਾਰਿਆਂ ਦੀਆਂ ਰਿਪੋਰਟਾਂ ਵਿਚ ਸਾਹਮਣੇ ਆਈਆਂ ਸਨ। ਐਡੀਟਰਜ਼ ਗਿਲਡ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਾਲ ਹੀ ਵਿਚ ਕਰਵਾਏ ਗਏ ਇਕ ਵੈਬੀਨਾਰ ’ਚ ਦੈਨਿਕ ਭਾਸਕਰ ਦੇ ਕੌਮੀ ਐਡੀਟਰ ਓਮ ਗੌੜ ਨੇ ਕਿਹਾ ਸੀ ਕਿ ਅਖ਼ਬਾਰ ਵੱਲੋਂ ਕੀਤੀ ਗਈ ਸਖਤ ਪੱਤਰਕਾਰੀ ਕਾਰਨ ਸਰਕਾਰ ਨੇ ਇਸ਼ਤਿਹਾਰਾਂ ਵਿਚ ਕਟੌਤੀ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਭਾਸਕਰ ਦੇ ਸੰਪਾਦਕ ਨੇ ‘ਨਿਊ ਯਾਰਕ ਟਾਈਮਜ਼’ ਵਿਚ ਇਕ ਲੇਖ ਵੀ ਲਿਖਿਆ ਸੀ ਜਿਸ ਵਿਚ ਗੰਗਾ ’ਚੋਂ ਲਾਸ਼ਾਂ ਮਿਲਣ ਦਾ ਜ਼ਿਕਰ ਸੀ। ਗਿਲਡ ਨੇ ਕਿਹਾ ਕਿ ਇਕ ਹੋਰ ਫ਼ਿਕਰਮੰਦ ਕਰਨ ਵਾਲੀ ਚੀਜ਼ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੀ ਪੈਗਾਸਸ ਸੌਫ਼ਟਵੇਅਰ ਰਾਹੀਂ ਜਾਸੂਸੀ ਹੋਣ ਦੀ ਰਿਪੋਰਟ ਸਾਹਮਣੇ ਆਉਣਾ ਹੈ।

‘ਭਾਰਤ ਸਮਾਚਾਰ’ ਉਤੇ ਵੱਜੇ ਛਾਪਿਆਂ ਦੇ ਸੰਦਰਭ ਵਿਚ ਗਿਲਡ ਨੇ ਕਿਹਾ ਕਿ ਇਹ ਉਨ੍ਹਾਂ ਕੁਝ ਚੈਨਲਾਂ ਵਿਚੋਂ ਇਕ ਹੈ ਜੋ ਸਰਕਾਰ ਨੂੰ ਮਹਾਮਾਰੀ ਦੇ ਪੱਖ ਤੋਂ ਤਿੱਖੇ ਸਵਾਲ ਕਰ ਰਿਹਾ ਹੈ। ਐਡੀਟਰਜ਼ ਗਿਲਡ ਨੇ ਕਿਹਾ ਕਿ ਛਾਪਿਆਂ ਦਾ ਸਮਾਂ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਛਾਪੇ ਈਡੀ ਨੇ ਫਰਵਰੀ ਵਿਚ ‘ਨਿਊਜ਼ਕਲਿਕ.ਇਨ’ ਦੇ ਦਫ਼ਤਰ ਉਤੇ ਵੀ ਮਾਰੇ ਸਨ ਜਿਸ ਨੇ ਕਿਸਾਨ ਸੰਘਰਸ਼ ਤੇ ਸੀਏਏ ਵਿਰੋਧੀ ਮੁਜ਼ਾਹਰਿਆਂ ਦੀ ਤਕੜੀ ਕਵਰੇਜ ਕੀਤੀ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUNGA President-elect Abdulla Shahid meets Modi
Next articleਮੌਨਸੂਨ ਪੱਛੜਨ ਦੇ ਪ੍ਰਭਾਵਾਂ ਦਾ ਅੰਦਾਜ਼ਾ ਲਾਉਣਾ ਅਜੇ ਜਲਦਬਾਜ਼ੀ: ਤੋਮਰ