ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ’ਤੇ ਈਡੀ ਦੇ ਛਾਪਿਆਂ ਨੂੰ ਪੰਜਾਬ ਅਤੇ ਪੰਜਾਬੀਅਤ ਦੀ ਇੱਜ਼ਤ ’ਤੇ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਹਾਈਕਮਾਨ ਈਡੀ ਦੇ ਛਾਪਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਮੁੱਖ ਮੰਤਰੀ ਚੰਨੀ ਦੀ ਪਿੱਠ ’ਤੇ ਖੜ੍ਹ ਗਈ ਹੈ। ਪਾਰਟੀ ਨੇ ਇਨ੍ਹਾਂ ਛਾਪਿਆਂ ਨੂੰ ਦਲਿਤ ਮੁੱਖ ਮੰਤਰੀ ਖ਼ਿਲਾਫ਼ ਸਿਆਸੀ ਬਦਲਾਖੋਰੀ ਦੱਸਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ਚੋਣਾਂ ਵਿਚ ਈਡੀ ਨੂੰ ਆਪਣੇ ‘ਚੋਣ ਵਿੰਗ’ ਵਜੋਂ ਵਰਤਣ ਲੱਗੀ ਹੈ।
ਸੁਰਜੇਵਾਲਾ ਨੇ ਕਿਹਾ ਕਿ ਅਸਲ ਵਿਚ ਉਪ ਚੋਣਾਂ ਵਿਚ ਭਾਜਪਾ ਨੂੰ ਕਿਸਾਨਾਂ, ਦਲਿਤਾਂ ਅਤੇ ਪਛੜੇ ਵਰਗਾਂ ਨੇ ਸਿਆਸੀ ਮਾਤ ਦਿੱਤੀ, ਜਿਸ ਕਰਕੇ ਭਾਜਪਾ ਨੇ ਅਨੁਸੂਚਿਤ ਜਾਤੀਆਂ ਤੋਂ ਬਦਲਾ ਲੈਣ ਲਈ ਇਸ ਭਾਈਚਾਰੇ ਦੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ ਜਦੋਂ ਕਿ ਗ਼ੈਰਕਾਨੂੰਨੀ ਮਾਈਨਿੰਗ ਮਾਮਲੇ ਨਾਲ ਮੁੱਖ ਮੰਤਰੀ ਦੇ ਪਰਿਵਾਰ ਦਾ ਕੋਈ ਲਾਗਾ-ਦੇਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਈਡੀ ਨੂੰ ਮੁੱਖ ਮੰਤਰੀ ਚੰਨੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕੁਝ ਨਹੀਂ ਮਿਲਿਆ ਤਾਂ ਭਾਜਪਾ ਇਸ ਰਾਹ ਪੈ ਗਈ ਹੈ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦੀ ਸੁਰ ਵਿਚ ਕਿਹਾ ਕਿ ਮੁੱਖ ਮੰਤਰੀ ਚੰਨੀ ਕੈਪਟਨ ਅਮਰਿੰਦਰ ਸਿੰਘ ਨਹੀਂ ਹਨ, ਜਿਨ੍ਹਾਂ ਨੂੰ ਦਬਾਇਆ ਜਾ ਸਕਦਾ ਹੈ।
ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਈਡੀ ਦੇ ਜਾਅਲੀ ਛਾਪੇ ਕਾਂਗਰਸੀ ਨੇਤਾਵਾਂ ਦੇ ਰਾਹ ਨਹੀਂ ਰੋਕ ਸਕਣਗੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਪੰਜਾਬੀਆਂ ਨੂੰ ਬਦਨਾਮ ਕੀਤਾ ਅਤੇ ਫਿਰ ਪ੍ਰਧਾਨ ਮੰਤਰੀ ਦੇ ਫ਼ਿਰੋਜ਼ਪੁਰ ਦੌਰੇ ਦੇ ਮਾਮਲੇ ਵਿਚ ਮੁੱਖ ਮੰਤਰੀ ਚੰਨੀ ਪੰਜਾਬੀਆਂ ਨਾਲ ਡਟ ਕੇ ਖੜ੍ਹ ਗਏ ਤਾਂ ਇਸ ਤੋਂ ਭਾਜਪਾ ਨੂੰ ਔਖ ਹੋਈ। ਉਧਰ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ’ਤੇ ਈਡੀ ਦੇ ਛਾਪਿਆਂ ਨਾਲ ਭਾਜਪਾ ਦੇ ਇਰਾਦੇ ਜੱਗ ਜ਼ਾਹਿਰ ਹੋ ਗਏ ਹਨ। ਅਜਿਹਾ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਅਜਿਹਾ ਕੀਤਾ ਗਿਆ ਹੈ, ਜੋ ਗੈਰਜਮਹੂਰੀ ਕਦਮ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly