ਆਮ ਆਦਮੀ ਕਲੀਨਿਕ ਨਹਿਰ ਕਲੋਨੀ ਵਿਖੇ ਟੀਬੀ ਜਾਗਰੂਕਤਾ ਕੈਂਪ ਦਾ ਆਯੋਜਨ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪ੍ਰਧਾਨ ਮੰਤਰੀ टीਬੀ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛਾਤੀ ਅਤੇ ਟੀਬੀ ਰੋਗਾਂ ਦੇ ਮਾਹਰ ਜਿਲਾ ਟੀਬੀ ਕੰਟਰੋਲ ਅਫਸਰ ਡਾ. ਸ਼ਕਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਆਮ ਆਦਮੀ ਕਲੀਨਿਕ ਨਹਿਰ ਕਲੋਨੀ ਹੁਸ਼ਿਆਰਪੁਰ ਵਿਖੇ ਮੈਡੀਕਲ ਅਫਸਰ ਡਾ ਰੋਹਿਤ ਬਰੂਟਾ ਦੇ ਸਹਿਯੋਗ ਨਾਲ ਟੀਬੀ ਦੀ ਬਿਮਾਰੀ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਇਕੱਠੇ ਹੋਏ ਲੋਕਾਂ ਨੂੰ ਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਸ਼ਕਤੀ ਸ਼ਰਮਾ ਨੇ ਦੱਸਿਆ ਕਿ ਜਿਸ ਕਿਸੇ ਨੂੰ ਦੋ ਹਫਤੇ ਤੋਂ ਵੱਧ ਲਗਾਤਾਰ ਖਾਂਸੀ ਆ ਰਹੀ ਹੋਵੇ, ਭੁੱਖ ਘੱਟ ਲੱਗ ਰਹੀ ਹੋਵੇ, ਭਾਰ ਘੱਟ ਰਿਹਾ ਹੋਵੇ, ਬੁਖਾਰ ਆ ਰਿਹਾ ਹੋਵੇ ਤਾਂ ਉਸ ਨੂੰ ਆਪਣੇ ਨਜਦੀਕ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਬਲਗਮ ਟੈਸਟ ਜਾਂ ਹੋਰ ਕੋਈ ਟੈਸਟ ਜੋ ਡਾਕਟਰ ਨੇ ਦੱਸੇ ਹੋਣ ਕਰਵਾਉਣੇ ਚਾਹੀਦੇ ਹਨ। ਇਹ ਟੈਸਟ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਹੁੰਦੇ ਹਨ। ਜੇਕਰ ਕਿਸੇ ਨੂੰ ਟੀਬੀ ਦੀ ਬਿਮਾਰੀ ਨਿਕਲਦੀ ਹੈ ਤਾਂ ਉਸ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਟੀਬੀ ਦੇ ਮਰੀਜ਼ ਨੂੰ ਹਰ ਮਹੀਨੇ ਖੁਰਾਕ ਵੱਜੋਂ ਡੀ.ਬੀ.ਟੀ. ਰਾਹੀਂ 500 ਰੁਪਏ ਉਸਦੇ ਬੈਂਕ ਖਾਤੇ ਵਿੱਚ ਆ ਜਾਂਦੇ ਹਨ। ਸੁਪਰਵਾਈਜ਼ਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਇੱਕ ਤੋਂ ਦੂਜੇ ਨੂੰ ਹੋ ਜਾਂਦੀ ਹੈ ਇਸ ਕਰਕੇ ਇਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ਐਸਟੀਐਸ ਹਰੀਵੰਸ਼ ਮਹਿਤਾ, ਏਐਨਐਮ ਗੁਰਵਿੰਦਰ ਕੌਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly