ਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀ ਨਵੇ ਕਥਾ ਵਿਵੇਕ ਦੀ ਸਿਰਜਣਾ ਕਰਦੀਆ ਕਹਾਣੀਆਂ

    ਹੱਥਾਂ ‘ਚੋਂ ਕਿਰਦੀ ਰੇਤ (ਕਹਾਣੀ ਸੰਗ੍ਰਹਿ) 

ਨਿਰੰਜਣ ਬੋਹਾ 
ਰਵਿੰਦਰ ਸਿੰਘ ਸੋਢੀ

(ਸਮਾਜ ਵੀਕਲੀ) ਰਵਿੰਦਰ ਸਿੰਘ ਸੋਢੀ ਪੰਜਾਬੀ  ਨਾਟਕ, ਆਲੋਚਨਾਂ, ਵਾਰਤਕ, ਕਹਾਣੀ  ਤੇ ਕਵਿਤਾ ਦੇ ਖੇਤਰ ਵਿਚ 15 ਪੁਸਤਕਾਂ ਦਾ ਮੁੱਲਵਾਨ ਯੋਗਦਾਨ ਪਾ ਕੇ ਸਾਹਿਤਕ ਖੇਤਰ  ਵਿੱਚ ਹੰਢੇ ਵਰਤੇ ਤੇ ਪਾਠਕਾਂ ਵੱਲੋਂ  ਸਵੀਕਾਰੇ ਸਰਬਾਂਗੀ ਲੇਖਕ ਵਜੋਂ ਆਪਣੀ ਉਘੜਵੀਂ ਪਛਾਣ ਬਣਾ ਚੁੱਕਾ ਹੈ। ਉਸ ਨੇ ਆਪਣੀ ਯਥਾ ਸ਼ਕਤੀ ਅਨੁਸਾਰ ਸਾਹਿਤ ਦੇ  ਅਨੁਵਾਦ ਤੇ ਸੰਪਾਦਨ ਦੇ ਖੇਤਰ ਵਿਚ ਵੀ ਆਪਣਾ ਯੋਗਦਾਨ ਪਾਇਆ ਹੈ । ਉਸਦੀ 15ਵੀਂ ਪੁਸਤਕ ਦੇ ਰੂਪ ਵਿਚ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਿਆਂ ਉਸਦਾ ਕਹਾਣੀ ਸੰਗ੍ਰਹਿ ‘ਹੱਥਾਂ ‘ਚੋਂ ਕਰਦੀ ਰੇਤ’ ਵਾਸ-ਪਰਵਾਸ ਨਾਲ ਜੁੜੇ ਮਨੋ -ਸਮਾਜਿਕ ਮਸਲਿਆ ਬਾਰੇ ਬਹੁ-ਮੰਤਵੀ ਸੰਵਾਦ ਵੀ ਸਿਰਜਦਾ ਹੈ ਅਤੇ  ਇਨ੍ਹਾਂ ਨੂੰ ਸੁਲਝਾਉਣ ਦੀਆਂ ਮਨੋਵਿਗਿਆਨਕ ਜੁਗਤਾਂ ਵੱਲ ਵੀ ਇਸ਼ਾਰੇ ਕਰਦਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਆਪਣੇ ਪਾਤਰਾਂ ਅੰਦਰ ਅਜਿਹੀਆਂ ਮਨੋ ਤਰੰਗਾਂ ਪੈਦਾ ਕਰਨ  ਵਿੱਚ ਸਫਲ ਵਿਖਾਈ ਦਿੰਦੀਆਂ ਹਨ, ਜਿਹੜੀਆਂ ਅਜੋਕੇ ਆਪਾ-ਧਾਪੀ ਵਾਲੇ ਮਾਹੌਲ ਵਿੱਚ  ਟੁੱਟਦੇ, ਤਿੜਕਦੇ  ਤੇ ਹੱਥਾਂ ਵਿੱਚੋ ਰੇਤ ਵਾਂਗ ਕਿਰਦੇ ਜਾ ਰਹੇ ਸਮਾਜਿਕ ਰਿਸ਼ਤਿਆਂ ਨੂੰ ਫਿਰ ਤੋਂ ਨਿੱਘੇ ਤੇ  ਹੰਢਣਸਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹਨ। ਇਨ੍ਹਾਂ ਕਹਾਣੀਆਂ ਦਾ ਮੀਰੀ ਗੁਣ ਇਹ ਵੀ ਹੈ ਕਿ ਇਹ ਮਰ ਰਹੇ ਰਿਸ਼ਤਿਆਂ ਨੂੰ ਜਿਉਂਦੇ ਰੱਖਣ ਵਾਲੀ ਸੰਜੀਵਨੀ ਬੂਟੀ ਆਪਣੇ ਪਾਤਰਾਂ ਦੇ ਮਨਾਂ  ਦੇ  ਨਰਮ ਕੋਨਿਆਂ ਵਿਚੋਂ ਹੀ ਤਲਾਸ਼ਦੀਆਂ ਹਨ।

          ਸੰਗ੍ਰਹਿ ਦੀ ਪਹਿਲੀ ਕਹਾਣੀ ‘ਮੈਨੂੰ ਫੋਨ ਕਰ ਲਵੀਂ’ ਇਸ ਸਮਾਜਿਕ ਸੂਝ ਨੂੰ ਪਾਠਕੀ ਮਾਨਸਿਕਤਾ ਦਾ  ਹਿੱਸਾ ਬਣਾਉਣਾ ਚਾਹੁੰਦੀ ਹੈ ਕਿ ਜੇ ਘਰ ਪਰਿਵਾਰ ਦੇ ਮੈਂਬਰਾਂ ਵਿੱਚ ਵਿਚਾਰਾਂ ਦੀ ਪੂਰਨ  ਇਕਸੁਰਤਾ ਨਾ ਹੋਵੇ  ਤਾਂ  ਛੋਟੇ ਛੋਟੇ ਸਮਝੌਤੇ ਕਰਕੇ ਘਰ ਨੂੰ ਟੁੱਟਣ ਤੋਂ ਬਚਾ ਲੈਣਾ ਚਾਹੀਦਾ ਹੈ। ਕਹਾਣੀ ਵਿਚਲੇ ਪੰਜਾਬੀ ਮੂਲ ਦੇ ਪਰਵਾਸੀ ਪਤੀ ਪਤਨੀ ਅਰੁਜਨ ਤੇ ਸ਼ਿਫਾਲੀ ਵਿਚਕਾਰ ਪਈਆਂ ਮਾਨਸਿਕ ਦੂਰੀਆਂ ਭਾਵੇ ਤਲਾਕ ਲੈਣ ਦੀ ਨੌਬਤ  ਤੱਕ ਪਹੁੰਚ ਜਾਂਦੀਆ ਹਨ ਪਰ ਮਨੁੱਖੀ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਦੀ ਮੈਰਿਜ਼ ਕੌਸਲਰ ਸ਼ੈਲੀ ਉਨ੍ਹਾਂ ਦੋਵਾਂ  ਦੇ ਦਿਲਾਂ ਦੇ ਨਰਮ ਕੋਨਿਆਂ ਵਿਚ ਪਏ ਇਕ ਦੂਜੇ ਪ੍ਰਤੀ ਪਿਆਰ ਨੂੰ  ਜਾਗ ਲਾ ਕੇ ਉਨ੍ਹਾਂ ਦੇ ਮੁੱੜ ਇੱਕਠੇ ਹੋਣ ਦੀਆਂ ਸੰਭਾਵਨਾਵਾਂ ਤਲਾਸ਼ ਲੈਂਦੀ ਹੈ ।
           ਕਹਾਣੀ ‘ਤੂੰ ਆਪਣੇ ਵੱਲ ਵੇਖ’ ਗ੍ਰਹਿਸਥੀ ਜੀਵਨ ਦੀ ਹੰਡਣਸਾਰਤਾ ਵਧਾਉਣ ਲਈ ਇਹ ਪਾਠ ਪੜ੍ਹਾਉਂਦੀ ਹੈ ਕਿ ਘਰ ਪਰਿਵਾਰ ਵਿਚ ਹੁੰਦੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ। ਕਹਾਣੀ ਦੀ ਵਿਸਲੇਸ਼ਣੀ ਪਹੁੰਚ ਅਨੁਸਾਰ ਭਾਵੇਂ ਪਰ ਪੁਰਸ਼ ਜਾਂ ਪਰ ਨਾਰੀ ਨਾਲ ਸਬੰਧ ਪਰਿਵਾਰਕ ਮਰਿਆਦਾ ਦਾ ਉਲੰਘਣ ਸਮਝੇ ਜਾਂਦੇ ਹਨ ਪਰ ਵਰਜਿਤ ਫ਼ਲ ਖਾਣ ਦੀ ਲਾਲਸਾ ਅਧੀਨ ਜੇ ਪਤੀ ਜਾਂ ਪਤਨੀ ਵਿੱਚੋ ਕੋਈ ਵਕਤੀ ਤੌਰ ‘ਤੇ ਗਲਤੀ ਕਰ ਬੈਠੈ ਤਾਂ ਉਸਨੂੰ ਆਪਣੀ ਗਲਤੀ ਸੁਧਾਰਣ ਦਾ ਮੌਕਾ ਜ਼ਾਰੂਰ ਮਿਲਣਾ ਚਾਹੀਦਾ ਹੈ ।
      ਕਹਾਣੀ ‘ਉਹ ਖਾਸ ਦਿਨ’ ਵਿਚਲੇ ਬਜ਼ੁਰਗ ਪਤੀ ਪਤਨੀ ਡੇਵਿਡ ਤੇ ਡੋਰਥੀ ਲਈ ਉਹ ਦਿਨ ਉਤਸਵ ਦਾ ਰੂਪ ਧਾਰਨ ਲੈਂਦਾ ਹੈ ਜਿਸ ਦਿਨ ਉਹ ਆਪਣੇ ਟੁੱਟ ਚੁੱਕੇ ਰਿਸ਼ਤੇ ਨੂੰ ਫਿਰ ਤੋਂ ਜੋੜਣ ਵਿਚ ਸਫ਼ਲ ਹੋਏ ਸਨ। ਦੋਵਾਂ ਦੇ ਅਲੱਗ ਅਲੱਗ ਰਹਿਣ ਕਾਰਨ ਉਨ੍ਹਾਂ ਦਾ ਇਕਲੌਤਾ ਪੁੱਤਰ ਫਿਲਿਪਸ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਦੋਵੇਂ ਆਪਣੇ ਅਹੰਮ ਨੂੰ ਤਿਆਗ ਕੇ ਫਿਰ ਤੋਂ ਇੱਕਠੇ ਰਹਿਣ ਦਾ ਫੈਸਲਾ ਕਰ ਲੈਂਦੇ ਹਨ। ਇਹ ਅਹੰਮ ਰਹਿਤ ਸਾਥ ਉਨ੍ਹਾਂ ਦੇ ਆਪਸੀ ਪਿਆਰ ਨੂੰ ਪਹਿਲਾਂ ਤੋਂ ਵੀ  ਵਧਾ ਦਿੰਦਾ ਹੈ ਤਾਂ ਉਹ ਆਪਣੇ ਪੁਨਰ ਮਿਲਾਪ ਵਾਲੇ ਦਿਨ ਨੂੰ ਯਾਦਗਾਰੀ ਬਣਾਉਣ ਲਈ ਹਰ ਸਾਲ ਆਪਣੇ ਨਜਦੀਕੀਆਂ ਨੂੰ ਪਾਰਟੀ ਦੇਣ ਦੀ ਰਿਵਾਇਤ ਸ਼ੁਰੂ ਕਰਦੇ ਹਨ।   ਜਿਹੜੇ ਪੁੱਤਰ ਨੇ  ਉਨ੍ਹਾ ਨੂੰ ਇੱਕਠਿਆਂ ਕੀਤਾ ਸੀ ਉਹ ਵੱਡਾ ਹੋ ਕੇ ਵਿਅਕਤੀਗਤ ਤਰਜ਼ੀਹਾਂ ਵਾਲੀ ਆਬੋ ਹਵਾ ਕਾਰਨ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲੱਗਦਾ ਹੈ ਤਾਂ ਉਹ ਔਲਾਦ ਦੇ ਪਿਆਰ ਦੀ ਭੁੱਖ ਦੀ ਪੂਰਤੀ ਆਪਣੇ ਘਰ ਕਿਰਾਏ ਤੇ ਰਹਿਣ ਵਾਲੇ ਨੌਜਵਾਨ ਭਾਰਤੀ ਜੋੜੇ ਰਾਹੀਂ ਕਰਨ ਦਾ ਰਾਹ ਤਲਾਸ਼ ਲੈਂਦੇ ਹਨ।
                ਕਹਾਣੀ ਆਪਣੇ ‘ਘਰ ਦੀ ਖੁਸ਼ਬੂ’  ਘਰ ਪਰਿਵਾਰ  ਨੂੰ ਪਿਆਰ ਦੀ ਖੁਸਬੂ ਰਾਹੀਂ ਸੁਗੰਧਿਤ ਰੱਖਣ  ਵਾਲੀਆਂ ਮਨੋ ਵਿਗਿਆਨਕ ਜੁਗਤਾਂ ਰਾਹੀ ਮਤਰੇਈ ਮਾਂ ਦੇ ਪ੍ਰਚਲਿਤ ਬਿੰਬ ਨੂੰ  ਤੋੜਦੀ ਹੈ। ਕਹਾਣੀ ਦੀ ਪਾਤਰ ਪ੍ਰੀਤੋ ਦੇ ਮਨ ਵਿਚ ਇਸ ਗੱਲ ਦਾ ਗਿਲਾ ਹੈ ਕਿ ਉਸਦੀ ਭੂਆ ਨੇ ਉਸ ਲਈ ਅਜਿਹੇ ਦੁਹਾਜੂ ਮੁੰਡੇ ਦੀ ਭਾਲ ਕੀਤੀ ਹੈ ਜੋ ਪਹਿਲਾਂ ਹੀ ਇੱਕ ਬੱਚੇ ਦਾ ਬਾਪ ਹੈ। ਸਹੁਰੇ ਘਰ ਵਿੱਚੋਂ  ਮਿਲਿਆ ਪਿਆਰ ਤੇ ਸਤਿਕਾਰ  ਉਸਦਾ ਇਹ ਗਿਲਾ ਦੂਰ ਕਰ ਦਿੰਦਾ ਹੈ ਤਾਂ ਉਹ ਆਪਣੇ ਮਤਰੇਏ ਪੁੱਤਰ ਜਾਪੀ ਨੂੰ ਉਸਦੀ ਸੱਕੀ ਮਾਂ ਜਿਨਾਂ ਹੀ ਪਿਆਰ ਕਰਨ ਲੱਗਦੀ ਹੈ। ਮਾਂ ਪੁੱਤਰ ਦੇ ਸਬੰਧਾਂ ਵਿਚ ਦਰਾਰ ਉਸ ਵੇਲੇ ਪੈਦਾ ਹੁੰਦੀ ਹੈ ਜਦੋ  ਉਸਦੀ ਬੇਧਿਆਨੀ ਕਾਰਨ ਜਾਪੀ ਦੀ ਸਕੀ   ਮਾਂ ਦੀ ਫੋਟੋ ਦਾ ਫਰੇਮ ਟੁੱਟ ਜਾਂਦਾ ਹੈ ਤੇ ਜਾਪੀ ਨੂੰ  ਲੱਗਦਾ ਹੈ ਕਿ ਉਸਦੀ ਨਵੀ ਮਾਂ ਨੇ ਈਰਖਾ ਵੱਸ ਜਾਣ ਬੁਝ ਕੇ ਅਜਿਹਾ ਕੀਤਾ ਹੈ। ਰੁੱਸੇ ਪੁੱਤਰ  ਨੂੰ ਮਣਾ ਕੇ ਉਹ  ਨਾਂ ਕੇਵਲ ਮਾਂ-ਪੁੱਤ ਦੇ ਟੁੱਟਦੇ ਜਾ ਰਹੇ  ਰਿਸ਼ਤੇ ਨੂੰ ਬਚਾ ਲੈਂਦੀ ਹੈ ਸਗੋਂ ਉਸਦੇ  ਦਿਲ ਵਿਚ ਆਪਣੇ ਲਈ  ਨਰਮ ਥਾਂ ਬਣਾਉਣ ਵਿੱਚ ਵੀ ਸਫਲ ਹੋ ਜਾਂਦੀ ਹੈ।
      ਕਹਾਣੀ ‘ਮੁਸ਼ਤਾਕ ਅੰਕਲ ਦਾ ਦਰਦ’  ਵਿਚਲਾ ਮਾਨਵੀ ਨਜ਼ਰੀਆ ਘਰ ਪਰਿਵਾਰ ਵਾਂਗ ਸਮੁੱਚੀ ਸਮੁੱਚੀ ਮਨੁੱਖ ਜਾਤੀ ਨੂੰ ਆਪਸ ਵਿਚ ਜੋੜਣ ਦੀ ਸਹਿਰਦ ਇੱਛਾ  ਰੱਖਦਾ ਹੈ। ਹਮਸਾਏ ਮੁਲਕ ਭਾਰਤ ਤੇ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨ ਵਾਲੇ ਅਵਨੀਤ ਤੇ ਮੁਸ਼ਤਾਕ ਅੰਕਲ  ਕੈਨੇਡਾ ਦੇ ਇੱਕ ਹੋਟਲ ਵਿਚ ਕੰਮ ਕਰਦੇ ਹਨ। ਕਹਾਣੀ ਦੇ ਪਹਿਲੇ ਪੜਾਅ ‘ਤੇ ਆਪਣੇ ਮੁਲਕ ਦੇ ਹਾਕਮਾਂ ਵੱਲੋਂ ਆਪਣੇ ਰਾਜਸੀ ਹਿਤਾਂ ਲਈ ਗੁਆਂਢੀ ਮੁਲਕ ਪ੍ਰਤੀ ਪੈਦਾ ਕੀਤੀ ਨਫਰਤ ਦੇ ਪ੍ਰਭਾਵ ਅਧੀਨ ਅੰਕਲ ਮੁਸ਼ਤਾਕ ਅਵਨੀਤ ਨੂੰ  ਇਸ ਕਦਰ ਤੰਗ ਪ੍ਰੇਸ਼ਾਨ  ਕਰਦਾ ਹੈ ਕਿ ਉਹ  ਹੋਟਲ ਦੀ ਨੌਕਰੀ ਛੱਡਣ ਲਈ ਹੀ  ਤਿਆਰ ਹੋ ਜਾਂਦੀ ਹੈ। ਕਹਾਣੀ ਦਾ ਅਗਲਾ ਪੜਾਅ ਦੋਵਾਂ ਵਿਚਕਾਰ ਦਰਦ ਦੀ ਸਾਂਝ ਪੈਦਾ ਕਰਕੇ ਅੰਦਰਲੀ  ਨਫਰਤ ਨੂੰ ਮੁਹੱਬਤ ਵਿਚ ਬਦਲ ਦਿੰਦਾ ਹੈ। ਆਪਣੀ ਬੇਟੀ ਦੇ ਨਿਕਾਹ ‘ਤੇ ਪਹੁੰਚ ਨਾ ਸਕਣ ਦਾ ਦਰਦ ਜਦੋਂ ਮੁਸ਼ਤਾਕ ਅੰਕਲ ਦੀਆ ਅੱਖਾਂ ਵਿੱਚੋ ਝਲਕਦਾ ਹੈ ਤਾਂ ਅਵਨੀਤ ਨੂੰ ਉਸ ਵਿਚੋਂ ਆਪਣਾ  ਬਾਪੂ ਵਿਖਾਈ ਦੇਣ ਲੱਗਦਾ ਹੈ ਤੇ ਮੁਸ਼ਤਾਕ ਅੰਕਲ ਵੀ ਅਵਨੀਤ ਵਿੱਚੋਂ  ਆਪਣੀ ਬੇਟੀ  ਦੇ ਨਕਸ਼ ਪਛਾਨਣ ਲੱਗ ਪੈਂਦਾ ਹੈ।
                   ਕਹਾਣੀ ‘ਉਫ! ਉਹ ਤੱਕਣੀ’ ਦੂਸਰਿਆਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੀ ਮਾਨਵੀ ਸੰਵੇਦਨਾਂ ਨੂੰ ਉਭਾਰ ਕੇ ਮਨੁੱਖਤਾ ਦੇ ਜਿਉਂਦੇ ਹੋਣ ਦੀ ਗਵਾਹੀ ਭਰਦੀ ਹੈ। ਕਹਾਣੀ ਦਾ  ਬਿਰਤਾਂਤਕਾਰ ਪਾਤਰ ਘੱਟ ਮੁੱਲ ਤੇ ਮਿਲ ਰਹੀ ਕਾਰ ਨੂੰ ਖਰੀਦਣ  ਦਾ ਮਨ ਬਣਾ ਲੈਂਦਾ ਹੈ, ਪਰ ਜਦੋਂ ਉਸਨੂੰ ਪਤਾ ਚਲਦਾ ਹੈ ਕਿ ਦਹੇਜ ਵਿੱਚ ਮਿਲੀ ਇਸ ਕਾਰ ਨਾਲ ਕਿਸੇ ਮੁਟਿਆਰ ਦੇ  ਬਹੁਤ ਸਾਰੇ ਸੁਪਨੇ  ਜੁੜੇ ਹੋਏ  ਹਨ ਤਾਂ ਉਹ ਹੋਣ ਵਾਲੇ ਮੁਨਾਫੇ ਨੂੰ  ਨਜ਼ਰਅੰਦਾਜ਼ ਕਰਕੇ ਇਸਨੂੰ  ਖਰੀਦਣ ਤੋਂ  ਨਾਂਹ ਕਰ ਦਿੰਦਾ ਹੈ। ਭਾਵੇਂ ਉਸ ਨੂੰ ਪਤਾ ਹੈ ਕਿ ਕਿ ਕੋਈ ਹੋਰ  ਵਿਅਕਤੀ ਇਸਨੂੰ  ਖਰੀਦ ਲਵੇਗਾ ਪਰ ਮੁਟਿਆਰ ਦੀ  ਤੱਕਣੀ ਵਿਚਲਾ ਦਰਦ ਉਸਨੂੰ ਪ੍ਰੇਰਿਤ ਕਰਦਾ ਹੈ ਕਿ  ਉਹ ਆਪ ਕਿਸੇ ਦੇ  ਸੁਪਨਿਆਂ ਦਾ ਕਾਤਲ ਨਾ ਬਣੇ। ਕਹਾਣੀ ਇਕਹਿਰੀ ਪਰਤ ਦੀ ਹੋਣ ਦੇ ਬਾਵਜੂਦ ਪਾਠਕਾਂ ਅੰਦਰਲੀਆਂ ਸੰਵੇਦਨਾਵਾਂ ਨੂੰ ਟੁੰਬਣ ਵਾਲੀ ਹੈ।
              ਕਹਾਣੀ ‘ਹਟਕੋਰੇ ਲੈਂਦੀ ਜ਼ਿੰਦਗੀ’ ਸਮਰਪਿਤ ਭਾਵਨਾ ਵਾਲੇ ਪਿਆਰ ਨੂੰ ਜ਼ਿੰਦਗੀ ਦਾ ਵੱਡਾ ਹਾਸਲ ਮੰਨਦੀ ਹੈ। ਕਹਾਣੀ ਦਾ ਪਾਤਰ ਪ੍ਰਵੀਨ, ਤਮੰਨਾ ਨੂੰ ਦਿਲੋਂ ਪਿਆਰ ਕਰਦਾ ਹੈ ਤੇ ਉਸਨੂੰ ਆਪਣਾ ਜੀਵਨ ਸਾਥੀ  ਵੀ ਬਣਾਉਣਾ ਚਾਹੁੰਦਾ। ਉਹ ਤਮੰਨਾ ਵੱਲੋਂ  ਕਈ ਕਈ ਸ਼ਿਫਟਾਂ ਵਿਚ ਕੰਮ ਕਰਨ ਅਤੇ ਆਪਣੀ ਸਿਹਤ ਦਾ ਖਿਆਲ ਨਾ ਰੱਖਣ ਕਾਰਨ ਬਹੁਤ  ਪ੍ਰੇਸ਼ਾਨ ਹੈ। ਦੂਜੇ ਪਾਸੇ ਤਮੰਨਾ ਆਪਣੇ ਮਾਪਿਆਂ ਵੱਲੋਂ ਉਸ ਨੂੰ ਵਿਦੇਸ਼ ਭੇਜਣ ਲਈ ਚੁੱਕੇ ਕਰਜੇ ਨੂੰ ਉਤਾਰਣ ਲਈ ਅਨੀਂਦਰੇ ਕੱਟ ਕੇ ਕੰਮ ਕਰਨ ਲਈ ਮਜਬੂਰ ਹੈ। ਤਮੰਨਾਂ ਦੀਆਂ ਅੱਖਾਂ ਵਿਚਲੇ  ਦਰਦ ਦੀ ਭਾਸ਼ਾ ਪੜ੍ਹਣ ਤੋਂ ਬਾਅਦ ਜਦੋਂ ਉਹ ਉਸਦੇ ਮਾਪਿਆਂ ਨੂੰ  ਫੋਨ ਕਰਕੇ ਇਹ ਕਰਜ਼ ਮਿਲ ਕੇ ਚੁਕਾਉਣ ਦਾ ਵਾਅਦਾ   ਕਰਦਾ ਹੈ ਤਾਂ ਇਸ ਧਾਰਨਾ ਦੀ ਪੁਸ਼ਟੀ ਹੁੰਦੀ ਹੈ ਕਿ  ਪਿਆਰ ਕਰਨ ਵਾਲੇ ਲੋਕ ਹਰ ਯੁੱਗ ਵਿਚ ਕੁਰਬਾਨੀਆਂ ਕਰਨਾ ਜਾਣਦੇ ਹਨ।
     ਸੰਗ੍ਰਹਿ ਦੀ ਟਾਈਟਲ ਕਹਾਣੀ  ‘ਹੱਥਾ ‘ਚੋਂ ਕਿਰਦੀ ਰੇਤ’ ਨਵੀਂ ਧਰਤੀ ਵਿੱਚ ਸਮਾਜਿਕ ਤੇ ਆਰਥਿਕ ਜੜ੍ਹਾਂ ਲਾਉਣ ਨਾਲ ਸਬੰਧਤ ਮਨੋ -ਸਮਾਜਿਕ ਸਮੱਸਿਆਵਾਂ ਬਾਰੇ  ਸੰਵਾਦਕ ਚਰਚਾ ਛੇੜਦੀ  ਹੈ। ਪਰਵਾਸ ਧਾਰਨ ਕਰਨ ਵਾਲੀ  ਨਵੀਂ ਪੀੜ੍ਹੀ ਆਪਣੇ ਜੀਵਨ ਜਾਚ ਦੀ ਵਿਉਂਤਬੰਦੀ ਇੱਥੋ ਦੇ ਖੁਲ੍ਹ ਦਿਲੇ ਸਮਾਜਿਕ ਸੱਭਿਆਚਾਰ ਅਨੁਸਾਰ  ਕਰਦੀ ਹੈ  ਤਾਂ ਪੁਰਾਣੇ  ਸੰਸਕਾਰਾਂ  ਨਾਲ ਜੁੜੀ ਪੀੜ੍ਹੀ ਨਾਲ ਉਸਦੇ ਸਬੰਧ ਤਣਾਓ ਪੂਰਨ ਬਣ ਜਾਂਦੇ ਹਨ। ਸਮਾਜਿਕ ਵਿੰਡਬਣਾ ਇਹ ਵੀ ਹੈ ਕਿ ਪੁਰਾਣੀ ਪੀੜ੍ਹੀ ਦੇ ਮਾਪੇ ਆਪਣੇ  ਪੁੱਤਰਾਂ ਨੂੰ ਗੋਰੀਆਂ ਕੁੜੀਆਂ ਨਾਲ ਤੁਰਦੇ ਫਿਰਦੇ ਵੇਖ ਕੇ ਮਾਣ ਮਹਿਸੂਸ ਕਰਦੇ ਹਨ, ਪਰ ਧੀਆਂ ਦੇ ਮਾਮਲੇ ਵਿਚ ਉਹ ਆਪਣੀ ਸਾਮੰਤੀ ਦੌਰ ਦੀ ਸੋਚ ‘ਤੇ ਹੀ ਅਟਕੇ ਹੋਏ ਹਨ।
    ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਦੇਸ਼ ਦੀ ਮੌਜੂਦਾ ਸਮਾਜਿਕ ਆਰਥਿਕ, ਸਭਿਆਚਾਰਕ ਤੇ ਰਾਜਨੀਤਕ ਵਿਵਸਥਾ ਨੂੰ ਕਈ ਤਰ੍ਹਾਂ ਦੇ ਸੁਆਲਾਂ ਦੇ ਘੇਰੇ ਵਿਚ ਲਿਆ ਕੇ ਇਨ੍ਹਾਂ ਵਿਰੁੱਧ ਲੋਕ ਰਾਇ ਤਿਆਰ ਕਰਨ ਦਾ ਕਾਰਜ ਵੀ ਕਰਦੀਆਂ ਹਨ । ਕਹਾਣੀ ‘ਹਾਏ ਵਿਚਾਰੇ ਬਾਬਾ ਜੀ’ ਬਾਬਾਗਿਰੀ ਦੇ ਕਿੱਤੇ ‘ਤੇ ਨਿਸ਼ਾਨਾ  ਸਾਧਦਿਆਂ ਇਸਦੀਆਂ ਕਾਰਪੋਰਟ ਜਗਤ ਤੇ ਸੱਤਾ ਪੱਖ  ਨਾਲ ਜੁੜਦੀਆਂ ਤਾਰਾਂ ਨੂੰ ਆਪਣੀ ਕਟਾਖਸ਼ ਦਾ ਨਿਸ਼ਾਨਾ ਬਣਾਉਂਦੀ ਹੈ । ਕਹਾਣੀ ‘ਮੁਰਦਾ ਖਰਾਬ ਨਾ ਕਰੋਂ’  ਪੁਲਿਸ ਮੁਕਾਬਲਿਆਂ ਨੂੰ ਗੈਂਗਸ਼ਟਰਾਂ  ਦੇ ਖਾਤੇ ਵਿਚ ਪਾਉਣ  ਵਾਲੀਆਂ ਪੁਲਸੀਆ ਚੁਸਤ ਚਲਾਕੀਆਂ ਦਾ ਪਰਦਾਫਾਸ ਕਰਦੀ ਹੈ। ਕਹਾਣੀ ‘ਉਹ ਕਿਉ ਆਈ ਸੀ’ ਇਸ ਸਵਾਲ ਦਾ ਜੁਆਬ ਤਲਾਸ਼ਦੀ ਹੈ ਕਿ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਲੋਕ ਇਸ ਬਰਬਾਦੀ ਤੇ ਅਫਸੋਸ ਕਿਹੜੇ ਮੂੰਹ ਨਾਲ ਕਰਦੇ ਹਨ? ਕਹਾਣੀ ‘ਡਾਕਟਰ ਕੋਲ ਨਹੀਂ ਜਾਣਾ’ ਭਰੂਣ ਹੱਤਿਆ ਲਈ ਜਿੰਮੇਵਾਰ ਸਾਰੀਆਂ ਧਿਰਾ ਦੀ ਸ਼ਨਾਖਤ ਕਰਕੇ ਇਸ ਅਮਾਨਵੀ ਕਾਰਜ਼ ਵਿਚ ਉਨ੍ਹਾਂ ਵੱਲੋਂ ਨਿਭਾਈ ਅਮਾਨਵੀ ਭੂਮਿਕਾ ਦਾ ਅਹਿਸਾਸ ਕਰਾਉਂਦੀ ਹੈ।
     ਇਸ ਤਰ੍ਹਾਂ ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀ ਇਕ ਨਵੇਂ ਕਥਾ  ਵਿਵੇਕ  ਦੀ ਸਿਰਜਣਾ ਵੀ  ਕਰਦੀਆਂ ਹਨ ਤੇ  ਮਨੁੱਖੀ ਸੋਚ ਵਿਚ ਹੋਰ ਵਿਸ਼ਾਲਤਾ ਲਿਆਉਣ ਦਾ ਦਮ ਵੀ ਭਰਦੀਆਂ ਹਨ। ਉਸਦੀਆਂ ਕਹਾਣੀਆਂ ਵਿਚਲਾ ਕਥਾ ਰਸ ਪਾਠਕ ਦਾ ਧਿਆਨ ਕਹਾਣੀ ਤੋਂ ਬਾਹਰ ਨਹੀਂ ਜਾਣ ਦੇਂਦਾ। ਉਸਦੀਆਂ ਕਹਾਣੀਆਂ ਵੱਲੋਂ ਸਿਰਜਿਆ ਗਿਆ ਪ੍ਰਵਚਨ ਮਾਨਵੀ ਰਿਸ਼ਤਿਆਂ ਨੂੰ ਨਿੱਘ ਪ੍ਰਦਾਨ ਕਰਨ ਵਾਲਾ ਸਾਬਤ ਹੁੰਦਾ ਹੈ। ‘ਹਾਏ ਵਿਚਾਰੇ’ ਬਾਬਾ ਜੀ ਤੇ ‘ਮੁਰਦਾ ਖਰਾਬ ਨਾ ਕਰੋਂ ਵਿਚਲੀ ਕਟਾਖਸ਼ੀ ਸੁਰ ਭਾਵੇ ਇਨ੍ਹਾਂ ਦੀ ਪੜ੍ਹਣ ਯੋਗਤਾ ਨੂੰ ਵਧਾਉਂਦੀ ਹੈ, ਪਰ ਇਨ੍ਹਾਂ ਵਿਚ ਭਾਰੂ ਰਹੇ ਲੇਖਕੀ ਬਿਰਤਾਂਤ ਨੇ ਉਸਦੀਆਂ ਹੋਰ ਕਹਾਣੀਆਂ ਵਾਂਗ ਇਹਨਾਂ ਵਿਚਲੀ ਆਪਣੀ ਗਲਪੀ ਕਲਾਤਮਿਕਤਾ ਨੂੰ ਪੂਰੀ ਤਰ੍ਹਾਂ ਉਭਰਣ ਨਹੀਂ ਦਿੱਤਾ। ਪਰਵਾਸੀ ਕਹਾਣੀ ਵਿਚ ਹੋਏ ਇਸ ਨਿੱਗਰ ਵਾਧੇ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ। 172 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 230 ਰੁਪਏ ਹੈ ਜੋ ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਨਿਰੰਜਣ ਬੋਹਾ 
ਮੋਬਾਇਲ- 89682-82700
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਘੜੀ ਇਸ਼ਕ ਦੀ
Next articleInternational Day of Yoga – Flagship of India’s Soft Diplomacy