” ਧਰਤੀ ਤੋਂ ਚੰਦ ਤੱਕ ਪਹਿਲੀ ਮਨੁੱਖੀ ਪੁਲਾਂਘ “

ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਪੂਰੀ ਦੁਨੀਆ ਵਿੱਚ 20 ਜੁਲਾਈ ਨੂੰ ਚੰਦਰਮਾ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਧਰਤੀ ਦੇ ਪਹਿਲੇ ਮਨੁੱਖ ਆਰਮ ਸਟਰਾਂਗ ਨੇ ਚੰਦ ਤੇ ਕਦਮ ਰੱਖਿਆ ਸੀ। ਮਨੁੱਖ ਨੂੰ ਪੱਥਰ ਯੁੱਗ ਤੋਂ ਡਿਜੀਟਲ ਯੁੱਗ ਅਤੇ ਧਰਤੀ ਤੋਂ ਚੰਦ ਤੱਕ ਪਹੁੰਚਣ ਲਈ ਬਹੁਤ ਸਘੰਰਸ਼ ਕਰਨਾ ਪਿਆ ਇਹ ਵਿਗਿਆਨਕ ਸੋਚ ਦਾ ਨਤੀਜਾ ਹੀ ਸੀ ਕਿ ਮਨੁੱਖ ਨੇ ਰੂੜੀਵਾਦੀ ਸੋਚ ਨੂੰ ਕੁਚਲ ਕੇ ਚੰਦ ਸਮੇਤ ਕਈ ਪੁਲਾੜਾ ਦੀ ਖੋਜ ਕਰ ਲਈ । ਬਹੁਤ ਸਾਰੇ ਧਾਰਮਿਕ ਗ੍ਰੰਥਾ ਵਿਚ ਧਰਤੀ ਤੋਂ ਲੈਕੇ ਸੂਰਜ ਤੱਕ ਨੂੰ ਦੇਵਤੇ ਮੰਨਿਆ ਗਿਆ ਹੈ। ਇਥੋਂ ਤੱਕ ਕਿ ਕਈ ਤਾਂ ਧਰਤੀ ਨੂੰ ਬਲਦ ਦੇ ਸਿੰਗਾਂ ਤੇ ਖੜੀ ਹੋਣ ਦੀ ਵੀ ਗੱਲ ਕਰਦੇ ਸਨ। ਜੇਕਰ ਅਰਸਤੂ, ਗੈਲੀਲਿਓ, ਪਲੈਟੋ, ਨਿਊਟਨ ਵਰਗੇ ਮਹਾਨ ਦਾਰਸ਼ਨਿਕ ਸੱਚ ਕਹਿਣ ਦੀ ਦਲੇਰੀ ਨਾ ਦਿਖਾਉਂਦੇ ਤਾਂ ਸ਼ਾਇਦ ਅੱਜ ਵੀ ਅਸੀਂ ਪੱਥਰ ਯੁੱਗ ਵਿੱਚ ਜੀ ਰਹੇ ਹੁੰਦੇ ਜਿਓਂ ਜਿਓਂ ਮਨੁੱਖੀ ਦਿਮਾਗ ਦਾ ਵਿਕਾਸ ਹੁੰਦਾ ਗਿਆ ਅਤੇ ਉਸ ਨੂੰ ਵਿਗਿਆਨਕ ਸੋਝ ਆਉਂਦੀ ਗਈ ਅਤੇ ਉਸਨੇ ਸੂਈ ਤੋਂ ਲੈਕੇ ਜਹਾਜ਼ ਤੱਕ ਬਣਾ ਦਿਤੇ ਇਥੇ ਹੀ ਬਸ ਨਹੀਂ ਹੋਈ ਮਨੁੱਖ ਹੋਰ ਵੱਡਾ ਕਰਨਾ ਚਾਹੁੰਦਾ ਸੀ ਇਸੇ ਤਰ੍ਹਾਂ ਲੱਖਾਂ ਸਾਲਾਂ ਤੋਂ ਮਨੁੱਖ ਚੰਦ ਨੂੰ ਵੇਖ ਕੇ ਉਸ ਬਾਰੇ ਅਨੇਕਾਂ ਤਰ੍ਹਾਂ ਦੀਆਂ ਕਲਪਨਾਵਾਂ ਕਰਦਾ ਰਿਹਾ ਸੀ। ਅਨੇਕਾਂ ਕਹਾਣੀਆਂ ਚੰਦ ਬਾਰੇ ਬਣੀਆਂ ਹੋਈਆਂ ਸਨ। ਅਨੇਕਾਂ ਕਿੱਸੇ ਚੰਦ ਸਬੰਧੀ ਘੜੇ ਗਏ ਸਨ। ਚੰਨ ਨੂੰ ਲੈ ਕੇ ਕਵੀ ਵੀ ਆਪਣੀ ਕਲਪਨਾ ਦੀ ਉਡਾਰੀ ਲਾਉਂਦੇ ਰਹੇ ਸਨ ਪਰ ਅਖੀਰ ਵਿਗਿਆਨ ਨੇ ਚੰਦ ਦੀ ਥਾਹ ਪਾ ਹੀ ਲਈ ਅਜਿਹਾ ਹੀ ਇਤਿਹਾਸਕ ਸਮਾਂ ਆਇਆ 20 ਜੁਲਾਈ 1969 ਨੂੰ ਜਦੋਂ ਪਹਿਲੀ ਵਾਰ ਮਨੁੱਖ ਨੇ ਚੰਦ ‘ਤੇ ਕਦਮ ਰੱਖਿਆ ਸੀ। ਇਹ ਕਦਮ ਰੱਖਣ ਦਾ ਸਿਹਰਾ ਨੀਲ ਆਰਮ ਸਟਰਾਂਗ ਦੇ ਸਿਰ ਬੱਝਾ ਜੋ ਐਡਵਿਨ ਐਲਡਰਿਨ ਅਤੇ ਮਾਈਕਲ ਕਾਲਿਨਜ ਨਾਲ ਬੁੱਧਵਾਰ 16 ਜੁਲਾਈ 1969 ਦੀ ਸ਼ਾਮ ਨੂੰ  ਅਪੋਲੋ-2 ਲੈਕੇ ਚੰਨ ਦੇ ਰਾਹ ਪਿਆ। ਚਾਰ ਦਿਨਾਂ ਵਿਚ ਚਾਰ ਕੁ ਲੱਖ ਕਿਲੋਮੀਟਰ ਦਾ ਪੈਂਡਾ ਮਾਰ ਕੇ ਤਿੰਨੇ ਚੰਨ ਦੇ ਨੇੜੇ ਚੱਕਰ ਕੱਟਣ ਲੱਗੇ। ਰਾਤੀਂ 11 ਵੱਜ ਕੇ 11 ਮਿੰਟ ਉਤੇ ਉਨ੍ਹਾਂ ਦੀ ਚੰਨ ਗੱਡੀ ਈਗਲ ਚੰਨ ਦੁਆਲੇ ਚੱਕਰ ਕੱਟਣ ਵਾਲੀ ਮੁੱਖ ਗੱਡੀ ਵਿਚ ਮਾਈਕਲ ਕਾਲਿਨਜ ਨੂੰ ‘ਕੱਲਾ ਛੱਡ ਕੇ ਵੱਖ ਹੋ ਗਈ। ਦੋ-ਢਾਈ”ਘੰਟੇ ਬਾਅਦ ਉਨ੍ਹਾਂ ਦੀ ਬੱਘੀ ਈਗਲ ਚੰਨ ਉਤੇ ਆ ਉਤਰੀ। ਐਲਡਰਿਨ ਚਾਲਕ ਦੀ ਸੀਟ ਉਤੇ ਸੀ। ਬਾਹਰ ਵੱਲ ਖੁੱਲ੍ਹਦੇ ਬੂਹੇ ਕੋਲ ਨੀਲ ਦੀ ਸੀਟ ਸੀ। ਉਸ ਦੇ ਚੰਨ ਉਤੇ ਪਹਿਲਾਂ ਉਤਰਨ ਦਾ ਫੈਸਲਾ ਮਾਰਚ 1969 ਵਿਚ ਹੀ ਹੋ ਚੁੱਕਾ ਸੀ। ਇਸ ਲਈ ਉਸ ਨੇ ਹੀ ਪੌੜੀ ਖੋਲ੍ਹ ਕੇ ਧੜਕਦੇ ਦਿਲ ਨਾਲ ਚੰਨ ਉਤੇ ਉਤਰਨਾ ਸ਼ੁਰੂ ਕੀਤਾ। 20 ਜੁਲਾਈ 1969 ਦੀ ਰਾਤ ਇਕ ਵੱਜ ਕੇ 48 ਮਿੰਟ (1.48) ਉਤੇ ਉਨ੍ਹਾਂ ਦੀ ਬੱਘੀ ਚੰਦ ਉਤੇ ਉਤਰੀ ਸੀ। ਉਨ੍ਹਾਂ ਨੂੰ ਲਗਭਗ ਦਸ ਘੰਟੇ ਆਰਾਮ ਉਪਰੰਤ ਚੰਦ ਉਤੇ ਉਤਰਨ ਦੇ ਅਦੇਸ਼ ਸਨ। ਪਰ ਨੀਲ ਅਤੇ ਐਲਡਰਿਨ ਸੁਪਨਿਆਂ ਦੀ ਇਸ ਨਵੀਂ ਧਰਤੀ ਉਤੇ ਛੇਤੀ ਉਤਰਨ ਲਈ ਕਾਹਲੇ ਸਨ।
ਇਸ ਲਈ ਉਨ੍ਹਾਂ ਨੂੰ ਸਵੇਰੇ ਛੇ ਵਜੇ ਪਿਛੋਂ ਆਪਣੀ ਮਰਜ਼ੀ ਨਾਲ ਕਿਸੇ ਵੇਲੇ ਚੰਨ ਉਤੇ ਉਤਰਨ ਦੀ ਆਗਿਆ ਦੇ ਦਿੱਤੀ ਗਈ। ਸਿੱਟੇ ਵਜੋਂ ਨੀਲ ਆਰਮ ਸਟਰਾਂਗ ਨੇ ਸਵੇਰੇ 8 ਵੱਜ ਕੇ ਛੱਬੀ (8.26) ਮਿੰਟ ‘ਤੇ ਚੰਨ ਦੀ ਜ਼ਮੀਨ ਉਤੇ ਪਹਿਲਾਂ ਖੱਬਾ ਪੈਰ ਧਰਿਆ ਅਤੇ ਇਹ ਇਤਿਹਾਸਕ ਸ਼ਬਦ ਕਹੇ ‘ਚੰਨ ਉਤੇ (ਇਕ) ਮਨੁੱਖ ਦਾ ਪਹਿਲਾ ਕਦਮ। “ਮਨੁੱਖਤਾ ਲਈ ਵੱਡੀ ਪੁਲਾਂਘ ” ਉਸ ਤੋਂ ਵੀਹ ਮਿੰਟ ਪਿਛੋਂ ਐਲਡਰਿਨ ਉਸ ਨਾਲ ਆ ਰਲਿਆ। ਇਸ ਜੋੜੀ ਨੇ ਤਕਰੀਬਨ  ਤਿੰਨ ਘੰਟੇ ਵੀਹ ਮਿੰਟ (3 ਘੰਟੇ, 20 ਮਿੰਟ) ਚੰਦ ਉਤੇ ਗੁਜ਼ਾਰੇ ਕਦੇ ਚਹਿਲ ਕਦੀ ਅਤੇ ਕਦੇ ਵਾਪਸ ਆਪਣੀ ਬੱਘੀ ਵਿਚ। ਚੰਨ ਉਤੇ ਯਾਦਗਾਰੀ ਪਲੇਟ ਛੱਡ ਉਥੇ ਅਮਰੀਕਾ ਦਾ ਝੰਡਾ ਗੱਡ, ਚੰਨ ਉਤੇ ਕਈ ਪ੍ਰਯੋਗ ਕਰਕੇ ਚੰਨ ਦੀਆਂ 27 ਕਿਲੋ ਚੱਟਾਨਾਂ ਅਤੇ ਮਿੱਟੀ ਲੈ ਕੇ ਉਹ ਬੱਘੀ ਵਿਚ ਵਾਪਸ ਬੈਠੇ ਅਤੇ ਫਿਰ ਈਗਲ ਨੂੰ ਉਡਾ ਕੇ ਉਨ੍ਹਾਂ ਚੰਨ ਦੁਆਲੇ ਚੱਕਰ ਕੱਟ ਰਹੇ ਕੋਲੰਬੀਆ ਮਾਡਿਊਲ ਨਾਲ ਡਾਕਿੰਗ ਕੀਤੀ। ਤਿੰਨੇ ਹੁਣ ਵਾਪਸ ਤੁਰੇ ਅਤੇ 24 ਜੁਲਾਈ ਨੂੰ ਉਹ ਪ੍ਰਸ਼ਾਂਤ ਮਹਾਂਸਾਗਰ ਵਿਚ ਵਾਪਸ ਧਰਤੀ ਉਤੇ ਆ ਉਤਰੇ। ਨੀਲ, ਐਲਡਰਿਨ ਅਤੇ  ਮਾਇਕਲ ਕਾਲੀਨਜ ਹੀਰੋ ਬਣ ਚੁੱਕੇ ਸਨ। ਨੀਲ ਸਭ ਤੋਂ ਵੱਡਾ ਹੀਰੋ। ਇਤਿਹਾਸ ਤਾਂ ਤੁਹਾਡੀਆਂ ਪ੍ਰਾਪਤੀਆਂ ਦਾ ਹੁੰਦਾ ਹੈ ਜਿਸ ਨੇ ਚੰਦ ‘ਤੇ ਪੈਰ ਰੱਖਦਿਆਂ ਹੀ ਇਹ ਕਿਹਾ ਸੀ ਕਿ ਇਹ ਛੋਟਾ ਜਿਹਾ ਕਦਮ ਭਵਿੱਖ ਵਿਚ ਪੂਰੀ ਮਾਨਵਤਾ ਲਈ ਇਕ ਵੱਡੀ ਚੁਣੌਤੀ ਸਾਬਤ ਹੋਵੇਗਾ। ਇਸ ਕਦਮ ਨਾਲ ਦੁਨੀਆ ਵਿਚ ਸਦੀਆਂ ਤੋਂ ਚੰਦਾ ਮਾਮਾ ਬਾਰੇ ਲਗਾਈਆਂ ਜਾਂਦੀਆਂ ਰਹੀਆਂ ਕਿਆਸ ਅਰਾਈਆ ਵੀ ਖ਼ਤਮ ਹੋ ਗਈਆਂ ਸਨ। ਹੁਣ ਚੰਦਾ ਮਾਮਾ ਸਾਡੇ ਤੋਂ ਦੂਰ ਨਹੀਂ। ਉਹ ਮਨੁੱਖ ਦੀ ਪਹੁੰਚ ਵਿਚ ਹੈ। ਇਸ ਸਬੰਧੀ ਅਨੇਕਾਂ ਤਜਰਬੇ ਕੀਤੇ ਜਾ ਚੁੱਕੇ ਹਨ ਅਤੇ ਕੀਤੇ ਜਾ ਰਹੇ ਹਨ। ਅਮਰੀਕਨ ਵਿਗਿਆਨੀਆਂ ਵੱਲੋਂ ਚੰਨ ‘ਤੇ ਜਾਣ ਲਈ ਤਿਆਰ ਕੀਤਾ ਗਿਆ ਅਪੋਲੋ ਮਿਸ਼ਨ ਸਫਲ ਰਿਹਾ ਸੀ। ਨੀਲ ਆਰਮਸਟਰਾਂਗ ਅਤੇ ਉਸ ਦੇ ਸਾਥੀਆਂ ਵੱਲੋਂ ਚੰਦ ‘ਤੇ ਬਿਤਾਇਆ ਸਮਾਂ ਇਤਿਹਾਸਕ ਹੋ ਨਿਬੜਿਆ। ਇਸ ਤੋਂ ਬਾਅਦ ਵੀ ਅਪੋਲੋ ਮਿਸ਼ਨ 1972 ਤੱਕ ਜਾਰੀ ਰਿਹਾ, ਜਿਸ ਤਹਿਤ ਕਰੀਬ 9 ਹੋਰ ਪੁਲਾੜ ਯਾਤਰੀਆਂ ਨੇ ਚੰਦ ਦੀ ਯਾਤਰਾ ਕੀਤੀ ਅਤੇ ਇਸ ਦੇ ਭੇਦਾਂ ਦੀ ਥਾਹ ਪਾਉਣ ਦਾ ਯਤਨ ਕੀਤਾ।
ਸਮਾਂ ਠਹਿਰਦਾ ਨਹੀਂ ਹੈ। ਜ਼ਿੰਦਗੀ ਦੀ ਧਾਰਾ ਵਹਿੰਦੀ ਰਹਿੰਦੀ ਹੈ। ਪਾਣੀ ਵਹਿੰਦਾ ਹੀ ਜ਼ਿੰਦਗੀ ਹੈ। ਖੜ੍ਹਾ ਪਾਣੀ ਬਦਬੂ ਮਾਰਦਾ ਹੈ। ਮਨੁੱਖ ਦਾ ਸਫ਼ਰ ਜਾਰੀ ਰਹਿੰਦਾ ਹੈ। ਇਸ ਲਈ ਚੁੱਕੇ ਗਏ ਇਸ ਇਤਿਹਾਸਕ ਕਦਮ ਤੋਂ ਬਾਅਦ ਦੁਨੀਆ ਭਰ ਦੇ ਵਿਗਿਆਨੀਆਂ ਨੇ ਲਗਾਤਾਰ ਪੁਲਾੜ ਦੀ ਖੋਜ ਕੀਤੀ ਹੈ। ਅੱਜ ਵੀ ਇਹ ਖੋਜ ਜਾਰੀ ਹੈ।ਪੁਲਾੜ ਦੀ ਇਸ ਖੋਜ ਵਿਚ ਵਿਗਿਆਨੀਆਂ ਨੇ ਨਾ ਸਿਰਫ ਵੱਡੇ ਮਾਅਰਕੇ ਮਾਰੇ, ਸਗੋਂ ਇਸ ਨਾਲ ਸਾਡੀ ਧਰਤੀ ਅਤੇ ਮਨੁੱਖ ਜਾਤੀ ਨੂੰ ਏਨਾ ਕੁਝ ਪ੍ਰਾਪਤ ਹੋਇਆ ਕਿ ਉਹ ਅੱਖਾਂ ਚੁੰਧਿਆ ਦੇਣ ਵਾਲਾ ਹੈ। ਅੱਜ ਪੁਲਾੜ ਜ਼ਰੀਏ ਹੀ ਧਰਤੀ ਦੇ ਹਰੇਕ ਹਿੱਸੇ ਬਾਰੇ ਪੂਰੀ ਸੂਹ ਲਈ ਜਾ ਰਹੀ ਹੈ। ਪੁਲਾੜ ਜ਼ਰੀਏ ਹੀ ਵੱਖ-ਵੱਖ ਤਰ੍ਹਾਂ ਦੇ ਅਨੇਕਾਂ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ, ਜੋ ਆਮ ਮਨੁੱਖ ਲਈ ਅਦਭੁੱਤ ਤੇ ਕ੍ਰਿਸ਼ਮਈ ਸਾਬਤ ਹੋ ਰਹੇ ਹਨ। ਬਿਨਾਂ ਸ਼ੱਕ ਵਿਗਿਆਨੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੇ ਜਿਥੇ ਧਰਤੀ ਦਾ ਰੂਪ ਬਦਲ ਦਿੱਤਾ ਹੈ, ਉਥੇ ਭਵਿੱਖ ਵਿਚ ਵੀ ਮਨੁੱਖ ਦੇ ਵਿਕਾਸ ਦੀਆਂ ਅਨੇਕਾਂ ਸੰਭਾਵਨਾਵਾਂ ਨੂੰ ਜਗਾ ਦਿੱਤਾ ਹੈ। ਸ਼ਰਮੀਲੇ ਸੁਭਾਅ ਪਰ ਦ੍ਰਿੜ੍ਹ ਇਰਾਦਿਆਂ ਅਤੇ ਵੱਡੇ ਸੁਪਨਿਆਂ ਵਾਲੇ ਨੀਲ ਆਰਮਸਟਰਾਂਗ ਦਾ ਜੀਵਨ ਓਹਾਇਓ ਨਾਲ ਜੁੜਿਆ ਹੋਇਆ ਹੈ। ਇਹ ਇਤਿਫਾਕ ਹੀ ਸੀ ਉਨ੍ਹਾਂ ਦਾ ਜਨਮ ਵੀ ਅਗਸਤ ਵਿਚ ਅਤੇ ਮੌਤ ਵੀ ਅਗਸਤ ਵਿਚ ਹੋਈ। ਜਨਮ 5 ਅਗਸਤ 1930 ਨੂੰ ਵਾਪਾਕੋਨੇਟਾ (ਓਹਾਇਓ) ਵਿਚ ਹੋਇਆ ਅਤੇ ਮੌਤ ਸਿੰਸੀਨੇਟੀ (ਓਹਾਇਓ) ਵਿਚ 26 ਅਗਸਤ 2012 ਨੂੰ। ਨੀਲ ਆਰਮਸਟਰਾਂਗ ਦੇ ਪਰਿਵਾਰ ਨੇ ਉਸ ਦੀ ਮੌਤ ਤੋਂ ਬਾਅਦ ਜੋ ਪ੍ਰਤੀਕਰਮ ਪ੍ਰਗਟ ਕੀਤਾ ਹੈ, ਉਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਸ ਪੁਲਾੜ ਵਿਗਿਆਨੀ ਨੇ ਆਪਣੀ ਜ਼ਿੰਦਗੀ ਨੂੰ ਇਕ ਮਿਸ਼ਨ ਵਜੋਂ ਲਿਆ ਸੀ। ਉਸ ਦੇ ਪਰਿਵਾਰ ਨੇ ਆਪਣੇ ਸੰਦੇਸ਼ ਵਿਚ ਇਹ ਕਿਹਾ ਹੈ ਕਿ, ‘ਚਾਹੇ ਅਸੀਂ ਇਕ ਚੰਗੇ ਬੰਦੇ ਦੇ ਚਲੇ ਜਾਣ ਦਾ ਦੁੱਖ ਮਨਾ ਰਹੇ ਹਾਂ ਪਰ ਅਸੀਂ ਉਸ ਦੀ ਅਦਭੁੱਤ ਜ਼ਿੰਦਗੀ ਦੇ ਘਟਨਾਕ੍ਰਮ ਨੂੰ ਵੀ ਸੰਤੁਸ਼ਟੀ ਨਾਲ ਵੇਖ ਰਹੇ ਹਾਂ।ਅਸੀਂ ਉਮੀਦ ਕਰਦੇ ਹਾਂ ਕਿ ਦੁਨੀਆ ਭਰ ਦੇ ਨੌਜਵਾਨਾਂ ਲਈ ਉਨ੍ਹਾਂ ਦੀ ਜ਼ਿੰਦਗੀ ਇਕ ਉਤਸ਼ਾਹ ਦਾ ਸੋਮਾ ਬਣੀ ਰਹੇਗੀ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਹਾਈ ਹੋਵੇਗੀ। ਉਹ ਸੁਪਨੇ ਜਿਹੜੇ ਸਾਰੀਆਂ ਸਰਹੱਦਾਂ ਨੂੰ ਪਾਰ ਕਰ ਜਾਣ ਵਾਲੇ ਹਨ।’ ਚਾਹੇ ਨੀਲ ਆਰਮਸਟਰਾਂਗ ਇਸ ਮਹਾਨ ਪ੍ਰਾਪਤੀ ਦਾ ਇਕ ਚਿੰਨ੍ਹ ਬਣ ਗਿਆ ਹੈ ਪਰ ਇਸ ਪਿੱਛੇ ਹਜ਼ਾਰਾਂ ਵਿਗਿਆਨੀਆਂ ਦੀ ਲਗਾਤਾਰ ਸਾਧਨਾ ਕੰਮ ਕਰਦੀ ਰਹੀ ਸੀ। ਅੱਜ ਵੀ ਉਹ ਸਾਧਨਾ ਜਾਰੀ ਹੈ।
ਇਥੋਂ ਤੱਕ ਕਿ ਵਿਗਿਆਨੀਆਂ ਨੇ ਇਸ ਧਰਤੀ ਦੀ ਉਤਪਤੀ ਦੇ ਭੇਦ ਪਾਉਣ ਦੀ ਦਿਸ਼ਾ ਵਿਚ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ। ਚੰਦ ਤੋਂ ਪਾਰ ਜਾਣ ਦੇ ਅਤੇ ਸਿਤਾਰਿਆਂ ਦੀ ਦੁਨੀਆ ਦੀ ਟੋਹ ਲਾਉਣ ਦੇ ਯਤਨ ਜਾਰੀ ਹਨ। ਇਨ੍ਹਾਂ ਯਤਨਾਂ ਵਿਚ ਨੀਲ ਆਰਮਸਟਰਾਂਗ ਦੀ ਯਾਦ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੇਗੀ। ਚੰਨ ਉਤੇ ਆਪਣੇ ਬੂਟਾਂ ਦੇ ਨਿਸ਼ਾਨ ਅੰਕਿਤ ਕਰ ਉਹ ਚੰਨ ਨੂੰ ਵੀ ਸਦਾ ਲਈ ਅਲਵਿਦਾ ਕਹਿ ਗਿਐ, ਧਰਤੀ ਨੂੰ ਵੀ ਅਤੇ ਸਾਨੂੰ ਧਰਤ ਵਾਸੀਆਂ ਨੂੰ ਵੀ। ਜਦੋਂ ਵੀ ਕੋਈ ਪੁਰਨਮਾਸੀ ਦੀ ਪੂਰੇ ਚੰਨ ਦੀ ਰਾਤ ਨੂੰ ਚੰਨ ਨੂੰ ਦੇਖਦਾ ਹੈ ਤਾਂ ਉਸ ਨੂੰ ਚੰਨ ਉਤੇ ਪੈਰ ਧਰਨ ਵਾਲੇ ਆਰਮਸਟਰਾਂਗ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਅੱਜ ਇਹੋ ਜਿਹੇ ਮਹਾਨ ਵਿਗਿਆਨੀਆਂ ਨੂੰ ਦਿਲੋਂ ਸਲਾਮ ਕਰਦੇ ਹਾਂ।
ਕੁਲਦੀਪ ਸਿੰਘ ਸਾਹਿਲ 
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleMyth of great Indian Wedding
Next articleਬੇਟੀ ਦੇ ਜਨਮ ਦਿਨ ‘ਤੇ ਆਪਣੇ ਜੱਦੀ ਪਿੰਡ ‘ਚ ਬੂਟੇ ਲਗਾਉਣ ਦਾ ਸਲਾਂਘਾਯੋਗ ਉਪਰਾਲਾ