ਹਜ਼ਾਰੀਬਾਗ— ਝਾਰਖੰਡ ਦੇ ਹਜ਼ਾਰੀਬਾਗ ‘ਚ ਰਾਮ ਨੌਮੀ ਤੋਂ ਪਹਿਲਾਂ 25 ਮਾਰਚ ਨੂੰ ਦੇਰ ਰਾਤ ਕੱਢੇ ਗਏ ‘ਮੰਗਲਾ ਜਲੂਸ’ ਦੌਰਾਨ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਸ਼ਹਿਰ ਦੇ ਝੰਡਾ ਚੌਕ ਅਤੇ ਜਾਮਾ ਮਸਜਿਦ ਰੋਡ ਵਿਚਕਾਰ ਦੋਵਾਂ ਪਾਸਿਆਂ ਤੋਂ ਭਾਰੀ ਪਥਰਾਅ ਹੋਇਆ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ। ਗੁੱਸੇ ਵਿੱਚ ਆਈ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਹਵਾ ਵਿੱਚ ਚਾਰ-ਪੰਜ ਰਾਉਂਡ ਫਾਇਰ ਕਰਨੇ ਪਏ। ਜ਼ਿਲ੍ਹਾ ਪੁਲੀਸ ਮੁਖੀ ਅਰਵਿੰਦ ਕੁਮਾਰ ਸਿੰਘ ਸਮੇਤ ਕਈ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਲੂਸ ਦੌਰਾਨ ਕੋਈ ਗੀਤ ਵਜਾਉਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਕੁਝ ਹੀ ਸਮੇਂ ‘ਚ ਦੋਹਾਂ ਧਿਰਾਂ ਵਿਚਾਲੇ ਪਥਰਾਅ ਸ਼ੁਰੂ ਹੋ ਗਿਆ। ਇਸ ਕਾਰਨ ਜਲੂਸ ਵਿੱਚ ਭਗਦੜ ਮੱਚ ਗਈ। ਲੋਕ ਇਧਰ-ਉਧਰ ਭੱਜਣ ਲੱਗੇ।
ਇਸ ਦੌਰਾਨ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀਬਾਰੀ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਹਜ਼ਾਰੀਬਾਗ ਦੇ ਐੱਸਪੀ ਅਰਵਿੰਦ ਕੁਮਾਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤੀ ਅਤੇ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ। ਅਧਿਕਾਰੀਆਂ, ਰਾਮ ਨੌਮੀ ਮਹਾਂ ਕਮੇਟੀ ਦੇ ਮੈਂਬਰਾਂ ਅਤੇ ਸਮਾਜ ਦੇ ਪ੍ਰਮੁੱਖ ਲੋਕਾਂ ਨੇ ਵੀ ਦੋਵਾਂ ਧਿਰਾਂ ਨੂੰ ਸਮਝਾ ਕੇ ਸਥਿਤੀ ਨੂੰ ਕਾਬੂ ਕੀਤਾ। ਰਾਤ 12 ਵਜੇ ਤੱਕ ਇਸ ਘਟਨਾ ਨੂੰ ਲੈ ਕੇ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਮੇਨ ਰੋਡ ਅਤੇ ਜਾਮਾ ਮਸਜਿਦ ਰੋਡ ਸਮੇਤ ਸੰਵੇਦਨਸ਼ੀਲ ਇਲਾਕਿਆਂ ‘ਚ ਪੁਲਸ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਹਜ਼ਾਰੀਬਾਗ ‘ਚ ਰਾਮ ਨੌਮੀ ਦਾ ਤਿਉਹਾਰ ਵੱਡੇ ਪੱਧਰ ‘ਤੇ ਕਰਵਾਇਆ ਜਾਂਦਾ ਹੈ, ਜਿਸ ‘ਚ ਲੱਖਾਂ ਲੋਕ ਸ਼ਾਮਲ ਹੁੰਦੇ ਹਨ। ਇਸ ਤੋਂ ਪਹਿਲਾਂ ਚੈਤਰ ਮਹੀਨੇ ਦੇ ਹਰ ਮੰਗਲਵਾਰ ਸ਼ਾਮ ਨੂੰ ਵੱਖ-ਵੱਖ ਅਖਾੜਿਆਂ ਤੋਂ ਢੋਲ ਅਤੇ ਮਹਾਂਵੀਰੀ ਝੰਡੇ ਲੈ ਕੇ ਮੰਗਲਾ ਜਲੂਸ ਕੱਢਿਆ ਜਾਂਦਾ ਹੈ। ਹਜ਼ਾਰੀਬਾਗ ਦੇ ਐਸਪੀ ਅਰਵਿੰਦ ਕੁਮਾਰ ਸਿੰਘ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਮੰਗਲਾ ਜਲੂਸ ਦੌਰਾਨ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ। ਪੁਲੀਸ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਤਿਆਰੀ ਵਿੱਚ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly