ਸ਼ੀ ਜ਼ਿਨਪਿੰਗ ਆਪਣੀ ਤਿੱਬਤ ਫੇਰੀ ਦੌਰਾਨ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਸ਼ਹਿਰ ਪਹੁੰਚੇ

ਪੇਈਚਿੰਗ  (ਸਮਾਜ ਵੀਕਲੀ): ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਆਪਣੀ ਤਿੱਬਤ ਦੀ ਪਹਿਲੀ ਫੇਰੀ ਦੌਰਾਨ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਸ਼ਹਿਰ ਨਾਇੰਗਚੀ ਵਿਖੇ ਗਏ। ਖਬਰ ਏਜੰਸੀ ਸਿਨਹੁਆ ਅਨੁਸਾਰ ਸ਼ੀ ਬੁੱਧਵਾਰ ਨੂੰ ਨਾਇੰਗਚੀ ਮੇਨਲਿੰਗ ਹਵਾਈ ਅੱਡੇ ’ਤੇ ਪਹੁੰਚੇ, ਜਿਥੇ ਉਨ੍ਹਾਂ ਦਾ ਸਵਾਗਤ ਸਥਾਨਕ ਲੋਕਾਂ ਅਤੇ ਵੱਖ-ਵੱਖ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਕੀਤਾ। ਜ਼ਿਕਰਯੋਗ ਹੈ ਕਿ ਸ਼ੀ ਚੀਨ ਦੇ ਪਹਿਲੇ ਸਿਆਸੀ ਆਗੂ ਹਨ, ਜਿਨ੍ਹਾਂ ਭਾਰਤ-ਚੀਨ ਦੀ ਸਰਹੱਦ ਨੇੜੇ ਵਸੇ ਇਸ ਪਿੰਡ ਦਾ ਦੌਰਾ ਕੀਤਾ ਹੈ। ਸ਼ੀ ਦੀ ਇਸ ਰਾਜਨੀਤਕ ਫੇਰੀ ਬਾਰੇ ਸ਼ੁੱਕਰਵਾਰ ਤੱਕ ਕਿਸੇ ਵੀ ਚੀਨੀ ਅਧਿਕਾਰੀ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਸੀ। ਨਾਇੰਗਚੀ ਦੀ ਫੇਰੀ ਦੌਰਾਨ ਚੀਨੀ ਰਾਸ਼ਟਰਪਤੀ ਨੇ ਨਯਾਂਗ ਨਦੀ ’ਤੇ ਬਣੇ ਪੁਲ ’ਤੇ ਬ੍ਰਹਮਪੁੱਤਰ ਨਦੀ ਦੁਆਲੇ ਵਾਤਾਵਰਨ ਦੇ ਬਚਾਅ ਸਬੰਧੀ ਕੀਤੇ ਗਏ ਕਾਰਜਾਂ ਦਾ ਵੀ ਜਾਇਜ਼ਾ ਲਿਆ।

ਜ਼ਿਕਰਯੋਗ ਹੈ ਕਿ ਚੀਨ ਨੇ ਆਪਣੀ 14ਵੀਂ ਪੰਜ ਸਾਲਾ ਯੋਜਨਾ ਤਹਿਤ ਬ੍ਰਹਮਪੁੱਤਰ ਨਦੀ ’ਤੇ ਇੱਕ ਵੱਡਾ ਡੈਮ ਬਣਾਉਣ ਦਾ ਮਤਾ ਪਾਸ ਕੀਤਾ ਹੈ। ਜਿਸ ਮਗਰੋਂ ਭਾਰਤ ਅਤੇ ਬੰਗਲਾਦੇਸ਼ ਵਿਚ ਇਸ ਨਦੀ ਕਿਨਾਰੇ ਵਸੇ ਸੂਬਿਆਂ ਵਿੱਚ ਚਿੰਤਾ ਵੱਧ ਗਈ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹੀ ਇੱਕ ਹਿੱਸਾ ਮੰਨਦਾ ਹੈ, ਜਿਸ ’ਤੇ ਭਾਰਤ ਵੱਲੋਂ ਆਪਣੀ ਅਸਹਿਮਤੀ ਜਤਾਈ ਗਈ ਹੈ। ਗੌਰਤਲਬ ਹੈ ਕਿ ਭਾਰਤ ਤੇ ਚੀਨ ਵਿਚਾਲੇ 3,488 ਕਿਲੋਮੀਟਰ ਦਾ ਇਲਾਕਾ ਲਾਈਨ ਆਫ ਐਕਚੁਅਲ ਕੰਟਰੋਲ (ਐੱਲਏਸੀ) ਅਧੀਨ ਆਉਂਦਾ ਹੈ। ਸ਼ੀ ਦੀ ਇਹ ਤਿੱਬਤ ਫੇਰੀ ਪੂਰਬੀ ਲੱਦਾਖ ਵਿੱਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਹੋਈ ਹੈ। ਪਿਛਲੇ ਸਾਲ ਮਈ ਮਹੀਨੇ ਤੋਂ ਬਾਅਦ ਪੂਰਬੀ ਲੱਦਾਖ ਦੇ ਕਈ ਇਲਾਕਿਆਂ ਵਿੱਚ ਚੀਨੀ ਤੇ ਭਾਰਤੀ ਫੌਜ ਵਿਚਾਲੇ ਹੋਏ ਸਮਝੌਤਿਆਂ ਤਹਿਤ ਦੋਵੇਂ ਦੇਸ਼ਾਂ ਨੇ ਆਪਣੀਆਂ ਸੀਮਾਵਾਂ ਨਿਰਧਾਰਤ ਕੀਤੀਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਪੈਦਾ ਹੋਏ ਤਣਾਅ ਨੂੰ ਖਤਮ ਕਰਨ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਮੁਲਾਜ਼ਮ ਖ਼ਿਲਾਫ਼ ਕੇਸ ਚਲਾਉਣ ਤੋਂ ਪਹਿਲਾਂ ਸਮਰੱਥ ਅਥਾਰਟੀ ਤੋਂ ਮਨਜ਼ੂਰੀ ਜ਼ਰੂਰੀ: ਸੁਪਰੀਮ ਕੋਰਟ
Next articleKarnataka logs 1,705 new Covid cases, 30 deaths