ਦੋਗਾਣਾ

(ਸਮਾਜ ਵੀਕਲੀ)

ਵੱਢ ਨੂੰ ਅੱਗ ਲਗਾ ਨਾ ਬੱਲਿਆ,
ਜਿਉਂਦੇ ਜੀਵ ਮੁਕਾਅ ਨਾ ਬੱਲਿਆ,
ਸਰਕਾਰਾਂ ਤੈਨੂੰ ਸੁਨੇਹਾ ਘੱਲ੍ਹਿਆ,
ਤੂੰ ਨਾ ਕਰ ਬੱਲਿਆ ਮਨਮਾਨੀ,
ਤੇਰੇ ਮਿੱਤਰ ਕੀੜੇ ਮਰ ਜਾਣਗੇ,
ਨਾ ਕਰ ਕੁਦਰਤ ਨਾਲ ਸ਼ਤਾਨੀ।

ਕੀ ਨਹਾਵੇ ਕੀ ਨਿਚੋੜੇ ਗੰਜੀ,
ਵਿਆਜ਼ਾਂ ਠੋਕ ਰੱਖੀ ਏ ਮੰਜੀ,
ਹਾੜ ਸੋਣ ਭਾਦਰੋਂ ਬਾਹਰ ਗੁਜ਼ਾਰਾਂ,
ਰਕਮ ਟੁੁੱਟਦੀ ਪੈਂਦੀ ਨਹੀਂ ਪੂਰੀ,
ਕੀ ਕਰਾਂ ਮੈਂ ਹੁਕਮ ਸਰਕਾਰੀ ਦਾ,
ਅੱਗ ਲਾਉਣਾ ਬਣ ਗਈ ਮਜ਼ਬੂਰੀ।

ਡੰਗਰ ਵੱਛਾ ਸੇਕੇ ਨਾਲ ਮਰਦਾ,
ਸੱਪ ਨਿਓਲਾ ਜਾਂਦਾ ਏ ਰੜ੍ਹਦਾ,
ਆਲ੍ਹਣਿਆਂ ਵਿੱਚ ਬੋਟ ਝੁਲ੍ਹਸ ਗਏ,
ਰੁੱਖ ਸੜਦੇ ਧਰਤੀ ਚੋਂ ਸੁੱਕਦਾ ਪਾਣੀ,
ਤੇਰੇ ਮਿੱਤਰ ਕੀੜੇ ਮਰ ਜਾਣਗੇ,
ਨਾ ਕਰ ਕੁਦਰਤ ਨਾਲ ਸ਼ਤਾਨੀ।

ਮਹਿੰਗੇ ਮੁੱਲ ਦੀ ਹੋਈ ਦਵਾਈ,
ਤਿੰਨ ਤਿੰਨ ਬੱਚੇ ਕਰਨ ਪੜਾਈ,
ਮੇਰੀ ਡਿਗਰੀ ਮਿੱਟੀ ਨਾ ਮਿੱਟੀ ਹੋਈ,
ਕਿਸਮਤ ਵੀ ਤੱਕਦੀ ਵੱਟਕੇ ਘੂਰੀ,
ਕੀ ਕਰਾਂ ਮੈਂ ਹੁਕਮ ਸਰਕਾਰੀ ਦਾ,
ਅੱਗ ਲਾਉਣਾ ਬਣ ਗਈ ਮਜ਼ਬੂਰੀ।

ਪਰਾਲੀ ਕੁਤਰਨ ਦੀ ਮੰਨ ਲੈ ਸਲਾਹ,
ਹੈਂਪੀਸੀਡਰ ਨੂੰ ਤੂੰ ਸਪਸਿਡੀ ਤੇ ਲਿਆ,
ਜੋ ਦਿੰਦੀ ਸਰਕਾਰ ਸੁਣ ਸਾਡੀ ਲਲਕਾਰ,
ਮਿੰਟੋ ਮਿੰਟੀ ਨਬੇੜੇ ਕੰਮ ਹੋਏ ਹੈਰਾਨੀ,
ਤੇਰੇ ਮਿੱਤਰ ਕੀੜੇ ਮਰ ਜਾਣਗੇ,
ਨਾ ਕਰ ਕੁਦਰਤ ਨਾਲ ਸ਼ਤਾਨੀ।

ਥੋੜੀ ਏ ਜਮੀਨ ਮਸਾਂ ਪਲ਼ੇ ਪ੍ਰੀਵਾਰ,
ਹੈਗਾ ਨਹੀਂ ਭਰਾਵੋ ਤਕੜਾ ਮੈਂ ਜਿਮੀਂਦਾਰ,
ਧੀਆਂ ਤੇ ਪੁੱਤ ਹੋ ਗਏ ਜਵਾਨ,
ਵਿਆਉਣ ਜੋਗੀ ਸ਼ਰਨ ਹੋ ਗਈ ਨੂਰੀ,
ਕੀ ਕਰਾਂ ਮੈਂ ਹੁਕਮ ਸਰਕਾਰੀ ਦਾ,
ਅੱਗ ਲਾਉਣਾ ਬਣ ਗਈ ਮਜ਼ਬੂਰੀ।

ਸ਼ਰਨਜੀਤ ਕੌਰ ਜੋਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਚਰਿੱਤਰਹੀਣ