ਰਾਤ ਵੇਲ਼ੇ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਗਦਈਪੁਰ ਤੇ ਫੋਕਲ ਪੁਆਇੰਟ ਜਲੰਧਰ ਬਣੇ ਲੁਟੇਰਿਆਂ ਦੇ ਗੜ੍ਹ

* ਨਸ਼ੇੜੀ ਨੇ ਲੁਟੇਰੇ

— ਸਮੈਕ, ਚਰਸ, ਚਿੱਟਾ ਪੀਣ ਵਾਲੇ ਛੋਕਰੇ ਬਣੇ ਲੁਟੇਰੇ, ਇਲਾਕੇ ਵੀ ਵੰਡ ਲਏ

– ਲੁੱਟ ਖੋਹ ਤੇ ਹੋਰ ਵਾਰਦਾਤਾਂ ਪਿੱਛੋਂ ਰੇਲਵੇ ਸਟੇਸ਼ਨ ਜਲੰਧਰ ਲਾਗੇ ਕਰਦੇ ਨੇ ਅਯਾਸ਼ੀ

ਜਲੰਧਰ, ਦੀਦਾਵਰ (ਸਮਾਜ ਵੀਕਲੀ): ਕਾਫ਼ੀ ਅਰਸੇ ਤੋਂ ਜਲੰਧਰ ਬਾਈਪਾਸ ਨਸ਼ੇੜੀ ਕਿਸਮ ਦੇ ਲੁਟੇਰਿਆਂ ਦਾ “ਆਸਾਨ ਨਿਸ਼ਾਨਾ” ਬਣ ਚੁੱਕਿਆ ਹੋਇਆ ਹੈ। ਵਜ੍ਹਾ ਇਹ ਹੈ ਕਿ ਫੋਕਲ ਪੁਆਇੰਟ ਜਲੰਧਰ, ਟ੍ਰਾਂਸਪੋਰਟ ਨਗਰ, ਗਦਈਪੁਰ ਵਿਚ ਵਾਹਵਾ ਕਾਰਖ਼ਾਨੇ ਲੱਗੇ ਹੋਏ ਹਨ।

ਇਹ ਕਾਰਖ਼ਾਨੇ ਵੇਖਣ ਨੂੰ ਕਿਸੇ ਪੁਰਾਤਨ ਕਿਲ੍ਹੇ ਵਰਗੇ ਬਣਾਏ ਗਏ ਹਨ। ਮਾਲਕ ਖ਼ੁਦ 25 ਤੋਂ 35 ਦੀਆਂ ਐੱਸ ਯੂ ਵੀ ਤੇ ਨਿੱਕੇ ਟਰੱਕ ਵਰਗੀਆਂ ਕਾਰਾਂ ਉੱਤੇ ਸਫ਼ਰ ਕਰਦੇ ਹਨ। ਜਦਕਿ ਕਾਰਖਾਨਿਆਂ ਦੇ ਮਜ਼ਦੂਰ, ਸਾਈਕਲ, ਮੋਪਡ, ਘਟੀਆ 4ਸਟ੍ਰੋਕ ਮੋਟਰ ਸਾਈਕਲ ਉੱਤੇ ਕੰਮ ਉੱਤੇ ਆਉਂਦੇ ਜਾਂਦੇ ਹਨ। ਕਈ ਨਵੇਂ ਮਜ਼ਦੂਰ ਅਕਸਰ, ਪੈਦਲ ਰਾਹਗੀਰ ਵਜੋਂ ਆਪਣੇ ਕਾਰਖ਼ਾਨੇ ਤੋਂ ਆਪਣੇ ਕਮਰੇ ਤੀਕ ਆਉਂਦੇ ਜਾਂਦੇ ਹਨ।

ਏਸ ਕਰ ਕੇ, ਮੋਟਰ ਸਾਈਕਲ ਉੱਤੇ ਸਵਾਰ 3-3 ਲੁਟੇਰੇ, ਅਕਸਰ ਰਾਤ 11 ਵਜੇ ਤੋਂ ਬਾਅਦ ਫੋਕਲ ਪੁਆਇੰਟ ਜਲੰਧਰ, ਗਦਈਪੁਰ ਰੋਡ, ਟ੍ਰਾਂਸਪੋਰਟ ਨਗਰ ਤੇ ਫੋਕਲ ਪੁਆਇੰਟ ਐਕਸਟੈਨਸ਼ਨ ਜਲੰਧਰ ਵੱਲ ਪਹੁੰਚ ਜਾਂਦੇ ਹਨ। ਜ਼ਿਆਦਾਤਰ ਸਾਈਕਲ ਸਵਾਰ ਕਾਰਖਾਨਿਆਂ ਦੇ ਮਜ਼ਦੂਰ, ਰਾਤ ਨੂੰ ਟਹਿਲਕਦਮੀ ਕਰਨ ਵਾਲੇ ਮਜ਼ਦੂਰ ਤੇ ਬਾਈਕ ਚਾਲਕ ਰਾਹਗੀਰ ਹੀ ਇਨ੍ਹਾਂ ਨਸ਼ੱਕੜ ਲੁਟੇਰਿਆਂ ਦਾ ਸ਼ਿਕਾਰ ਬਣਦੇ ਹਨ। ਏਥੇ ਵੱਡੀ ਗਿਣਤੀ ਵਿਚ ਦਰਖ਼ਤ ਲੱਗੇ ਹੋਏ ਹੋਣ ਸਦਕਾ, ਲੁਟੇਰੇ ਲੁਕ ਕੇ ਬੈਠ ਜਾਂਦੇ ਹਨ।

ਫੇਰ, ਪੈਦਲ ਤੁਰੇ ਜਾਂਦੇ ਮਜ਼ਦੂਰਾਂ, ਬਾਈਕ ਚਾਲਕ ਮਜ਼ਦੂਰਾਂ ਨੂੰ ਘਾਤ ਲਾ ਕੇ, ਘੇਰ ਲੈਂਦੇ ਹਨ। ਹੈਰਾਨੀ ਹੈ ਕਿ ਫੋਕਲ ਪੁਆਇੰਟ ਜਲੰਧਰ ਦੀ ਅੱਤ ਖਤਰਨਾਕ ਗਦਈਪੁਰ ਰੋਡ ਤੋਂ ਮਸਾਂ 200 ਮੀਟਰ ਦੂਰ ਪੁਲਿਸ ਦਾ ਥਾਣਾ ਹੈ ਪਰ ਓਹ ਮੁਲਾਜ਼ਮ ਵੀ ਰੂਟੀਨ ਨਾਲ ਗਸ਼ਤ ਨਹੀਂ ਕਰਦੇ। ਜਦੋਂ ਮੀਡੀਆ-ਨਗਰੀ ਜਲੰਧਰ ਦੀਆਂ ਤਮਾਮ ਅਖਬਾਰਾਂ ਹਰ ਰੋਜ਼ ਖ਼ਬਰਾਂ/ਰਿਪੋਰਟਾਂ ਛਾਪਦੀਆਂ ਨੇ ਤਾਂ ਕੁਝ ਕੁ ਦਿਨ, ਗਸ਼ਤ ਕਰ ਲੈਂਦੇ ਹਨ। ਫੇਰ, ਗਸ਼ਤ ਵਾਲਾ ਕੰਮ ਈ ਖ਼ਤਮ!

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡਾ ਕਾਲਜ਼
Next articleਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ