ਨਸ਼ਿਆਂ ਦਾ ਮਾਮਲਾ: ਪੰਜਾਬ ਸਰਕਾਰ ਹੋਰ ਮੁਸ਼ਕਲ ’ਚ, ਚੀਮਾ ਵੀ ਪਿੱਛੇ ਹਟੇ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ ’ਤੇ ਵੱਡਾ ਝਟਕਾ ਲੱਗਾ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਗੌਤਮ ਚੀਮਾ ਨੇ ਵੀ ਚਰਚਿਤ ਅਕਾਲੀ ਨੇਤਾ ਖ਼ਿਲਾਫ਼ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਅਧਿਕਾਰੀ ਦੀ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਅਹੁਦੇ ’ਤੇ ਨਿਯੁਕਤੀ ਤੋਂ ਪਹਿਲਾਂ ਹੀ ਖੜ੍ਹੇ ਹੋਏ ਇਸ ਸੰਕਟ ਕਾਰਨ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਇਸ ਦੌਰਾਨ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਵੀ ਰਾਏ ਜਾਣੀ ਗਈ। ਸੂਤਰਾਂ ਨੇ ਕਿਹਾ ਕਿ ਮੀਟਿੰਗਾਂ ਦੌਰਾਨ ਨਸ਼ਿਆਂ ਦੇ ਮਾਮਲੇ ’ਤੇ ਸਰਕਾਰ ਦੀ ਲਗਾਤਾਰ ਹੋ ਰਹੀ ਪਤਲੀ ਹਾਲਤ ਅਤੇ ਪੁਲੀਸ ਅਧਿਕਾਰੀਆਂ ਦੇ ਰਵੱਈਏ ਬਾਰੇ ਵੀ ਚਰਚਾ ਕੀਤੀ ਗਈ।

ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਰਚਿਤ ਅਕਾਲੀ ਨੇਤਾ ਖ਼ਿਲਾਫ਼ ਪੁਲੀਸ ਅਫ਼ਸਰ ਤਾਂ ਪਹਿਲਾਂ ਹੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਸਨ ਪਰ ਹੁਣ ਵਧੀਕ ਡੀਜੀਪੀ ਐੱਸ ਕੇ ਅਸਥਾਨਾ ਵੱਲੋਂ ਲਿਖੀ ਲੰਮੀ ਨੋਟਿੰਗ ਨੇ ਮਾਮਲਾ ਪੇਚੀਦਾ ਬਣਾ ਦਿੱਤਾ ਹੈ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਗੱਦੀ ਤੋਂ ਲੱਥਣ ਉਪਰੰਤ ਬੀਓਆਈ ਦੇ ਡਾਇਰੈਕਟਰ ਵਜੋਂ ਨਿਯੁਕਤੀ ਦੇ ਮਾਮਲੇ ਵਿੱਚ ਪੁਲੀਸ ਵਿਭਾਗ ਅੰਦਰ ਹਲਚਲ ਪਾਈ ਜਾ ਰਹੀ ਹੈ। ਚੰਨੀ ਸਰਕਾਰ ਵੱਲੋਂ ਅਰਪਿਤ ਸ਼ੁਕਲਾ ਦੀ ਥਾਂ ਵਰਿੰਦਰ ਕੁਮਾਰ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਅਤੇ ਵਰਿੰਦਰ ਕੁਮਾਰ ਦੀ ਥਾਂ ਐੱਸ ਕੇ ਅਸਥਾਨਾ ਦੀ ਨਿਯੁਕਤੀ ਹੋਈ ਸੀ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਮੰਗਲਵਾਰ ਨੂੰ ਕੀਤੀਆਂ ਮੀਟਿੰਗਾਂ ਦੌਰਾਨ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਗੌਤਮ ਚੀਮਾ ਦੀ ਨਿਯੁਕਤੀ ਲਈ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਸਨ।

ਨੇ ਕਿਹਾ ਕਿ ਬੀਤੀ ਰਾਤ ਹੀ ਸ੍ਰੀ ਚੀਮਾ ਵੱਲੋਂ ਸਰਕਾਰ ਨੂੰ ਅਕਾਲੀ ਨੇਤਾ ਖ਼ਿਲਾਫ਼ ਕਾਰਵਾਈ ਕਰਨ ਤੋਂ ਅਸਮਰੱਥਾ ਪ੍ਰਗਟਾਏ ਜਾਣ ਤੋਂ ਬਾਅਦ ਉਸ ਦੀ ਨਿਯੁਕਤੀ ਦਾ ਮਾਮਲਾ ਵੀ ਲਟਕ ਗਿਆ। ਸੂਤਰਾਂ ਮੁਤਾਬਕ ਅਕਾਲੀ ਨੇਤਾ ਨੂੰ ਸਰਕਾਰ ਵੱਲੋਂ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਦਰਜ ਚਾਰ ਮਾਮਲਿਆਂ ਜਾਂ ਨਵਾਂ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਬਾਰੇ ਵਿਚਾਰ ਕੀਤਾ ਗਿਆ ਸੀ। ਦੇਖਿਆ ਜਾਵੇ ਤਾਂ ਪੁਰਾਣੇ ਚਾਰਾਂ ਫੌਜਦਾਰੀ ਮਾਮਲਿਆਂ ਸਬੰਧੀ ਤਾਂ ਐੱਸ ਕੇ ਅਸਥਾਨਾ ਦੀ ਨੋਟਿੰਗ ਨੇ ਭੰਬਲਭੂਸਾ ਖੜ੍ਹਾ ਕਰ ਦਿੱਤਾ ਹੈ ਜਦੋਂ ਕਿ ਨਵਾਂ ਮਾਮਲਾ ਦਰਜ ਕਰਨ ਸਬੰਧੀ ਠੋਸ ਆਧਾਰ ਚਾਹੀਦਾ ਹੈ। ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਅਤੇ ਕਾਨੂੰਨੀ ਮਾਹਿਰਾਂ ਤੋਂ ਲਈਆਂ ਜਾਂਦੀਆਂ ਸਲਾਹਾਂ ਦੇ ਚਲਦਿਆਂ ਆਉਂਦੇ ਦਿਨਾਂ ਦੌਰਾਨ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ’ਤੇ ਮਿਸ਼ਰਾ ਦੀ ਬਰਖ਼ਾਸਤਗੀ ਲਈ ਦਬਾਅ ਹੋਰ ਵਧਿਆ
Next articleExtreme weather threat predicted for US following deadly tornadoes