ਕੇਂਦਰ ’ਤੇ ਮਿਸ਼ਰਾ ਦੀ ਬਰਖ਼ਾਸਤਗੀ ਲਈ ਦਬਾਅ ਹੋਰ ਵਧਿਆ

 

  • ਵਿਰੋਧੀ ਧਿਰ ਨੇ ਸਿਟ ਦੀ ਰਿਪੋਰਟ ਬਾਰੇ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਲਹਿਰਾਈਆਂ
  • ਸਪੀਕਰ ਨੇ ਹੰਗਾਮੇ ਦੌਰਾਨ ਹੇਠਲੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਵਤੀ ਕੀਤੀ

ਨਵੀਂ ਦਿੱਲੀ (ਸਮਾਜ ਵੀਕਲੀ): ਸੰਸਦ ਦੇ ਹੇਠਲੇ ਸਦਨ ਲੋਕ ਸਭਾ ’ਚ ਅੱਜ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਕਰ ਕੇ ਤੇ ਬੈਨਰ ਲਹਿਰਾ ਕੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਨਾਲ ਜੁੜੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਲਾਹੁਣ ਦੀ ਮੰਗ ਕੀਤੀ। ਵਿਰੋਧੀ ਧਿਰ ਸਦਨ ਦੇ ਵਿਚਾਲੇ ਆ ਗਈ ਤੇ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਬਾਰੇ ਅਖ਼ਬਾਰਾਂ ਵਿਚ ਛਪੀਆਂ ਰਿਪੋਰਟਾਂ ਲਹਿਰਾਈਆਂ। ਇਸੇ ਦੌਰਾਨ ਪ੍ਰਸ਼ਨ ਕਾਲ ਵਿਚ ਲੋਕ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। ਕਾਂਗਰਸ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਤੋਂ ਮੰਗ ਕੀਤੀ ਕਿ ਲਖੀਮਪੁਰ ਖੀਰੀ ਮਾਮਲੇ ’ਤੇ ਕੰਮ ਰੋਕੂ ਮਤੇ ਨੂੰ ਮਨਜ਼ੂਰ ਕੀਤਾ ਜਾਵੇ ਤੇ ਮੁੱਦੇ ਉਤੇ ਚਰਚਾ ਕਰਵਾਈ ਜਾਵੇ।

ਇਸ ਬਾਰੇ ਨੋਟਿਸ ਪਾਰਟੀ ਆਗੂ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਮੈਂਬਰਾਂ ਨੇ ਦਿੱਤਾ ਸੀ। ਸਪੀਕਰ ਨੇ ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਹੰਗਾਮਾ ਜਾਰੀ ਰਹਿਣ ’ਤੇ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੇ ਦੁਬਾਰਾ ਜੁੜਨ ਉਤੇ ਵੀ ਹੰਗਾਮਾ ਜਾਰੀ ਰਿਹਾ। ਮਗਰੋਂ ਸਪੀਕਰ ਨੇ ਸਦਨ ਨੂੰ ਦਿਨ ਭਰ ਲਈ ਉਠਾ ਦਿੱਤਾ। ਇਸ ਤੋਂ ਪਹਿਲਾਂ ਬਿਰਲਾ ਨੇ ਨਾਅਰੇਬਾਜ਼ੀ ਦੌਰਾਨ ਪ੍ਰਸ਼ਨ ਕਾਲ ਦੀ ਕਾਰਵਾਈ ਜਾਰੀ ਰੱਖੀ ਤੇ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਸ਼ਾਂਤੀ ਨਾਲ ਚੱਲਣ ਦੇਣ ਦੀ ਅਪੀਲ ਵੀ ਕੀਤੀ। ਸਪੀਕਰ ਨੇ ਕਿਹਾ ਕਿ ਉਹ ਮੈਂਬਰਾਂ ਨੂੰ ਮੁੱਦੇ ਚੁੱਕਣ ਲਈ ਢੁੱਕਵਾਂ ਸਮਾਂ ਦਿੰਦੇ ਹਨ।

ਪਰ ਵਿਰੋਧੀ ਧਿਰ ਹੁਣ ਪ੍ਰਸ਼ਨ ਕਾਲ ਵਿਚ ਅੜਿੱਕਾ ਪਾ ਰਹੀ ਹੈ। ਇਹ ਚੰਗੀ ਰਵਾਇਤ ਨਹੀਂ ਹੈ ਤੇ ਸਦਨ ਦੀ ਮਰਿਆਦਾ ਦਾ ਮਾਣ ਨਹੀਂ ਰੱਖਿਆ ਜਾ ਰਿਹਾ ਹੈ। ਬਿਰਲਾ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਉਹ ਵਿਚਾਰ-ਚਰਚਾ ਨਹੀਂ ਚਾਹੁੰਦੇ ਤੇ ਹੰਗਾਮਾ ਕਰ ਰਹੇ ਹਨ। ਇਸੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਕੋਵਿਡ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮਾਸਕ ਪਾਉਣ ਲਈ ਕਿਹਾ ਜਾਵੇ ਕਿਉਂਕਿ ਉਹ ਸਦਨ ਦੇ ਵਿਚਕਾਰ ਨਾਅਰੇਬਾਜ਼ੀ ਕਰ ਰਹੇ ਹਨ। ਹੰਗਾਮੇ ਦੇ ਬਾਵਜੂਦ ਹੇਠਲੇ ਸਦਨ ਵਿਚ ਸਵੇਰੇ 11.30 ਤੱਕ ਚਾਰ ਪ੍ਰਸ਼ਨ ਲਏ ਗਏ। ਪਰ ਮਗਰੋਂ ਕਾਰਵਾਈ ਨੂੰ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਭਾਜਪਾ ਮੈਂਬਰ ਰਾਜੇਂਦਰ ਅਗਰਵਾਲ ਨੇ ਦੱਸਿਆ ਕਿ ਸਪੀਕਰ ਨੇ ਵਿਰੋਧੀ ਧਿਰ ਵੱਲੋਂ ਦਿੱਤੇ ਗਏ ਨੋਟਿਸ ਮਨਜ਼ੂਰ ਨਹੀਂ ਕੀਤੇ।

ਸਪੀਕਰ ਦੀ ਗ਼ੈਰਹਾਜ਼ਰੀ ’ਚ ਸਦਨ ਦੀ ਕਾਰਵਾਈ ਸੰਭਾਲ ਰਹੇ ਅਗਰਵਾਲ ਨੇ ਮੈਂਬਰਾਂ ਨੂੰ ਮਹਿੰਗਾਈ ਦੇ ਮੁੱਦੇ ਉਤੇ ਚਰਚਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂਬਰ ਸੀਟਾਂ ਉਤੇ ਜਾ ਕੇ ਆਪਣੇ ਵਿਚਾਰ ਰੱਖ ਸਕਦੇ ਹਨ। ਇਸ ਦੌਰਾਨ ਹਾਲਾਂਕਿ ਹੰਗਾਮਾ ਜਾਰੀ ਰਿਹਾ ਤੇ ਸਦਨ ਦਿਨ ਭਰ ਲਈ ਮੁਲਵਤੀ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਮੈਂਬਰ ਲਗਾਤਾਰ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਨ ਦੀ ਮੰਗ ਕਰਦੇ ਰਹੇ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਨ੍ਹਾਂ 13 ਮੁਲਜ਼ਮਾਂ ਵਿਚ ਸ਼ਾਮਲ ਹਨ ਜਿਨ੍ਹਾਂ ਅਕਤੂਬਰ ਵਿਚ ਲਖੀਮਪੁਰ ਖੀਰੀ ਵਿਚ ਕਿਸਾਨਾਂ ’ਤੇ ਗੱਡੀਆਂ ਚੜ੍ਹਾਈਆਂ ਸਨ। ਇਸ ਘਟਨਾ ਵਿਚ ਅੱਠ ਜਣਿਆਂ ਦੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ‘ਸਿਟ’ ਨੇ ਮੰਗਲਵਾਰ ਅਦਾਲਤ ਨੂੰ ਦੱਸਿਆ ਸੀ ਕਿ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਹੱਤਿਆ ‘ਗਿਣੀ ਮਿੱਥੀ ਸਾਜ਼ਿਸ਼’ ਤਹਿਤ ਕੀਤੀ ਗਈ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCuba records 4th straight day without Covid-19 deaths
Next articleਨਸ਼ਿਆਂ ਦਾ ਮਾਮਲਾ: ਪੰਜਾਬ ਸਰਕਾਰ ਹੋਰ ਮੁਸ਼ਕਲ ’ਚ, ਚੀਮਾ ਵੀ ਪਿੱਛੇ ਹਟੇ