HOME ਨਸ਼ਿਆਂ ਦੀ ਦਲਦਲ ਵਿੱਚ ਗਰਕਦਾ ਪੰਜਾਬ

ਨਸ਼ਿਆਂ ਦੀ ਦਲਦਲ ਵਿੱਚ ਗਰਕਦਾ ਪੰਜਾਬ

3
ਅਮਰਜੀਤ ਸਿੰਘ ਫ਼ੌਜੀ 
  (ਸਮਾਜ ਵੀਕਲੀ)  ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਦੀ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਖਾਸ ਕਰਕੇ ਚਿੱਟੇ ਦੇ ਨਸ਼ੇ ਨੇ ਪੰਜਾਬ ਦੇ ਹਰ ਸ਼ਹਿਰ, ਪਿੰਡ, ਗਲ਼ੀ ਮਹੁੱਲੇ ਨੂੰ ਅਪਣੀ ਜਕੜ ਵਿੱਚ ਲੈ ਰੱਖਿਆ ਹੈ  ਪੰਜਾਬ ਦੀ ਬਹਤੀ ਨੌਜਵਾਨੀ ਜਿਸ ਵਿੱਚ ਮੁੰਡੇ ਹੀ ਨਹੀਂ ਸਗੋਂ ਬਹੁਤ ਕੁੜੀਆਂ ਵੀ ਇਸ ਦੇ ਜਾਲ਼ ਵਿੱਚ ਫਸ ਚੁੱਕੀਆਂ ਹਨ ਅਤੇ ਆਪਣੀ ਜਵਾਨੀ ਪੈਸਾ ਅਤੇ ਭਵਿੱਖ ਬਰਬਾਦ ਕਰ ਚੁੱਕੇ ਹਨ। ਨਸ਼ੇ ਦੇ ਵਪਾਰੀ ਹਰ ਥਾਂ ਸ਼ਰੇਆਮ ਬੇਝਿੱਜਕ ਹੋ ਕੇ ਨਸ਼ਾ ਵੇਚ ਰਹੇ ਹਨ ਅਤੇ ਹੁਣ ਪੰਜਾਬ ਦੀ ਕੋਈ ਥਾਂ ਨਹੀਂ ਬਚੀ ਜਿਥੇ ਚਿੱਟੇ ਦਾ ਨਸ਼ਾ ਨਾ ਮਿਲਦਾ ਹੋਵੇ ਬਸ ਸਿਰਫ਼ ਪੈਸਾ ਹੋਣਾ ਚਾਹੀਦਾ ਹੈ। ਇਹ ਨਸ਼ੇ ਦਾ ਕਾਰੋਬਾਰ ਪੰਜਾਬ ਪੁਲਿਸ, ਅਫਸਰਸ਼ਾਹੀ ਅਤੇ ਸਰਕਾਰ ਦੇ ਨੱਕ ਹੇਠ ਸ਼ਰੇਆਮ ਚੱਲ ਰਿਹਾ ਹੈ। ਜ਼ੇਬ ਵਿੱਚ ਪੈਸੇ ਹੋਣੇ ਚਾਹੀਦੇ ਹਨ ਨਸ਼ੇ ਦੇ ਵਪਾਰੀ ਜਿੱਥੇ ਚਾਹੋਂ ਉਥੇ ਹੀ ਚਿੱਟਾ ਪਹੁੰਚਾ ਦਿੰਦੇ ਹਨ। ਅਤੇ ਪਹੁੰਚਾਉਣ ਦੇ ਢੰਗ ਵੀ ਐਹੋ ਜਿਹੇ ਵਰਤਦੇ ਹਨ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਅਤੇ ਆਪ ਸੁਰੱਖਿਅਤ ਰਹਿੰਦੇ ਹਨ ਅਤੇ ਜੇਕਰ ਕੋਈ ਫੜਿਆ ਵੀ ਜਾਂਦਾ ਹੈ  ਤਾਂ ਉਹ ਬੇਕਸੂਰ ਹੀ ਫੜਿਆ ਜਾਂਦਾ ਹੈ ਜਿਸ ਵਿੱਚ ਉਸ ਬੇਕਸੂਰ ਦਾ ਕੋਈ ਦੋਸ਼ ਨਹੀਂ ਹੁੰਦਾ ਹੁਣ ਤਾਂ ਚਿੱਟਾ ਪੰਜਾਬ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਤੱਕ ਵੀ ਪਹੁੰਚ ਰਿਹਾ ਹੈ ਜਿਸ ਦਾ ਪਤਾ ਮੈਨੂੰ ਪਿਛਲੇ ਦਿਨੀਂ ਬੀਤੀ ਇੱਕ ਹੈਰਾਨੀਜਨਕ ਘਟਨਾ ਤੋਂ ਲੱਗਿਆ।
ਹੋਇਆ ਇਸ ਤਰ੍ਹਾਂ ਕੇ ਮੇਰਾ ਕੋਈ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਗੰਭੀਰ ਬੀਮਾਰ ਹੋ ਗਿਆ ਜਿਸ ਨੂੰ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਦੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਮਰੀਜ਼ ਇੱਕ ਔਰਤ ਸੀ ਇਸ ਲਈ ਉਸ ਦੀ ਦੇਖਭਾਲ ਕਰਨ ਲਈ ਉਸ ਕੋਲ ਉਨ੍ਹਾਂ ਦੀ ਨੌਜਵਾਨ ਬੇਟੀ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਹੀ ਰਹੀ।ਲੰਮਾ ਸਮਾਂ ਹਸਪਤਾਲ ਵਿੱਚ ਰਹਿਣ ਕਰਕੇ ਨਾਲ਼ ਦੇ ਮਰੀਜ਼ਾਂ ਨਾਲ ਜਾਂ ਉਨ੍ਹਾਂ ਦੇ ਨਾਲ ਆਏ ਦੇਖਭਾਲ ਕਰਨ ਵਾਲਿਆਂ ਨਾਲ ਉਸ ਲੜਕੀ ਦੀ ਜਾਣ ਪਛਾਣ ਅਤੇ ਹਮਦਰਦੀ ਹੋਣੀ ਸੁਭਾਵਿਕ ਹੀ ਸੀ। ਕਦੇ ਕਿਸੇ ਮਰੀਜ਼ ਨੇ ਕਹਿਣਾ ਕਿ ਭੈਣੇ ਮੈਨੂੰ ਕੰਟੀਨ ਤੋਂ ਚਾਹ ਲਿਆਦੇ ਕਿਸੇ ਨੇ ਟੁੱਥਪੇਸਟ ਕਿਸੇ ਨੇ ਕੁਛ ਕਿਸੇ ਨੇ ਕੁਛ ਮੰਗਵਾ ਲੈਣਾ ਤਾਂ ਉਹ ਲਿਆ ਦਿੰਦੀ ਸੀ। ਇੱਕ ਦਿਨ ਕੀ ਹੋਇਆ ਕਿ ਨਾਲ਼ ਦੇ ਬੈਡ ਵਾਲੇ ਮਰੀਜ਼ ਦੀ ਦੇਖ ਭਾਲ ਕਰਨ ਲਈ ਨਾਲ਼ ਆਈ ਉਸ ਦੀ ਪਤਨੀ ਨੇ ਉਸ ਲੜਕੀ ਨੂੰ ਕਿਹਾ ਕਿ ਭੈਣੇ ਮੈਂ ਇੱਕ ਰਾਤ ਲਈ ਪਿੰਡ ਘਰ ਜਾ ਆਵਾਂ ਤੇ ਤੂੰ ਸਾਡੇ ਮਰੀਜ਼ ਦਾ ਧਿਆਨ ਰੱਖੀਂ ਅਤੇ ਜੇਕਰ ਉਹਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬਾਹਰੋਂ ਲਿਆ ਦੇਵੀਂ ਕਿਉਂਕਿ ਦਾਖਲ ਹੋਏ ਮਰੀਜ਼ਾਂ ਨੂੰ ਬਾਹਰ ਜਾਣ ਦੀ ਮਨਾਹੀ ਹੈ। ਉਸ ਲੜਕੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਬੇਫਿਕਰ ਹੋ ਕੇ ਘਰ ਜਾ ਆਓ।ਉਸੇ ਦਿਨ ਸ਼ਾਮ ਨੂੰ ਕੀ ਹੋਇਆ ਕਿ ਉਸੇ ਮਰੀਜ਼ ਨੇ ਲੜਕੀ ਨੂੰ ਕਿਹਾ ਕਿ ਭੈਣੇ ਬਾਹਰ ਗੱਡੀ ਤੇ ਮੇਰਾ ਦੋਸਤ ਆ ਰਿਹਾ ਹੈ ਮੈਂ ਉਸ ਦੇ ਕੁੱਝ ਪੈਸੇ ਦੇਣੇ ਹਨ ਜੋ ਮੈਂ ਉਸ ਤੋਂ ਉਧਾਰ ਲਏ ਸਨ ਮੈਨੂੰ ਤਾਂ ਗੇਟ ਤੋਂ ਬਾਹਰ ਜਾਣ ਨਹੀਂ ਦੇਣਾ ਮਿਹਰਬਾਨੀ ਕਰਕੇ ਤੂੰ ਉਸ ਨੂੰ ਪੈਸੇ ਫੜਾ ਦੇਵੀਂ ਅਤੇ ਉਸ ਨੇ ਕੁੱਝ ਪੈਸੇ ਉਸ ਲੜਕੀ ਨੂੰ ਫ਼ੜਾ ਦਿੱਤੇ। ਪੈਸੇ ਲੈ ਕੇ ਉਹ ਲੜਕੀ ਹਸਪਤਾਲ ਦੇ ਬਾਹਰ ਸੜਕ ਤੇ ਆਈ ਤਾਂ ਉੱਥੇ ਆ ਕੇ ਇੱਕ ਕਾਰ ਰੁਕੀ ਜਿਸ ਵਿੱਚ ਇੱਕ ਆਦਮੀ ਇੱਕ ਔਰਤ ਤੇ ਨਾਲ ਬੱਚਾ ਬੈਠਾ ਸੀ ਤੇ ਲੜਕੀ ਨੇ ਉਸਨੂੰ ਪੈਸੇ ਫੜਾਏ ਅਤੇ ਵਾਪਸ ਮੁੜੀ ਜਿਵੇਂ ਹੀ ਲੜਕੀ ਵਾਪਸ ਮੁੜੀ ਤਾਂ ਕਾਰ ਵਿੱਚ ਬੈਠੀ ਨੌਜਵਾਨ ਔਰਤ ਨੇ ਆਵਾਜ਼ ਦਿੱਤੀ ਕਿ ਭੈਣੇ ਸਾਡੇ ਮਰੀਜ਼ ਲਈ ਆਹ ਕੇਲੇ ਲੈ ਜਾ ਅਤੇ ਕੇਲਿਆਂ ਨਾਲ਼ ਭਰਿਆ ਲਿਫਾਫ ਕੁੜੀ ਨੇ ਫੜਿਆ ਅਤੇ ਵਾਪਸ ਆ ਕੇ ਉਸ ਮਰੀਜ਼ ਬੰਦੇ ਨੂੰ ਫੜਾ ਦਿੱਤਾ ਅਤੇ ਉਹ ਖੁਦ ਅਪਣੇ ਮਰੀਜ਼ ਕੋਲ਼ ਆ ਕੇ ਬੈਠ ਗਈ। ਅਸਲ ਵਿੱਚ ਉਸ ਕੇਲਿਆਂ ਦੇ ਲਿਫਾਫੇ ਵਿੱਚ ਚਿੱਟਾ ਲੁਕੋਇਆ ਹੋਇਆ ਸੀ ਜਿਸ ਤੋਂ ਉਹ ਲੜਕੀ ਬਿਲਕੁਲ ਅਣਜਾਣ ਸੀ।
ਰਾਤ ਨੂੰ ਦਸ ਕੁ ਵਜੇ ਉਹ ਚਿੱਟਾ ਹਸਪਤਾਲ ਵਿੱਚ ਦਾਖ਼ਲ ਦੋ ਬੰਦਿਆਂ ਨੇ ਅੱਧਾ ਅੱਧਾ ਵੰਡ ਲਿਆ। ਇੱਕ ਦੇ ਘਰ ਵਾਲੀ ਤਾਂ ਘਰ ਗਈ ਹੋਈ ਸੀ ਦੂਸਰੇ ਨੂੰ ਚਿੱਟਾ ਪੀਣ ਲੱਗੇ ਨੂੰ ਉਸ ਦੇ ਨਾਲ ਉਸ ਦੀ ਪਤਨੀ ਨੇ ਦੇਖ ਲਿਆ ਅਤੇ ਉਸਨੇ ਰੌਲਾ਼ ਪਾ ਦਿੱਤਾ ਅਤੇ ਕਹਿਣ ਲੱਗੀ ਕਿ ਹਸਪਤਾਲ ਵਿੱਚ ਚਿੱਟਾ ਕਿਵੇਂ ਆਇਆ। ਹੱਲਾ ਗੁੱਲਾ ਹੋਣ ਤੇ ਹਸਪਤਾਲ ਦਾ ਸਾਰਾ ਸਟਾਫ਼ ਅਤੇ ਡਾਕਟਰ ਉਸ ਵਾਰਡ ਵਿੱਚ ਇਕੱਠੇ ਹੋ ਗਏ ਛਾਣ ਬੀਣ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਕੇਲਿਆਂ ਦੇ ਲਿਫਾਫੇ ਵਿੱਚ ਚਿੱਟਾ ਆਇਆ ਹੈ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਹ ਬੇਕਸੂਰ ਲੜਕੀ ਲਿਫਾਫਾ ਫੜਾਉਂਦੀ ਹੋਈ ਨਜ਼ਰ ਆਈ ਤਾਂ ਉਸ ਵਿਚਾਰੀ ਨੇ ਸਾਰੀ ਕਹਾਣੀ ਹਸਪਤਾਲ ਦੇ ਉੱਚ ਅਧਿਕਾਰੀਆਂ ਨੂੰ ਸੱਚੋ ਸੱਚ ਦੱਸੀ ਪਰ ਉਹ ਲੜਕੀ ਨੂੰ ਕਹਿਣ ਕਿ ਤੂੰ ਸਾਨੂੰ ਲਿਖ ਕੇ ਦੇ ਕੇ ਮੇਰੇ ਤੋਂ ਗਲਤੀ ਹੋਈ ਹੈ। ਪਰ ਉਹ ਲੜਕੀ ਕਹਿਣ ਲੱਗੀ ਕਿ ਮੈਂ ਗਲਤੀ ਕੀਤੀ ਹੀ ਨਹੀਂ ਮੈਂ ਸਿਰਫ਼ ਹਮਦਰਦੀ ਕਰਕੇ ਕੇਲਿਆਂ ਦਾ ਲਿਫਾਫਾ ਲਿਆ ਕੇ ਫੜਾਇਆ ਹੈ ਜੋ ਇਨ੍ਹਾਂ ਦਾ ਰਿਸ਼ਤੇਦਾਰ ਦੇ ਗਿਆ ਸੀ। ਉਸ ਤੋਂ ਬਾਅਦ ਉਸ ਲੜਕੀ ਨੇ ਸਾਰੀ ਘਟਨਾ ਅਪਣੇ ਘਰਦਿਆਂ ਨੂੰ ਦੱਸੀ ਜੋ ਸਵੇਰੇ ਪਿੰਡ ਦੀ ਪੰਚਾਇਤ ਲੈ ਕੇ ਹਸਪਤਾਲ ਪਹੁੰਚੇ ਕਿ ਕਿਤੇ ਬੇਕਸੂਰ ਲੜਕੀ ਨੂੰ ਖਾਹਮਖਾਹ ਨਾ ਚਿੱਟੇ ਦੇ ਕੇਸ ਵਿੱਚ ਫਸਾ
 ਦੇਣ। ਪਰ ਅਗਲੇ ਦਿਨ ਚਿੱਟਾ ਮੰਗਵਾਉਣ ਵਾਲੇ ਦੇ ਘਰਦਿਆਂ ਨੇ ਹਸਪਤਾਲ ਦੇ ਸਟਾਫ ਨੂੰ ਦੱਸਿਆ ਕਿ ਇਸ ਲੜਕੀ ਦਾ ਕੋਈ ਕਸੂਰ ਨਹੀਂ ਹੈ ਇਹ ਬੇਕਸੂਰ ਹੈ ਸਾਡੇ ਬੰਦਿਆਂ ਨੇ ਇਸ ਨੂੰ ਧੋਖੇ ਵਿੱਚ ਰੱਖ ਕੇ ਇਹ ਸਾਰੀ ਚਾਲ ਚੱਲੀ ਹੈ ਤਾਂ ਜਾ ਕੇ ਉਸ ਬੇਕਸੂਰ ਲੜਕੀ ਦਾ ਖਹਿੜਾ ਛੁੱਟਿਆ। ਜਿੱਥੇ ਇਸ ਘਟਨਾ ਨੇ ਹਸਪਤਾਲ ਦੇ ਅਨੇਕਾਂ ਸਕਿਉਰਟੀ ਗਾਰਡ ਮੁਲਾਜ਼ਮਾਂ ਦੀ ਪੋਲ ਖੋਲ੍ਹੀ ਹੈ ਉਥੇ ਹੀ ਸਰਕਾਰ ਦੀ ਨਸ਼ਾ ਰੋਕੂ ਮੁਹਿੰਮ ਨੂੰ ਵੀ ਵੱਡੀ ਚੁਣੌਤੀ ਦਿੱਤੀ ਹੈ ਅਤੇ ਉਸ ਦੇ ਨਸ਼ਾ ਰੋਕਣ ਦੇ ਝੂਠੇ ਦਾਵਿਆਂ ਦੀ ਖਿੱਲੀ ਉਡਾਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਪਣੇ ਖੁਫੀਆ ਤੰਤਰ ਨੂੰ ਮਜ਼ਬੂਤ ਅਤੇ ਚੁਸਤ ਦਰੁਸਤ ਕਰੇ ਅਤੇ ਨਸ਼ੇ ਦੇ ਵਪਾਰੀਆਂ ਨੂੰ ਜਲਦੀ ਤੋਂ ਜਲਦੀ ਠੱਲ੍ਹ ਪਾਵੇ ਤਾਂ ਕਿ ਕੋਈ ਬੇਕਸੂਰ ਐਵੇਂ ਈ ਜੇਲ੍ਹ ਵਿੱਚ ਨਾ ਸੜੇ ਅਤੇ ਪੰਜਾਬ ਦੀ ਬਰਬਾਦ ਹੋ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਤਰੱਕੀ ਦੇ ਰਾਹ ਚੱਲ ਕੇ ਪਹਿਲਾਂ ਵਾਲਾ ਹਸਦਾ ਵਸਦਾ ਨਚਦਾ ਖੇਡਦਾ ਪੰਜਾਬ ਨਜ਼ਰ ਆਵੇ ਅਤੇ ਬੁੱਢੇ ਮਾਪਿਆਂ ਦਾ ਰੁਲਦਾ ਖੁਲ਼ਦਾ ਬੁਢਾਪਾ ਖੁਸ਼ਹਾਲ ਨਜ਼ਰ ਆਵੇ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ 
94174-04804
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਿਉਟ ਗੀਤ,, ਗਾਹਕ ਤੇ ਦਰਜ਼ੀ
Next articleਬਿਹਤਰ ਗਾਹਕ ਸੇਵਾ