ਸੰਪਰਕ : 98885-10185
(ਸਮਾਜ ਵੀਕਲੀ) ਜੈਪੁਰ ਦੇ ਰੇਲਵੇ ਸਟੇਸ਼ਨ ਦੇ ਕੋਲ ਇਕ ਹੋਟਲ ਵਿੱਚ ਕੁਝ ਦਿਨ ਠਹਿਰਨ ਪਿੱਛੋਂ ਅਗਲੇ ਦਿਨ ਅਸੀਂ ਵਾਪਸ ਮੁੜਨਾ ਸੀ। ਉਥੇ ਅਸੀਂ ਸੈਰ ਸਪਾਟੇ ਲਈ ਨਹੀਂ, ਸਗੋਂ ਉਥੋਂ ਦੇ ਇਕ ਪ੍ਰਸਿੱਧ ਨਿੱਜੀ ਹਸਪਤਾਲ ਦੇ ਮੁੜ-ਵਸੇਬਾ ਕੇਂਦਰ ਵਿੱਚ ਆਪਣੇ ਇਕ ਨਿੱਜੀ ਕੰਮ ਲਈ ਗਏ ਸਾਂ। ਇਕ ਕੰਪਨੀ ਵਿੱਚ ਸਹਾਇਕ ਮੈਨੇਜਰ ਲੱਗੇ ਮੇਰੇ ਬੇਟੇ ਨਵ ਪੁਨੀਤ ਸਿੰਘ ਨੇ ਘੱਟ ਤੋਂ ਘੱਟ ਛੁੱਟੀਆਂ ਲੈ ਕੇ ਜੈਪੁਰ ਤੋਂ ਵਾਪਸ ਆ ਜਾਣ ਦੇ ਇਰਾਦੇ ਨਾਲ ਚੰਡੀਗੜ੍ਹ ਤੋਂ ਜੈਪੁਰ (ਬਰਾਸਤਾ ਦਿੱਲੀ) ਜਾਣ-ਆਉਣ ਲਈ ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ ਸਨ। ਦੋ ਤਿੰਨ ਦਿਨ ਮੁੜ-ਵਸੇਬਾ ਕੇਂਦਰ ਵਿੱਚ ਸਵੇਰੇ, ਦੁਪਹਿਰੇ, ਸ਼ਾਮ ਕਈ ਚੱਕਰ ਲਗਾਉਣ ਤੇ ਖੱਜਲ-ਖੁਆਰ ਹੋਣ ਪਿੱਛੋਂ 09 ਅਪਰੈਲ 2016 ਨੂੰ ਸਾਡਾ ਵਾਪਸ ਆਉਣ ਦਾ ਦਿਨ ਸੀ। ਟੈਕਸੀ ਦੀਆਂ ਔਨ ਲਾਈਨ ਸੇਵਾਵਾਂ ਦਾ ਲਾਭ ਲੈਂਦਿਆਂ ਮੇਰੇ ਬੇਟੇ ਨੇ ਕੈਬ ਵਾਲੇ ਨੂੰ ਜੋ ਟਾਈਮ ਦਿੱਤਾ ਸੀ, ਉਸ ਤੋਂ ਪੰਜ ਮਿੰਟ ਪਹਿਲਾਂ ਹੀ ਉਹ ਹੋਟਲ ਦੇ ਗੇਟ ‘ਤੇ ਪਹੁੰਚ ਗਿਆ ਸੀ। ਗੱਡੀ ਵਿੱਚ ਸਮਾਨ ਟਿਕਾ ਕੇ 04:00 ਵਜੇ ਸਵੇਰੇ ਅਸੀਂ ਹੋਟਲ ਤੋਂ ਚੱਲ ਪਏ ਸਾਂ। ਟਿਕਿਆ ਹੋਇਆ ਸਵੇਰ ਦਾ ਸਮਾਂ ਸੀ। ਸੜਕਾਂ ਵਾਸਤੇ ਵਾਹਨਾਂ ਦੇ ਭਾਰ ਤੋਂ ਕੁਝ ਰਾਹਤ ਲੈਣ ਦਾ ਸਮਾਂ ਸੀ ਇਹ ! ਚੌਫੇਰੇ ਸ਼ਾਂਤੀ ਪਸਰੀ ਹੋਈ ਸੀ। ਕੈਬ ਡਰਾਈਵਰ ਨੇ ਗੀਤ ਲਗਾ ਲਿਆ :
ਬਾਬਾ, ਮੈਂ ਤੇਰੀ ਪਤੰਗ, ਹਵਾ ਵਿੱਚ ਉਡਦੀ ਜਾਵਾਂਗੀ
ਬਾਬਾ, ਡੋਰ ਹੱਥੋਂ ਛੱਡੀਂ ਨਾ, ਮੈਂ ਕੱਟੀ ਜਾਵਾਂਗੀ…।
ਗੀਤ ਦੇ ਬੋਲਾਂ ਨਾਲ ਇਕ ਸੁਰ ਹੋਇਆ ਡਰਾਈਵਰ ਬਹੁਤ ਆਰਾਮ ਤੇ ਸਹਿਜ ਨਾਲ ਗੱਡੀ ਚਲਾ ਰਿਹਾ ਸੀ। ਕੋਈ ਕਾਹਲੀ ਨਹੀਂ ਸੀ ਕਰ ਰਿਹਾ ਉਹ ! ਗੀਤ ਸੁਣਦਿਆਂ ਉਹ ਅਜੀਬ ਜਿਹੀ ਮਸਤੀ ਵਿੱਚ ਝੂਮ ਰਿਹਾ ਸੀ। ਮੈਨੂੰ ਵੀ ਗੀਤ ਦੇ ਬੋਲ, ਉਸਦੀ ਕੰਪੋਜ਼ੀਸ਼ਨ, ਗਾਇਕ ਦੀ ਗਾਇਨ ਕਲਾ, ਉਸਦੀ ਆਵਾਜ਼, ਗੀਤ ਤੇ ਸੰਗੀਤ ਦਾ ਸੁਮੇਲ ਤੇ ਗੀਤ ਦਾ ਸਮੁੱਚਾ ਵਾਤਾਵਰਨ ਚੰਗਾ ਲੱਗ ਰਿਹਾ ਸੀ। ਇਸ ਗੀਤ ਪਿੱਛੋਂ ਇਕ ਹੋਰ ਗੀਤ ਸ਼ੁਰੂ ਹੋ ਗਿਆ:
ਦਿਲ ਹੈ ਛੋਟਾ ਸਾ, ਛੋਟੀ ਸੀ ਆਸ਼ਾ
ਆਸਮਾਨੋਂਂ ਮੇਂ ਉਡਨੇ ਕੀ ਆਸ਼ਾ
ਮਸਤੀ ਭਰੇ ਮਨ ਕੀ, ਭੋਲੀ ਸੀ ਆਸ਼ਾ
ਛੋਟੀ ਸੀ ਆਸ਼ਾ…
ਇਸ ਗੀਤ ਨੂੰ ਸੁਣਦਿਆਂ ਵੀ ਡਰਾਈਵਰ ਮਸਤੀ ਵਿੱਚ ਖੀਵਾ ਹੁੰਦਾ ਜਾ ਰਿਹਾ ਸੀ। ਵਾਰੀ ਵਾਰੀ ਦੋਵੇਂ ਗੀਤ ਉਸਨੇ ਦੋ-ਦੋ, ਤਿੰਨ-ਤਿੰਨ ਵਾਰ ਸੁਣੇ। ਮੈਂ ਵੀ ਗੀਤਾਂ ਨੂੰ ਮਾਣਿਆਂ। ਅੰਤਰਰਾਸ਼ਟਰੀ ਹਵਾਈ ਅੱਡੇ, ਜੈਪੁਰ ਤੱਕ ਦਾ 25 ਕੁ ਮਿੰਟ ਦਾ ਥੋੜ੍ਹਾ ਜਿਹਾ ਇਹ ਸਫ਼ਰ ਮੇਰੇ ਲਈ ਸੁਖਾਵਾਂ ਅਨੁਭਵ ਗ੍ਰਹਿਣ ਕਰਨ ਯੋਗ ਹੋ ਨਿਬੜਿਆ ਸੀ। ਅਸੀਂ ਆਪਣਾ ਸਮਾਨ ਚੁੱਕਿਆ ਤੇ ਖੁਸ਼-ਮਿਜਾਜ਼ ਡਰਾਈਵਰ ਨੂੰ ਦੁਆ-ਸਲਾਮ ਕਰ ਕੇ ਅੰਦਰ ਵੱਲ ਵਧਣ ਲੱਗੇ। ਚੈੱਕ-ਇਨ ਪਿੱਛੋਂ ਅਸੀਂ ਲਾਂਜ ਵਿੱਚ ਜਾ ਬੈਠੇ। ਸਾਹਮਣੇ ਸਕਰੀਨ ‘ਤੇ ਹੋਰ ਸੂਚਨਾਵਾਂ ਦੇ ਨਾਲ ਨਾਲ ਜੈਪੁਰ-ਦਿੱਲੀ ਜਹਾਜ਼ ਦੇ ਠੀਕ ਸਮੇਂ ਸਿਰ ਰਵਾਨਾ ਹੋਣ ਦੀ ਸੂਚਨਾ ਵੀ ਨਸ਼ਰ ਹੋ ਰਹੀ ਸੀ। ਕੈਬ ਵਿੱਚ ਸੁਣੇ ਗੀਤਾਂ ਨੂੰ ਮੈਂ ਮੁੜ ਚਿਤਵਨ ਲੱਗ ਪੈਂਦਾ ਹਾਂ। ਕੈਬ ਦੇ ਡਰਾਈਵਰ ਦਾ ਚਿਹਰਾ ਮੇਰੀਆਂ ਅੱਖਾਂ ਸਾਹਵੇਂ ਸਹਿਜੇ ਹੀ ਆ ਜਾਂਦਾ ਰਿਹਾ। ਮੇਰੇ ਮਨ ਵਿੱਚ ਇਹ ਵਿਚਾਰ ਮੁੜ ਮੁੜ ਆ ਰਿਹਾ ਸੀ ਕਿ ਗੀਤਾਂ ਦੇ ਸ਼ੁਕੀਨ ਤੇ ਕਦਰਦਾਨ ਕੈਬ ਡਰਾਈਵਰ ਨੇ ਜਿਵੇਂ ਦੋਹਾਂ ਗੀਤਾਂ ਵਿਚਲੀ ਰਲਦੀ-ਮਿਲਦੀ ਰਗ ਨੂੰ ਪਛਾਣ ਲਿਆ ਹੋਵੇ। ਦੋਹਾਂ ਗੀਤਾਂ ਦੇ ਬੋਲਾਂ ਵਿੱਚ ਉਡਣ ਦੀ ਇੱਛਾ ਹੈ, ਉਡਣ ਦੀ ਸਾਂਝ ਹੈ, ਦੁਰੇਡੀਆਂ ਮੰਜ਼ਿਲਾਂ ਤੱਕ ਨਜ਼ਰ ਟਿਕੇ ਹੋਣ ਦੀ ਤਾਂਘ ਹੈ ਤੇ ਹੋਰ ਵੀ ਕਿੰਨ੍ਹਾਂ ਕੁਝ ਹੈ ਸਾਂਝਾ ਹੈ ਉਨ੍ਹਾਂ ਵਿੱਚ ! ਇਕ ਗੀਤ ਦਾ ਪ੍ਰਕਾਰਜ ਦੁਨਿਆਵੀ ਹੈ, ਦੂਜੇ ਦਾ ਅਧਿਆਤਮ ਦੇ ਖੇਤਰ ਨਾਲ ਜਾ ਜੁੜਦਾ ਹੈ।
ਲਾਂਜ ਵਿੱਚ ਥੋੜ੍ਹੀ ਦੂਰੀ ‘ਤੇ ਕਿਸੇ ਸਕੂਲ ਦੀ ਵਰਦੀ ਪਹਿਨੀਂ ਬੱਚੇ ਸਜੇ ਬੈਠੇ ਸਨ। ਬਹੁਤ ਪਿਆਰੇ ਲੱਗ ਰਹੇ ਸਨ ਉਹ ਬੱਚੇ ! 05:20 ਵਜੇ ਸਵੇਰੇ ਅਸੀਂ ਜਹਾਜ਼ ਵਿੱਚ ਸਵਾਰ ਹੋ ਗਏ। ਸਕੂਲ ਦੀ ਵਰਦੀ ਪਹਿਨੀਂ ਜ਼ਾਬਤਾ ਪਸੰਦ ਬੱਚੇ ਵੀ ਉਸੇ ਜਹਾਜ਼ ਵਿੱਚ ਸਵਾਰ ਹੋ ਰਹੇ ਸਨ। ਉਨ੍ਹਾਂ ਨੂੰ ਵੇਖ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ। 05:50 ਵਜੇ ਜਹਾਜ਼ ਨੇ ਜੈਪੁਰ ਤੋਂ ਉਡਾਣ ਭਰੀ ਤੇ 06:40 ਵਜੇ ਜਹਾਜ਼ ਦਿੱਲੀ ਜਾ ਉਤਰਿਆ। ਇਥੇ ਫਿਰ ਸਾਢੇ ਤਿੰਨ ਘੰਟੇ ਦੇ ਕਰੀਬ ਲਾਂਜ ਵਿੱਚ ਉਡੀਕ ਕਰਨੀ ਪਈ। 10:10 ਵਜੇ ( ਸਵੇਰੇ)ਅਸੀਂ ਜਹਾਜ਼ ਵਿੱਚ ਸਵਾਰ ਹੋਏ ਤਾਂ ਸਕੂਲ ਦੇ ਉਹੀ ਬੱਚੇ ਉਸ ਉਡਾਣ ਵਿੱਚ ਵੀ ਬੈਠ ਰਹੇ ਸਨ। ਦਿੱਲੀ ਤੋਂ 10:30 ਵਜੇ ਉਡ ਕੇ ਜਹਾਜ਼ 11:15 ਵਜੇ ਚੰਡੀਗੜ੍ਹ ਆ ਉਤਰਿਆ। ਅਸੀਮ ਸੰਭਾਵਨਾਵਾਂ ਨਾਲ ਭਰਪੂਰ ਉਨ੍ਹਾਂ ਬੱਚਿਆਂ ਦੀਆਂ ਅਦਾਵਾਂ ਇਧਰੋਂ-ਉਧਰੋਂ ਗੁਜ਼ਰਨ ਵਾਲੇ ਯਾਤਰੂਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ। ਸਮਾਨ ਦੀ ਉਡੀਕ ਕਰਦਿਆਂ ਤੇ ਬਾਹਰ ਵੱਲ ਆਉਂਦਿਆਂ ਮੈਨੂੰ ਬੱਚਿਆਂ ਦੇ ਇਸ ਟਰਿੱਪ ਦੇ ਇੰਚਾਰਜ ਨਾਲ ਸੰਖੇਪ ਜਿਹੀ ਗੱਲ-ਬਾਤ ਕਰਨ ਦਾ ਮੌਕਾ ਮਿਲ ਗਿਆ। ਮੇਰੇ ਇਹ ਪੁੱਛਣ ‘ਤੇ ਕਿ ਕਿਸ ਸਕੂਲ ਤੋਂ ਹਨ ਇਹ ਬੱਚੇ ? ਉਨ੍ਹਾਂ ਸੰਖੇਪ ਵਿੱਚ ਦੱਸਿਆ-“ਇਹ ਆਕਲੈਂਡ ਹਾਊਸ ਸਕੂਲ (AHS) ਸ਼ਿਮਲਾ ਦੇ ਬੱਚੇ ਹਨ। ਇਹ ਬੱਚੇ ਜੈਪੁਰ ਅਤੇ ਰਾਜਸਥਾਨ ਦੇ ਕੁਝ ਹੋਰ ਕੁਝ ਹੋਰ ਪ੍ਰਮੁੱਖ ਸ਼ਹਿਰਾਂ/ਥਾਵਾਂ ‘ਤੇ ਘੁੰਮ ਕੇ ਆਏ ਹਨ। ਇਨ੍ਹਾਂ ਨੇ ਆਪਣੇ ਇਸ ਵਿਦਿਅਕ ਟੂਰ ਨੂੰ ਬੇਹੱਦ ਮਾਣਿਆ ਹੈ। ਹੁਣ ਇਨ੍ਹਾਂ ਬੱਚਿਆਂ ਨੂੰ ਅਸੀਂ ਚੰਡੀਗੜ੍ਹ ਅਤੇ ਆਸ ਪਾਸ ਦੀਆਂ ਪ੍ਰਮੁੱਖ ਤੇ ਪ੍ਰਸਿੱਧ ਥਾਵਾਂ ਵਿਖਾਵਾਂਗੇ…।” ਮੈਂ ਟੀਚਰ ਇੰਚਾਰਜ ਦੀਆਂ ਗੱਲਾਂ ਵੀ ਸੁਣ ਰਿਹਾ ਸਾਂ ਤੇ ਉਨ੍ਹਾਂ ਬੱਚਿਆਂ ਦੀ ਤਾਂਘ ਤੇ ਜਗਿਆਸਾ ‘ਤੇ ਖੁਸ਼ੀ ਵੀ ਮਹਿਸੂਸ ਕਰ ਰਿਹਾ ਸਾਂ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਨ੍ਹਾਂ ਬੱਚਿਆਂਂ ਦੀਆਂ ਅੱਖਾਂ ਵਿੱਚ ਸਮੋਏ ਸੁਪਨਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ? ਤਾਂ ਉਨ੍ਹਾਂ ਦਾ ਜੁਆਬ ਸੀ-” ਇਨ੍ਹਾਂ ਬੱਚਿਆਂ ਵਿੱਚੋਂ ਕੁਝ ਨੇ ਸਿਵਲ/ਪੁਲਿਸ ਪ੍ਰਸ਼ਾਸਨਿਕ ਸੇਵਾਵਾਂ ਵੱਲ ਜਾਣ ਦੇ ਟੀਚੇ ਮਿਥੇ ਹਨ, ਕੁਝ ਨੇ ਐੱਨ.ਡੀ.ਏ.,ਆਈ.ਆਈ.ਟੀ.,ਆਈ.ਆਈ.ਐੱਮ.
ਆਪਣੇ ਘਰ ਹੁਸ਼ਿਆਰਪੁਰ ਜਾਣ ਲਈ ਮੈਂ ਆਪਣੀ ਗੱਡੀ ਵਿੱਚ ਬੈਠਣ ਸਾਰ ਟੂਰ ‘ਤੇ ਆਏ ਉਨ੍ਹਾਂ ਬੱਚਿਆਂ ਬਾਰੇ ਸੋਚਣ ਲੱਗ ਗਿਆ ਹਾਂ। ਬੇਹੱਦ ਉਤਸ਼ਾਹਿਤ ਨਜ਼ਰ ਆਉਂਦੇ ਉਹ ਬੱਚੇ ਆਪਣੇ ਇਸ ਆਨੰਦਦਾਇਕ ਟੂਰ ਦੀਆਂ ਹੁਸੀਨ ਯਾਦਾਂ ਨੂੰ ਆਪਣੇ ਮਨ-ਮਸਤਕ ਵਿੱਚ ਵਸਾ ਕੇ ਲਿਆਏ ਹੋਣਗੇ। ਉਹ ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਖਾਸ ਦਿਨ ਬਣ ਕੇ ਪ੍ਰਗਟ ਹੋਏ ਹੋਣਗੇ। ਇਨ੍ਹਾਂ ਬੱਚਿਆਂ ਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਟੀਚੇ ਮਿਥੇ ਹੋਣਗੇ। ਉਚੇਰੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਆਪਣਾ ਮਨ ਬਣਾਈ ਬੈਠੇ ਇਨ੍ਹਾਂ ਬੱਚਿਆਂ ਨੇ ਨਿਸਚੇ ਹੀ ਵੱਡੀਆਂ ਪ੍ਰਾਪਤੀਆਂ ਕਰ ਲੈਣੀਆਂ ਹਨ। ਬੱਚਿਆਂ ਦੇ ਸਾਧਨ-ਸੰਪੰਨ ਮਾਪਿਆਂ ਨੇ ਉਨ੍ਹਾਂ ਨੂੰ ਇਸ ਟੂਰ ‘ਤੇ ਜਾਣ ਦਾ ਅਵਸਰ ਪ੍ਰਦਾਨ ਕੀਤਾ ਹੈ ਤੇ ਇਸ ਰੁਤਬੇ ਤੱਕ ਪਹੁੰਚਣ ਦੇ ਸਮਰੱਥ ਬਣਾਇਆ ਹੈ।
ਮੈਂ ਸੋਚ ਰਿਹਾ ਹਾਂ ਕਿ ਸਰਕਾਰੀ ਹਾਈ ਸਕੂਲ ਛੱਜਲਵੱਡੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪ੍ਰਾਇਮਰੀ ਕਲਾਸਾਂ ਵਿੱਚ ਟਾਟ ‘ਤੇ ਬੈਠ ਕੇ ਤੇ ਫਿਰ ਛੇਵੀਂ ਤੋਂ ਦਸਵੀਂ ਜਮਾਤ ਤੱਕ ਬੈਂਚਾਂ ‘ਤੇ ਬੈਠ ਕੇ ਪੜ੍ਹਾਈ ਕਰਦਿਆਂ ਮੈਂ ਵੀ ਕਦੇ ਕੁਝ ਬਣਨ ਦੇ ਸੁਪਨੇ ਵੇਖਦਾ ਹੁੰਦਾ ਸਾਂ। ਮੇਰੇ ਜਾਂ ਮੇਰੇ ਮਾਪਿਆਂ ਕੋਲ ਨਾ ਤਾਂ ਕੋਈ ਸਾਧਨ ਸਨ ਤੇ ਨਾ ਹੀ ਕੋਈ ਸਹੂਲਤ ਪ੍ਰਾਪਤ ਸੀ। ਮੇਰੇ ਅਧਿਆਪਕ ਪਿਤਾ ਨੇ ਮੈਨੂੰ ਮਿਹਨਤ ਕਰਨ ਦਾ ਮੰਤਰ ਸਿਖਾਇਆ ਸੀ ਜਿਸ ‘ਤੇ ਅਮਲ ਜਾਰੀ ਰੱਖਦਿਆਂ ਮੈਂ ਪੜ੍ਹਾਈ ਕੀਤੀ। ਐਸੋਸੀਏਟ ਪ੍ਰੋਫੈਸਰ ਬਣਿਆ। ਫਿਰ ਕਾਲਜ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਵੀ ਨਿਭਾਈ। ਬਹੁਤ ਵੱਡੇ ਸੁਪਨੇ ਹੈ ਹੀ ਨਹੀਂ ਸਨ। ਕਿਸੇ ਹੱਦ ਤੱਕ ਮੈਂ ਆਪਣੇ ਕੁਝ ਸੁਪਨੇ ਪੂਰੇ ਕਰਨ ਵਿੱਚ ਕਾਮਯਾਬ ਹੋ ਹੀ ਗਿਆ।…ਪਰ ਇਨ੍ਹਾਂ ਬੱਚਿਆਂ ਦੇ ਰਾਹ ਬੜੇ ਪੱਧਰੇ, ਸੁਖਾਵੇਂ ਤੇ ਆਸ਼ਾਵਾਂ ਨਾਲ ਭਰਪੂਰ ਹਨ। ਲੋੜ ਹੈ, ਤਾਂ ਮਿਹਨਤ ਦੀ, ਲਖ਼ਸ਼ ਵੱਲ ਵਧਣ ਦੀ ਅਤੇ ਮੌਕਿਆਂ ਦਾ ਫਾਇਦਾ ਉਠਾਉਣ ਦੀ !
ਸਵੇਰੇ ਸੁਣਿਆ ਗੀਤ ‘ ਆਸਮਾਨੋਂ ਮੇਂ ਉਡਨੇ ਕੀ ਆਸ਼ਾ…’ ਫਿਰ ਯਾਦ ਆ ਰਿਹਾ ਹੈ। ਮਨ ਦੀ ਉਡਾਣ, ਸੁਪਨਿਆਂ ਦੀ ਉਡਾਣ, ਖਿਆਲਾਂ ਦੀ ਉਡਾਣ, ਧਰਤੀ ‘ਤੇ ਤੁਰਦਿਆਂ ਦੀ ਉਡਾਣ, ਹਵਾਈ ਉਡਾਣ, ਹਰੇਕ ਤਰ੍ਹਾਂ ਦੀ ਉਡਾਣ ਦਾ ਆਪਣਾ ਹੀ ਸਰੂਰ ਹੁੰਦਾ ਹੈ। ਉਨ੍ਹਾਂ ਬੱਚਿਆਂ ਨੇ ਆਪਣੀ ਜ਼ਿੰਦਗੀ ਦੇ ਅਸਮਾਨ ਵਿੱਚ ਉਚੇਰਿਆਂ ਉਡਣ ਦੀ ਆਸ਼ਾ ਪਾਲ ਰੱਖੀ ਹੈ ਤੇ ਇਸ ਅਭਿਲਾਸ਼ਾ ਨੂੰ ਅਮਲ ਵਿੱਚ ਲਿਆਉਣ ਲਈ ਉਹ ਨਿਹਚਾ ਤੇ ਇਰਾਦਾ ਵੀ ਰੱਖ ਰਹੇ ਹਨ।
ਮੈਂ ਸਮਝਦਾ ਹਾਂ ਕਿ ਜ਼ਿੰਦਗੀ ਵਿੱਚ ਉੱਚੀ ਉਡਾਣ ਭਰਨ ਦੇ ਸੁਪਨਸਾਜ਼ ਉਨ੍ਹਾਂ ਬੱਚਿਆਂ ਨੇ ਆਪਣੀ ਗੁਣਾਤਮਿਕ, ਸਰਗਰਮ ਤੇ ਬਹੁਭਾਂਤੀ ਸਮਰੱਥਾ ਤੇ ਸ਼ਮੂਲੀਅਤ ਨਾਲ ਦੁਨੀਆ ਨੂੰ ਵੰਨ-ਸੁਵੰਨੇ ਰੰਗਾਂ ਨਾਲ ਸ਼ਿੰਗਾਰਨਾ ਹੈ। ਉਨ੍ਹਾਂ ਅੰਦਰ ਪਨਪਦੇ ਸਵੈ ਵਿਸ਼ਵਾਸ ਨਾਲ ਓਤਪੋਤ ਉਨ੍ਹਾਂ ਦੀ ਸਾਬਤਕਦਮੀ ਮੈਨੂੰ ਚਿਰਾਂ ਤੱਕ ਚੰਗੀ ਲੱਗਦੀ ਰਹੀ। ਉਨ੍ਹਾਂ ਦੇ ਚਿਹਰਿਆਂ ਤੋਂ ਝਲਕਦਾ ਸਵੈ ਵਿਸ਼ਵਾਸ ਬਹੁਤ ਦੇਰ ਤੱਕ ਮੈਨੂੰ ਉਨ੍ਹਾਂ ਦੇ ਸੰਭਾਵਿਤ ਉਜਵਲ ਭਵਿੱਖ ਵੱਲ ਸੰਕੇਤ ਕਰਦਾ ਪ੍ਰਤੀਤ ਹੁੰਦਾ ਰਿਹਾ। *****



