ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਵਿਦਵਾਨ ਸਿੱਖ ਡਾ. ਪਰਮਜੀਤ ਸਿੰਘ ਮਾਨਸਾ ਨੇ ਆਪਣੇ ਪੱਧਰ ਤੇ ਸਿੱਖ ਪੰਥ ਦੀ ਸਿਰਮੋਰ ਜਥੇਬੰਦੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਵੋਟਾਂ ਬਣਾਉਣ ਲਈ ਮੁਹਿੰਮ ਚਲਾਈ ਹੋਈ ਹੈ ਤੇ ਕਪੂਰਥਲਾ ਜਿਲੇ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਸਿੱਖ ਸੰਗਤਾਂ ਨੂੰ ਵੋਟਾਂ ਬਣਾਉਣ ਲਈ ਜਿੱਥੇ ਪ੍ਰੇਰਨਾ ਕਰ ਰਹੇ ਹਨ, ਉੱਥੇ ਖੁਦ ਫਾਰਮ ਭਰਕੇ ਤੇ ਲੋੜੀਂਦੇ ਦਸਤਾਵੇਜ਼ ਤੇ ਫੋਟੋਆਂ ਫਾਰਮ ਤੇ ਲਗਾਉਣ ਲਾਈ ਸਿੱਖਾਂ ਨੂੰ ਜਾਗਰੂਕ ਕਰ ਰਹੇ ਹਨ ।
ਉਨ੍ਹਾਂ ਇਸੇ ਲੜੀ ਤਹਿਤ ਪਿੰਡ ਕਾਹਨਾ ਵਿਖੇ ਸਿੱਖ ਸੰਗਤਾਂ ਦੀਆਂ ਵੋਟਾਂ ਬਣਾਉਣ ਦੇ ਫਾਰਮ ਭਰੇ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਆਪਣੇ ਫਾਰਮ ਭਰ ਕੇ ਸਬੰਧਿਤ ਬੀ.ਐਲ. ਓ. ਕੋਲ ਜਮਾਂ ਕਰਵਾਉਣ ਦੀ ਅਪੀਲ ਕੀਤੀ । ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਆਖਰੀ ਤਾਰੀਖ 31 ਜੁਲਾਈ ਹੈ । ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਦੋ ਵਾਰ ਤਾਰੀਖ ਵਧਾਈ ਜਾ ਚੁੱਕੀ ਹੈ ਪਰ ਫਿਰ ਵੀ ਜਿਲਾ ਕਪੂਰਥਲਾ ਵਿਚ ਬਹੁਤ ਹੀ ਘੱਟ ਸਿੱਖਾਂ ਦੀਆਂ ਵੋਟਾਂ ਬਣਾਈਆਂ ਜਾ ਸਕੀਆਂ ਹਨ ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚਾਰੂ ਹੱਥਾਂ ਵਿਚ ਲਿਆਉਣ ਲਈ ਸਾਨੂੰ ਸਭ ਤੋਂ ਪਹਿਲਾਂ ਸਿੱਖਾਂ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਉਣ ਲਈ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅਗਰ ਸਿੱਖ ਹੁਣ ਵੀ ਜਾਗੇ ਤਾਂ ਫਿਰ ਪਛਤਾਵਾ ਹੀ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਪਤਾ ਨਹੀ ਕਿਉਂ ਸਿੱਖ ਭਾਈਚਾਰਾ ਇਹਨਾਂ ਵੋਟਾਂ ਨੂੰ ਬਣਾਉਣ ਲਈ ਦਿਲਚਸਪੀ ਘੱਟ ਦਿਖਾ ਰਿਹਾ ਹੈ ਤੇ ਥੋੜ੍ਹਾ ਜਿਹਾ ਸਮਾਂ ਵੀ ਕੱਢਣ ਨੂੰ ਤਿਆਰ ਨਹੀ ।
ਉਨ੍ਹਾਂ ਕਿਹਾ ਕਿ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਬਣਾ ਕੇ ਆਪਣਾ ਯੋਗਦਾਨ ਪਾਉਣ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੀ.ਐਚ.ਡੀ. ਕਰ ਚੁੱਕੇ ਸਮਾਜ ਸੇਵੀ ਡਾ. ਪਰਮਜੀਤ ਸਿੰਘ ਮਾਨਸਾ ਹੁਣ ਤੱਕ 20 ਦੇ ਕਰੀਬ ਕਿਤਾਬਾਂ ਲਿਖ ਕੇ ਸਿੱਖ ਪੰਥ ਦੀ ਝੋਲੀ ਪਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਧਾਮਾਂ ਦੇ ਪ੍ਰਬੰਧ ਵਧੀਆ ਤਰੀਕੇ ਨਾਲ ਚਲਾਉਣ ਲਈ ਹੋਂਦ ਵਿੱਚ ਆਈ ਹੈ ਅਤੇ ਇਸ ਦੀਆਂ ਜੋ ਹੁਣ ਚੋਣਾਂ ਹੋਣੀਆਂ ਹਨ, ਉਸ ਲਈ ਪਿਛਲੇ ਕਈ ਮਹੀਨਿਆਂ ਤੋਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਜਿੰਨ੍ਹਾਂ ਦੀਆਂ ਅਜੇ ਤੱਕ ਵੋਟਾਂ ਨਹੀਂ ਬਣੀਆਂ ਉਹ 31 ਜੁਲਾਈ ਤੱਕ ਵੋਟਾਂ ਬਣਾ ਲੈਣ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਾਲ ਹੀ ਦੇਸ਼ ਵਿਚ ਤੇ ਖਾਸਕਰ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਸਬੰਧੀ ਪਤਾ ਲਗਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly