ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਧਰਤੀ ਪੁੱਤ : ਡਾ. ਅਰਵਿੰਦ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜ ਕਾਲ ਦੇ ਵਿੱਚ ਇਹ ਬਹੁਤ ਹੀ ਵਧੀਆ ਪਹਿਲਾਂ ਫੈਸਲਾ ਲਿਆ ਹੈ ਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਸਦੇ ਹਾਣ ਦਾ ਉਪ ਕੁਲਪਤੀ ਦਿੱਤਾ ਹੈ। ਇਹ ਵੀ ਸੱਚ ਕਿ ਇਸ ਫੈਸਲੇ ਦੇ ਵਿੱਚ ਅਰੂਸਾ ਦਾ ਕੋਈ ਦਖਲ ਨਹੀਂ । ਨਹੀਂ ਹੁਣ ਤੱਕ ਜੋ ਵੀ ਫੈਸਲੇ ਹੋਏ ਹਨ ਉਸ ਦੀ ਸਹਿਮਤੀ ਦੇ ਨਾਲ ਹੀ ਹੁੰਦੇ ਰਹੇ ਹਨ.ਉਹ ਫੈਸਲੇ ਸਦਾ ਹੀ ਪੰਜਾਬ ਦੇ ਲਈ ਘਾਤਕ ਸਿੱਧ ਹੁੰਦੇ ਰਹੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਲੰਮੇ ਸਮੇਂ ਤੋਂ ਅਨਾਥ ਆਸ਼ਰਮ ਬਣ ਗਈ ਸੀ ਜਾਂ ਇਥੋਂ ਦੀ ਗੰਦੀ ਸਿਆਸਤ ਤੇ ਥੜੇਬੰਦੀ ਨੇ ਇਸ ਨੂੰ ਹੁਣ ਵੈਟੀਲੇਟਰ ਤੱਕ ਪੁਜਦਾ ਕਰ ਦਿੱਤਾ ਸੀ। ਘੱਟ ਕਿਸੇ ਨੇ ਵੀ ਨਹੀਂ ਕੀਤੀ ਭਾਵੇਂ ਉਹ ਖੱਬੇ ਪੱਖੀ , ਭਾਵੇਂ ਸੱਜੇ ਪੱਖੀ ਤੇ ਭਾਵੇਂ ਚੁਫੇਰਗੜੀਏ ਸਨ। ਸਭ ਕਹਾਉਦੇ ਤਾਂ ਆਪਣੇ ਆਪ ਨੂੰ ਲੋਕਾਂ ਦੇ, ਪੰਥ ਦੇ ਤੇ ਜੋਕਾਂ ਦੇ ਦਾਸ ਸਨ ਪਰ ਸਾਰੇ ਰਹਿੰਦੇ ” ਸਦਾ ਹੀ ਦਾਅ ” ਸਨ। ਇਕ ਦੂਜੇ ਨੂੰ ਠਿੱਬੀ ਲਾਉਦੇ ਲਾਉਦੇ ਕਈ ਤਾਂ ਵਤਨ ਛੱਡ ਗਏ ਤੇ ਕਈ ” ਦੇਹ ਮੁਕਤ ” ਹੋ ਗਏ। ਭਾਵੇਂ ਉਹ ਦੇਹ ਮੁਕਤ ਹੋ ਗਏ ਹਨ ਪਰ ਉਨ੍ਹਾਂ ਦੀਆਂ ਰੂਹਾਂ ਇਥੇ ਕਈਆਂ ਦੇ ਵਿੱਚ ਭਟਕ ਦੀਆਂ ਫਿਰਦੀਆਂ ਹਨ। ਅੱਲ੍ਹਾ ! ਨੇ ਉਨ੍ਹਾਂ ਨੂੰ ਮੁਕਤੀ ਦੇਣ ਲਈ ਬਹੁਤ ਹੀ ਵਧੀਆ ਇਨਸਾਨ ਨੂੰ ਇਸ ਯੂਨੀਵਰਸਿਟੀ ਦੇ ਲੜ ਲਾਇਆ ਹੈ।

ਇਸ ਗੱਲ ਦਾ ਇਤਿਹਾਸ ਗਵਾਹ ਕਿ ਪੰਜਾਬੀ ਯੂਨੀਵਰਸਿਟੀ ਨੂੰ ਜਨਮ ਸਮੇਂ ਤਾਂ ਡਾਕਟਰ ਭਾਈ ਜੋਧ ਸਿੰਘ ਮਿਲ ਗਿਆ ਸੀ ਤੇ ਉਸ ਤੋਂ ਬਾਅਦ ਇਹ ਦੁਨੀਆ ਦੀ ਦੂਜੀ ਮਾਤਭਾਸ਼ਾ ਦੇ ਨਾਮ ਤੇ ਬਣੀ ਯੂਨੀਵਰਸਿਟੀ ਨੂੰ ਸਿਆਸਤਦਾਨਾਂ ਨੇ ਸਿਆਸਤ ਦਾ ਅਖਾੜਾ ਬਣਾਇਆ ਸੀ।
ਖੈਰ ਦੇਰ ਅਇਦ ਦਰੁਸਤ ਅਇਦ ਵਾਲੀ ਗੱਲ ਹੋਈ ਹੈ। ਕਿ ਇਸ ਪੰਜਾਬੀ ਯੂਨੀਵਰਸਿਟੀ ਨੂੰ ਉਸ ਦੇ ਹਾਣ ਦਾ ਤੇ ਰੂਹ ਦਾ ਵਰ ਮਿਲਿਆ ਹੈ। ਹੁਣ ਤੱਕ ਤਨ ਤੇ ਮਨ ਦੀ ਸੱਤ ਇਕਵੰਜਾ ਵਾਲੇ ਹੀ ਇਸ ਦੇ ਖਸਮ ਬਣਦੇ ਰਹੇ। ਜੋ ਹਮੇਸ਼ਾ ਹੀ ਇਸ ਪੰਜਾਬੀ ਯੂਨੀਵਰਸਿਟੀ ਦੇ ਨਾਲ ਰਖੇਲ ਵਰਗਾ ਵਿਵਹਾਰ ਕਰਦੇ ਰਹੇ। ਨਤੀਜੇ ਤੁਹਾਡੇ ਸਾਹਮਣੇ ਹਨ ਕਿ ਹੁਣ ਇਸ ਯੂਨੀਵਰਸਿਟੀ ਦੇ ਵਿੱਚ ਰਾਤ ਨੂੰ ਹੀ ਨਹੀਂ ਦਿਨ ਵੇਲੇ ਵੀ ਉਲੂ ਬੋਲਦੇ ਸਨ। ਇਹ ਉਹ ਉਲੂ ਹਨ ਜੋ ਮੋਹ ਮਾਇਆ ਦੇ ਹੰਕਾਰੇ ਹੋਏ ” ਦੇਹਾਂ ਨੂੰ ਅਪਵਿੱਤਰ ” ਕਰਦੇ ਤੇ ਕਰਵਾਉਦੇ ਹਨ। ਕਦੇ ਕਦੇ ਤੇ ਲੱਗਦਾ ਸੀ ਕਿ ” ਕੋਈ ਘੋੜੇ ਵਾਲਾ ਫਿਰ ਗਿਆ ” ਪਰ ਜਦੋਂ ਕਦੇ ਚੰਗੀ ਖਬਰ ਆਉਣੀ ਤਾਂ ਮਨ ਨੂੰ ਸਕੂਨ ਮਿਲਣਾ।

ਡਾਕਟਰ ਅਰਵਿੰਦ ਧਰਤੀ ਦੇ ਨਾਲ ਜੁੜਿਆ ਧਰਤੀ ਪੁੱਤ ਹੈ। ਉਹ ਤੱਪੜਾਂ ਵਾਲੇ ਉਸ ਸਕੂਲ ਦਾ ਵਿਦਿਆਰਥੀ ਹੈ ਜਿਥੇ ਅਧਿਆਪਕ ਵੀ ਕਿਸੇ ਮੰਤਰੀ ਦੇ ਵਾਂਗੂ ਹੀ ਦਰਸ਼ਨ ਦੇਦਾ ਸੀ.ਪਰ ਅਰਵਿੰਦ ਆਪ ਵੀ ਪੜ੍ਹਾਈ ਕਰਦਾ ਤੇ ਨਾਲ ਦੇ ਸਾਥੀਆਂ ਨੂੰ ਵੀ ਪੜ੍ਹਨ ਦੇ ਲਈ ਪ੍ਰੇਰਦਾ ਹੀ ਨਹੀਂ ਰਿਹਾ ਸਗੋਂ ਆਪ ਪੜ੍ਹਾਉਦਾ ਵੀ ਰਿਹਾ। ਸਧਾਰਨ ਘਰ ਤੇ ਪਰਵਾਰ ਦੇ ਵਿੱਚ ਜੇ ਕੁੱਝ ਸੀ ਤਾਂ ਉਹ ਲਗਨ, ਸਬਰ, ਸੰਤੋਖ ਤੇ ਕੁੱਝ ਕਰਨ ਦੀ ਇੱਛਾ ਸੀ। ਸਧਾਰਨ ਘਰਾਂ ਦੇ ਵਿੱਚ ਏਨਾ ਕੁੱਝ ਹੋਣਾ ਹੀ ਬਹੁਤ ਅਮੀਰ ਹੋਣਾ ਮੰਨਿਆ ਜਾਂਦਾ ਸੀ। ਘਰ ਦੀਆਂ ਤੰਗੀਆਂ ਤੇ ਤੁਰਸ਼ੀਆਂ ਅਰਵਿੰਦ ਦੇ ਹਠ ਦੀਆਂ ਦਾਸੀਆਂ ਬਣ ਗਈਆਂ ਤੇ ਅਰਵਿੰਦ ਖੁਲ੍ਹੇ ਅਸਮਾਨ ਉਡਾਰੀਆਂ ਭਰਨ ਲੱਗਿਆ । ਵਿੱਦਿਆ ਦੀਆਂ ਪੰਡਾਂ ਬੰਨ ਲਈਆਂ ਤੇ ਹੁਣ ਕੁੱਝ ਕਰਨ ਦੀ ਇੱਛਾ ਸੀ। ਪਰ ਇਥੇ ਕਿਸ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ ?

ਪਰ ਇਹ ਉਹ ਪੱਥਰ ਸੀ ਜੋ ਚੋਟੀ ਦੇ ਸਿਰ ਤੋਂ ਟੁੱਟ ਕੇ ਅੌਖਿਆਂ ਰਸਤਿਆਂ ਤੇ ਰੋਕਾਂ ਦੇ ਬਾਵਜੂਦ ਉਹ ਗੋਲ ਪੱਥਰ ਬਣ ਗਿਆ । ਅਰਵਿੰਦ ਨੇ ਪਿੱਛੇ ਪਰਤ ਕੇ ਨਹੀਂ ਦੇਖਿਆ । ਆਪਣੇ ਹਿੱਸੇ ਦੀ ਜੰਗ ੂਹ ਕਦੇ ਕਲਮ ਦੇ ਨਾਲ ਤੇ ਕਦੇ ਪ੍ਰਵਚਨਾਂ ਦੇ ਨਾਲ ਲੜਦਾ ਰਿਹਾ। ਸਾਹਿਤ ਤੇ ਸਿਆਸਤ ਤੋਂ ਕੋਹਾਂ ਦੂਰ ਰਿਹਾ। ਇਸੇ ਕਰਕੇ ਉਹ ਨਿਰਮਲ ਤੇ ਨਿਰਛਲ ਹੈ। ਮੋਹ ਪਿਆਰ ਤੇ ਸਾਦਗੀ ਦਾ ਸੁਮੇਲ ਉਹ ਕਦੇ ਕੋਈ ਫੱਕਰ ਲੱਗਦਾ ਹੈ ਤੇ ਕਦੇ ਕੋਈ ਦਾਰਸ਼ਨਿਕ । ਉਸਨੂੰ ਆਪਣਾ ਨਹੀਂ ਇਸ ਧਰਤੀ ਦਾ ਫਿਕਰ ਹੈ ਜਿਸ ਨੂੰ ਚਾਰੇ ਪਾਸੇ ਤੋਂ ਭੁੱਖੀਆਂ ਗਿਰਝਾਂ ਨੇ ਘੇਰਿਆ ਹੋਇਆ ਹੈ।

ਇਹਨਾਂ ਗਿਰਝਾਂ ਸਿਆਸਤ ਦੀ ਕਠਪੁਤਲੀਆਂ ਬਣ ਕੇ ਤਾਂਡਵ ਨਾਚ ਕਰਦੀਆਂ ਹਨ। ਇਹੋ ਹੀ ਕਾਰਨ ਹੈ ਕਿ ਇਹਨਾਂ ਕੱਠਪੁਤਲੀਆਂ ਦੇ ਕਾਰਨ ਹੀ ਵਿੱਦਿਆ ਦਾ ਮੰਦਰ ਵੇਸ਼ਵਾ ਦਾ ਕੋਠਾ ਬਣਾ ਦਿੱਤਾ ਸੀ। ਸਦਾ ਹੀ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਡਾਕਟਰ ਅਰਵਿੰਦ ਜੀ ਦਾ ਉਪ ਕੁਲਪਤੀ ਬਣ ਆਉਣਾ..ਪਾਣੀ ਵਾਰ ਕੇ ਪੀਣ ਜਿੰਨ੍ਹਾਂ ਚਾਅ ਹੈ। ਜਿਵੇਂ ਪੁੱਤ ਦੇ ਵਿਆਹ ਦਾ ਮਾਂ ਨੂੰ ਚਾਅ ਹੁੰਦਾ ਹੈ ਬਸ ਅੱਜ ਪੰਜਾਬੀ ਮਾਤ ਭਾਸ਼ਾ ਨੂੰ ਵੀ ਓਨਾ ਹੀ ਹੋਇਆ ਹੈ।

ਡਾਕਟਰ ਅਰਵਿੰਦ ਜੀ ਦੇ ਸਾਹਮਣੇ ਚੁਣੌਤੀਆਂ ਦਾ ਹਿਮਾਲਾ ਹੈ ਪਰ ਉਹਨਾਂ ਦੀ ਫਰਿਆਦ ਵਰਗੀ ਲਗਨ ਤੇ ਸੋਹਣੀ ਵਾਂਗ ਕੱਚੇ ਘੜੇ ਤੇ ਸ਼ੂਕਦੇ ਦਰਿਆ ਵਿੱਚ ਤਰਨ ਤੇ ਪਾਰ ਨਿਕਲ ਦੀ ਸ਼ਕਤੀ ਹੈ। ਇਹ ਉਹ ਸ਼ਕਤੀ ਜਿਹੜੀ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ੧੬੯੯ ਨੂੰ ਖਾਲਸਾ ਪੰਥ ਥਾਪ ਕੇ ਭਰੀ ਸੀ। ਉਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ, ਵਰਗੀ ਸੋਚ ਦੇ ਮਾਲਕ ਡਾਕਟਰ ਅਰਵਿੰਦ ਲਈ ਸਮਾਂ ਉਨ੍ਹਾਂ ਦੀ ਦਾਸੀ ਬਣੇਗਾ!

ਡਾਕਟਰ ਅਰਵਿੰਦ ਨੂੰ ਬਹੁਤ ਵੱਡੇ ਫਿਕਰ ਹਨ ਉਨ੍ਹਾਂ ਫਿਕਰਾਂ ਨੂੰ ਦੂਰ ਕਰਨ ਲਈ ਉਹਨਾਂ ਨੂੰ ਇਸ ਮਰਨ ਕਿਨਾਰੇ ਪਈ ਯੂਨੀਵਰਸਿਟੀ ਨੂੰ ਉਸਦੇ ਇਲਾਜ ਤੇ ਮਿਜ਼ਾਜ ਪੁਰਸ਼ੀ ਲਈ ਭੇਜਿਆ ਹੈ। ਧੰਨ ਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਸ ਨੂੰ ਧਰਤੀ ਪੁੱਤ ਮਿਲਿਆ ਹੈ। ਇਸ ਧਰਤੀ ਪੁੱਤ ਦਾ ਸਾਥ ਦੇਣਾ ਹੁਣ ਉਹਨਾਂ ਦਾ ਫਰਜ਼ ਹੈ ਜੋ ਹੁਣ ਤੱਕ ਸਾਹਿਤ ਤੇ ਸਮਾਜਿਕ ਸਿਆਸਤ ਕਰਦੇ ਰਹੇ ਹਨ ਤੇ ਤਨਖਾਹ ਕੁੱਟਦੇ ਰਹੇ। ਹੁਣ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਬਚਾਉਣ ਦੇ ਲਈ ਸਾਥ ਦੇਣਾ ਪਵੇਗਾ।

ਹੁਣ ਜਿੱਤ ਲਾਜ਼ਮੀ ਹੈ ਹੁਣ ਯੂਨੀਵਰਸਿਟੀ ਨੂੰ ਕਮਾਂਡ ਕਰਨ ਵਾਲ ਜ਼ਿੰਦਗੀ ਦਾ ਸਿਕੰਦਰ ਮਿਲਿਆ ਹੈ। ਹੁਣ ਦਿੱਲੀ ਦੂਰ ਬਹੁਤੀ ਦੂਰ ਨਹੀਂ ! ਡਾਕਟਰ ਅਰਵਿੰਦ ਦਾ ਇਸ ਯੂਨੀਵਰਸਿਟੀ ਪਟਿਆਲਾ ਆਉਣਾ ਇਸ ਦੇ ਧੰਨਭਾਗ ਹਨ। ਆਓ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ!

ਬੁੱਧ ਸਿੰਘ ਨੀਲੋਂ
9464370823
budhsinghneelon@gamil.com

Previous articleJongwe rattles Pakistan as Zimbabwe win
Next articleNeed to make minor adjustments before Olympics: Vinesh