ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਬਤੌਰ ਖੋਜ ਅਫ਼ਸਰ ਸੇਵਾ ਨਿਭਾਅ ਰਹੇ ਡਾ. ਜਸਵੰਤ ਰਾਏ ਦਾ ਤਾਮਿਲਨਾਡੂ ਦੇ ਜ਼ਿਲ੍ਹਾ ਤਿਰੁਚੀਰਪੱਲੀ ਵਿਖੇ ਫੈੱਡਰੇਸ਼ਨ ਆਫ ਰੈਸ਼ਨਲਿਸਟ ਐਸੋਸੀਏਸ਼ਨ ਅਤੇ ਡੀ.ਕੇ ਵੱਲੋਂ ਉਲੀਕੇ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਹ ਸਨਮਾਨ ਮਹਾਨ ਸਮਾਜਿਕ ਅਤੇ ਤਰਕਸ਼ੀਲ ਆਗੂ ਈ.ਵੀ ਰਾਮਾਸਾਮੀ ਪੇਰੀਆਰ ਦੇ ਜੀਵਨ ਅਤੇ ਲਿਖਤਾਂ ’ਤੇ ਅਧਾਰਿਤ ਪੁਸਤਕ ‘ਕਲੈਕਟਿਡ ਵਰਕਸ ਆਫ ਪੇਰੀਆਰ’ਜਿਸਨੂੰ ਅੰਨਾਮਲੱਈ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਅਤੇ ਡੀ.ਕੇ ਦੇ ਪ੍ਰਧਾਨ ਡਾ. ਕੇ ਵੀਰਾਂਮਨੀ ਨੇ ਅੰਗਰੇਜ਼ੀ ਵਿੱਚ ਸੰਪਾਦਿਤ ਕੀਤਾ ਸੀ ਦੇ ਡਾ. ਜਸਵੰਤ ਰਾਏ ਵੱਲੋਂ ਪੰਜਾਬੀ ਅਨੁਵਾਦ ਲਈ ਦਿੱਤਾ ਗਿਆ। ਡਾ. ਜਸਵੰਤ ਰਾਏ ਵੱਲੋਂ ਅਨੁਵਾਦਿਤ ਪੁਸਤਕ ਦਾ ਨਾਂ ‘ਪੇਰੀਆਰ ਰਚਨਾਵਲੀ:ਨਵੇਂ ਯੁਗ ਦਾ ਸੁਕਰਾਤ’ਹੈ ਜਿਸਨੂੰ ਕਿ ਪ੍ਰਸਿੱਧ ਪ੍ਰਕਾਸ਼ਕ ਆੱਟਮ ਆਰਟ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ।ਪੇਰੀਆਰ ਆਪਣੇ ਸਮੇਂ ਦਾ ਪ੍ਰਸਿੱਧ ਸਮਾਜਿਕ ਕਾਰਕੁੰਨ ਸੀ ਜਿਸਨੇ ਹਾਸ਼ੀਆਗਤ ਲੋਕਾਂ ਦੇ ਹੱਕਾਂ ਲਈ ਲੰਬੀ ਲੜਾਈ ਲੜੀ। ਔਰਤਾਂ ਦੀ ਸਿੱਖਿਆ, ਸਮਾਜਿਕ ਸਮਾਨਤਾ, ਤਰਕਸ਼ੀਲਤਾ, ਸਾਇੰਸ, ਮਾਤ ਭਾਸ਼ਾ ਵਿੱਚ ਸਿੱਖਿਆ ਜਿਹੇ ਅਨੇਕਾਂ ਵਿਸ਼ਿਆਂ ’ਤੇ ਕੰਮ ਕਰਨ ਵਾਲੇ ਪੇਰੀਆਰ ਨੇ ਆਪਣੀ ਸਾਰੀ ਜ਼ਿੰਦਗੀ ‘ਸੈਲਫ ਰਿਸਪੈਕਟ ਮੂਵਮੈਂਟ’ਦੇ ਨਾਂ ਲਾ ਦਿੱਤੀ। ਕਰੋੜਾਂ ਰੁਪਏ ਦੀ ਸੰਪੱਤੀ ਦੇ ਮਾਲਕ ਪੇਰੀਆਰ ਨੇ ਸਾਰੀ ਪ੍ਰਾਪਰਟੀ ਸਮਤਾ ਸਮਾਨਤਾ ਅੰਦੋਲਨ ਦੇ ਨਾਂ ਲਾ ਦਿੱਤੀ ਅਤੇ ਤਮਾਮ ਉਮਰ ਦੋ ਫੁਲਕੇ ਖਾ ਕੇ ਸਾਦਾ ਜ਼ਿੰਦਗੀ ਗੁਜ਼ਾਰਦੇ ਲੋਕਾਈ ਦੀ ਭਲਾਈ ਲਈ ਤੱਤਪਰ ਰਹੇ। ਡਾ. ਜਸਵੰਤ ਰਾਏ ਨੇ ਇਸ ਤੋਂ ਪਹਿਲਾਂ ਪੰਜਾਬੀ ਲੋਕ ਕਥਾਵਾਂ, ਗ਼ਦਰ ਲਹਿਰ, ਆਦਿ ਧਰਮ ਲਹਿਰ, ਮਦਨ ਵੀਰੇ ਦੀ ਕਵਿਤਾ ਦੇ ਕਾਵਿ ਸ਼ਾਸਤਰ, ਮਹਾਤਮਾ ਜੋਤੀਬਾ ਰਾਓ ਫੂਲੇ ਦੀਆਂ ਲਿਖਤਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਗੁਰਮੁਖੀ ਸਾਹਿਤ ਵਿੱਚ ਮਾਣਮੱਤਾ ਯੋਗਦਾਨ ਪਾਇਆ ਹੈ। ਦੱਖਣ ਭਾਰਤ ਦੀਆਂ ਆਦਿ ਲਹਿਰਾਂ ਦੀਆਂ ਲਿਖਤਾਂ ਦਾ ਪੰਜਾਬੀ ਅਨੁਵਾਦ ਕਰਨ ਬਦਲੇ ਡਾ. ਜਸਵੰਤ ਰਾਏ ਅਤੇ ਉਨ੍ਹਾਂ ਦੀ ਬੈਟਰ ਹਾਫ ਬਬੀਤਾ ਰਾਣੀ ਦਾ ਫੈੱਡਰੇਸ਼ਨ ਆਫ ਰੈਸ਼ਨਲਿਸਟ ਐਸੋਸੀਏਸ਼ਨ ਅਤੇ ਡੀ. ਕੇ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਡਾ. ਕੇ ਵੀਰਾਂਮਨੀ, ਨਰਿੰਦਰ ਨਾਇਕ ਪ੍ਰਧਾਨ ਫਿਰਾ, ਪ੍ਰਿੰਸ ਏਨਾਰਸ ਪੇਰੀਆਰ, ਵੀ. ਅੰਬੂਰਾਜ, ਵੀਰਾਂਮਨੀ ਰਾਜੂ, ਆਰ. ਤਮਿਲ ਸੇਲਵਨ, ਡਾ. ਸੁਦੇਸ਼ ਘੋਡੇਰਾਓ, ਸੁਮੀਤ ਸਿੰਘ, ਦਮਨਜੀਤ ਕੌਰ, ਆਤਮਾ ਸਿੰਘ, ਲੈਕ. ਰਜਿੰਦਰ ਕੌਰ ਅਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਵਿਦਵਾਨ, ਸਿੱਖਿਆ ਸ਼ਾਸਤਰੀ, ਬੁਧੀਜੀਵੀ, ਸਮਾਜਿਕ ਕਾਰਕੁੰਨ ਅਤੇ ਵਿਦਿਆਰਥੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj