ਸੰਗਰੂਰ, (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 25 ਫਰਵਰੀ ਦਿਨ ਐਤਵਾਰ ਨੂੰ ਸਵੇਰੇ ਸਹੀ 10:00 ਵਜੇ ਬਾਬਾ ਹਿੰਮਤ ਸਿੰਘ ਧਰਮਸ਼ਾਲਾ, ਸਾਹਮਣੇ ਬੱਸ ਅੱਡਾ, ਸੰਗਰੂਰ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉੱਘੇ ਸਰਬਾਂਗੀ ਲੇਖਕ ਡਾ. ਹਰਨੇਕ ਸਿੰਘ ਕਲੇਰ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ।



ਇਸ ਸਮਾਗਮ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਸਾਹਿਤਕਾਰ ਡਾ. ਮੀਤ ਖਟੜਾ ਕਰਨਗੇ ਅਤੇ ਸ੍ਰੀਮਤੀ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ (ਭਾਰਤ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਹੁਣ ਤੱਕ ਡਾ. ਹਰਨੇਕ ਸਿੰਘ ਕਲੇਰ ਦੇ ਤਿੰਨ ਕਾਵਿ-ਸੰਗ੍ਰਹਿ, ਇੱਕ ਕਹਾਣੀ-ਸੰਗ੍ਰਹਿ, ਇੱਕ ਮਿੰਨੀ ਕਹਾਣੀ-ਸੰਗ੍ਰਹਿ, ਅੱਠ ਖੋਜ ਪੁਸਤਕਾਂ, ਸੋਲਾਂ ਬਾਲ ਸਾਹਿਤ ਦੀਆਂ ਪੁਸਤਕਾਂ, ਛੇ ਸੰਪਾਦਿਤ ਪੁਸਤਕਾਂ, ਚਾਰ ਅਨੁਵਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀਆਂ ਦੋ ਪੁਸਤਕਾਂ ਨੈਸ਼ਨਲ ਬੁੱਕ ਟਰੱਸਟ ਵੱਲੋਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਲੰਬੇ ਸਮੇਂ ਤੱਕ ਸਾਹਿਤਕ ਪਰਚੇ ‘ਪਰਿੰਦਾ’, ‘ਪ੍ਰਾਇਮਰੀ ਸਿੱਖਿਆ’ ਅਤੇ ‘ਪੰਖੜੀਆਂ’ ਦੀ ਸੰਪਾਦਨਾ ਕਰ ਕੇ ਵੀ ਉਨ੍ਹਾਂ ਨੇ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਕਾਰਜ ਕੀਤਾ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly